ਸੌ ਦਿਨ ਬਾਅਦ ਵੀ ਬਦਹਾਲ ਨੇ ਸੂਬੇ ਦੇ ਏਟੀਐੱਮ

Updated on: Fri, 17 Feb 2017 10:02 PM (IST)
  

- ਏਟੀਐੱਮਜ਼ 'ਚ ਕੈਸ਼ ਨਾ ਆਉਣ ਕਾਰਨ ਹਾਲੇ ਵੀ ਲੋਕਾਂ ਨੂੰ ਹੋ ਰਹੀ ਹੈ ਪਰੇਸ਼ਾਨੀ

ਪੰਜਾਬੀ ਜਾਗਰਣ ਟੀਮ, ਜਲੰਧਰ : ਕੇਂਦਰ ਸਰਕਾਰ ਵੱਲੋਂ ਕਾਲੇ ਧਨ 'ਤੇ ਨਕੇਲ ਕੱਸਣ ਲਈ '1000' ਅਤੇ '500' ਦੇ ਨੋਟ ਬੰਦ ਕਰਕੇ ਲਗਪਗ ਸਾਢੇ ਤਿੰਨ ਮਹੀਨੇ ਪਹਿਲਾਂ ਲਾਗੂ ਕੀਤੀ ਗਈ 'ਨੋਟਬੰਦੀ' ਦਾ ਅਸਰ ਅੱਜ ਵੀ ਜਾਰੀ ਰਹਿਣ ਕਰਕੇ ਲੋਕਾਂ ਦੀ ਆਰਥਿਕ ਗੱਡੀ ਦਾ ਪਹੀਆ ਅਜੇ ਵੀ ਡਿੱਕਡੋਲੇ ਤੇ ਚੀਕ-ਚਿਹਾੜਾ ਮਚਾ ਰਿਹਾ ਹੈ। ਬਹੁਤੇ ਇਲਾਕਿਆਂ ਵਿਚ ਨੋਟ ਕੱਢਣ ਵਾਲੀਆਂ ਮਸ਼ੀਨਾਂ (ਏਟੀਐੱਮ) ਜਿੱਥੇ 'ਚਿੱਟੇ ਹਾਥੀ' ਸਾਬਤ ਹੋ ਰਹੀਆਂ ਹਨ, ਉਥੇ ਬੈਂਕਾਂ ਵਿਚ ਵੀ ਨਕਦੀ ਦਾ ਪ੫ਵਾਹ ਅਜੇ ਆਮ ਵਾਂਗ ਨਹੀਂ ਹੋਇਆ ਤੇ ਕਈ ਦੂਰ-ਦੁਰਾਡੇ ਦੀਆਂ ਬੈਂਕਾਂ ਵਿਚ ਪੈਸੇ ਲੋੜ ਤੋਂ ਘੱਟ ਆ ਰਹੇ ਹਨ। ਪਿੰਡਾਂ ਵਿਚ ਪਹਿਲਾਂ ਹੀ ਆਰਥਿਕ ਮਾਰ ਝੱਲ ਰਹੀ ਕਿਸਾਨੀ ਨੂੰ ਨੋਟਬੰਦੀ ਦੀ ਮਾਰ ਅਜੇ ਵੀ ਜਾਰੀ ਹੈ। ਨੋਟਬੰਦੀ ਦੇ 100 ਦਿਨ ਬੀਤਣ ਦੇ ਬਾਵਜੂਦ ਸੂਬੇ ਦੇ ਜ਼ਿਆਦਾਤਰ ਏਟੀਐੱਮ ਬਦਹਾਲ ਹਨ। ਲੋਕਾਂ ਨੂੰ ਇਨ੍ਹਾਂ 'ਚੋਂ ਕੈਸ਼ ਨਹੀਂ ਮਿਲ ਰਿਹਾ ਤੇ ਬੈਕਾਂ 'ਚ ਧੱਕੇ ਖਾਣ ਲਈ ਮਜਬੂਰ ਹੋਣਾ ਪੈ ਰਿਹਾ ਹੈ।

ਜਲੰਧਰ : ਜਲੰਧਰ ਸ਼ਹਿਰੀ ਤੇ ਦਿਹਾਤੀ ਖੇਤਰ ਦੇ ਏਟੀਐੱਮ ਜਾਂ ਤਾਂ ਬੰਦ ਹੀ ਰਹਿੰਦੇ ਹਨ, ਜਿਹੜੇ ਖੁੱਲ੍ਹੇ ਵੀ ਹੁੰਦੇ ਹਨ, ਉਨ੍ਹਾਂ ਵਿਚ ਕੈਸ਼ ਹੀ ਨਹੀਂ ਹੁੰਦਾ। ਸ਼ਹਿਰੀ ਤੇ ਦਿਹਾਤੀ ਖੇਤਰ 'ਚੋਂ ਜਲੰਧਰ ਛਾਉਣੀ 'ਚੋਂ 19, ਗ੍ਰੀਨ ਮਾਡਲ ਟਾਊਨ, ਅਰਬਨ ਅਸਟੇਟ 'ਚ ਏਟੀਐੱਮ ਖ਼ਾਲੀ, ਭੋਗਪੁਰ 'ਚੋਂ 11 ਏਟੀਐੱਮ, ਜੰਡੂ ਸਿੰਘਾ ਦੇ ਕਿਸੇ ਏਟੀਐੱਮ 'ਚ ਕੈਸ਼ ਨਹੀਂ, ਨੂਰਮਹਿਲ ਦੇ 10 ਏਟੀਐੱਮ, ਮੰਡ ਖੇਤਰ 'ਚ 2 ਏਟੀਐੱਮ, ਨਕੋਦਰ ਦੇ ਜ਼ਿਆਦਾਤਰ ਏਟੀਐੱਮ ਪੈਸੇ ਕੱਢਣ 'ਚ ਨਾਕਾਮ ਤੇ ਕਰਤਾਰਪੁਰ 'ਚ ਨੋਟਬੰਦੀ ਤੋਂ ਬਾਅਦ ਤੋਂ ਏਟੀਐੱਮ ਖੁੱਲ੍ਹੇ ਹੀ ਨਹੀਂ।

ਅੰਮਿ੍ਰਤਸਰ : 'ਨੋਟਬੰਦੀ' ਦਾ 'ਹਊਆ' ਅਜੇ ਵੀ ਬਰਕਰਾਰ ਹੈ ਤੇ ਲੋਕ ਇਕ-ਦੂਜੇ ਨੂੰ ਪੁੱਛ ਰਹੇ ਹਨ ਕਿ ਏਟੀਐੱਮ ਵਿਚ ਵੜਦੇ ਹਨ ਕਿ 'ਪੈਸੇ ਹੈਗੇ ਨੇ'। ਅੰਮਿ੫ਤਸਰ ਸ਼ਹਿਰ ਦੇ ਏਟੀਐੱਮ ਤੋਂ ਇਲਾਵਾ ਬਿਆਸ, ਰਈਆ, ਬਾਬਾ ਬਕਾਲਾ ਸਾਹਿਬ, ਜੰਡਿਆਲਾ ਗੁਰੂ, ਟਾਂਗਰਾ, ਚੌਕ ਮਹਿਤਾ, ਅਜਨਾਲਾ, ਰਮਦਾਸ, ਗੱਗੋਮਾਹਲ, ਅਟਾਰੀ, ਚੋਗਾਵਾਂ, ਰਾਮਤੀਰਥ, ਛੇਹਰਟਾ, ਸੰਨ੍ਹ ਸਾਹਿਬ, ਖਾਸਾ, ਭਕਨਾ, ਘਰਿੰਡਾ, ਰਾਜੇਤਾਲ, ਚੱਬਾ, ਵਰਪਾਲ, ਰਾਜਾਸਾਂਸੀ, ਕੱਥੂਨੰਗਲ, ਜੈਂਤੀਪੁਰ, ਮਜੀਠਾ, ਵੇਰਕਾ, ਵੱਲ੍ਹਾ ਆਦਿ ਥਾਵਾਂ ਤੋਂ ਮਿਲੀਆਂ ਰਿਪੋਰਟਾਂ ਅਨੁਸਾਰ ਇਨ੍ਹਾਂ ਕਸਬਿਆਂ ਦੇ ਬਹੁਤੇ ਏਟੀਐੱਮ ਬੰਦ ਪਾਏ ਗਏ ਜਾਂ ਕੈਸ਼ ਬਹੁਤ ਘੱਟ ਪਾਇਆ ਗਿਆ ਪਰ ਕਈ ਥਾਈਂ ਬੈਂਕਾਂ ਦੀ ਸਥਿਤੀ ਵਿਚ ਸੁਧਾਰ ਨਜ਼ਰ ਆਇਆ ਪਰ ਕੁਝ ਅਜਿਹੇ ਬੈਂਕਾਂ ਤੇ ਏਟੀਐੱਮ ਬਾਰੇ ਵੀ ਪਤਾ ਲੱਗਾ ਜਿਨ੍ਹਾਂ ਵਿਚ ਲੰਬੇ ਸਮੇਂ ਤੋਂ ਪੈਸਿਆਂ ਦਾ ਸੋਕਾ ਬਰਕਰਾਰ ਹੈ। ਚੱਬਾ ਨੇੜੇ ਪੈਂਦੀ ਪੰਜਾਬ ਐਂਡ ਸਿੰਧ ਬੈਂਕ ਵਿਚ ਪਿਛਲੇ ਲੰਬੇ ਸਮੇਂ ਤੋਂ ਪੈਸਿਆਂ ਦੀ ਥੁੜ੍ਹ ਤੇ ਏਟੀਐੱਮ ਦੇ ਮਹੀਨੇ ਤੋਂ ਵੱਧ ਸਮੇਂ ਤੋਂ ਬੰਦ ਰਹਿਣ ਕਾਰਨ ਲੋਕਾਂ ਨੂੰ ਭਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਮੇਨ ਜੀਟੀ ਰੋਡ 'ਤੇ ਜੰਡਿਆਲਾ ਗੁਰੂ ਕਸਬਾ ਜਿਥੇ 14-15 ਏਟੀਐੱਮ ਹਨ, ਵਿਚੋਂ ਦੋ ਏਟੀਐੱਮ ਵੀ ਚੱਲਦੇ ਪਾਏ ਗਏ।

ਬਿਠੰਡਾ : ਲੋਕਾਂ ਨੂੰ ਕੋਈ ਬਹੁਤ ਵੱਡੀ ਰਾਹਤ ਨਹੀਂ ਮਿਲ ਸਕੀ। ਲੋਕ ਅਜੇ ਵੀ ਨਕਦੀ ਲਈ ਤਰਸ ਰਹੇ ਹਨ। ਜ਼ਿਲ੍ਹੇ ਦੇ 80 ਫ਼ੀਸਦੀ ਏਟੀਐੱਮਜ਼ 'ਚ ਰਾਸ਼ੀ ਨਹੀਂ ਹੈ ਜਦੋਂ ਕਿ ਕਈ ਏਟੀਐੱਮਜ਼ ਨੂੰ ਤਾਲੇ ਲੱਗੇ ਹੋਏ ਸਨ। ਬਿਠੰਡਾ ਜ਼ਿਲ੍ਹੇ ਅੰਦਰ ਵੱਖ-ਵੱਖ ਬੈਂਕਾਂ ਦੇ ਕੁੱਲ 280 ਦੇ ਕਰੀਬ ਏਟੀਐੱਮਜ਼ ਹਨ ਜਿਨ੍ਹਾਂ ਵਿਚੋਂ 77 ਏਟੀਐੱਮਜ਼ ਨੂੰ ਤਾਲੇ ਲੱਗੇ ਮਿਲੇ ਜਦੋਂਕਿ ਬਹੁਤੇ ਏਟੀਐੱਮਜ਼ ਕੈਸ਼ ਤੋਂ ਸੱਖਣੇ ਸਨ। ਸ਼ਹਿਰ 'ਚ ਕਰੀਬ 92 ਦੇ ਕਰੀਬ ਵੱਖ-ਵੱਖ ਬੈਂਕਾਂ ਦੇ ਏਟੀਐੱਮਜ਼ ਹਨ ਜਿਨ੍ਹਾਂ ਵਿੱਚੋਂ 77 'ਚ ਕੈਸ਼ ਨਹੀਂ। ਪੇਂਡੂ ਖੇਤਰ 'ਚ 50 ਫ਼ੀਸਦੀ ਤੋਂ ਵਧੇਰੇ ਏਟੀਐੱਮਜ਼ ਨੂੰ ਤਾਲੇ ਲੱਗੇ ਹੋਏ ਹਨ।

ਮੋਗਾ : ਨਕਦੀ ਲਈ ਹਾਲੇ ਵੀ ਲੋਕਾਂ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਚਾਹੇ ਕੁਝ ਦਿਨ ਵਿਚ ਦੀ ਇੰਝ ਮਹਿਸੂਸ ਹੁੰਦਾ ਸੀ ਕਿ ਹੁਣ ਨੋਟਾਂ ਦੀ ਘਾਟ ਕੁਝ ਦਿਨਾਂ ਦੀ ਖੇਡ ਹੈ ਪਰ ਸਥਿਤੀ ਸੁਧਰਨ ਦਾ ਨਾਂ ਨਹੀਂ ਲੈ ਰਹੀ। ਮੋਗਾ ਸ਼ਹਿਰ ਵਿਚ ਵੱਖ-ਵੱਖ ਬੈਂਕਾਂ ਦੇ ਕੁੱਲ 34 ਏਟੀਐੱਮਜ਼ ਹਨ, ਜਿਨ੍ਹਾਂ 'ਚੋਂ 7 ਏਟੀਐੱਮਜ਼ ਕੰਮ ਕਰ ਰਹੇ ਹਨ ਜਦੋਂ ਕਿ ਬਾਕੀ ਦੇ 27 ਏਟੀਐੱਮਜ਼ ਬੰਦ ਪਾਏ ਜਾ ਰਹੇ ਹਨ।

ਖੰਨਾ : ਪੁਲਿਸ ਜ਼ਿਲ੍ਹਾ ਖੰਨਾ 'ਚ ਵੱਖ-ਵੱਖ ਥਾਵਾਂ 'ਤੇ 58 ਬੈਂਕਾਂ ਦੇ ਏਟੀਐੱਮਜ਼ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਜ਼ਿਆਦਾਤਰ ਏਟੀਐੱਮਜ਼ 'ਚ ਪੈਸੇ ਨਹੀਂ ਸਨ ਤੇ ਕਈਆਂ ਦੇ ਸ਼ਟਰ ਹੀ ਸੁੱਟੇ ਪਏ ਸਨ। ਦੇਖਣ 'ਚ ਆਇਆ ਕਿ 58 'ਚੋਂ 45 ਬੈਂਕਾਂ ਦੇ ਏਟੀਐੱਮਜ਼ 'ਚ ਪੈਸੇ ਨਹੀਂ ਸਨ ਜਦਕਿ 17 ਬੈਂਕਾਂ ਦੇ ਏਟੀਐੱਮਜ਼ ਦੇ ਸ਼ਟਰ ਸੁੱਟੇ ਹੋਏ ਸਨ। ਸਿਰਫ਼ 13 ਬੈਂਕਾਂ ਦੇ ਏਟੀਐੱਮਜ਼ ਹੀ ਕੰਮ ਕਰ ਰਹੇ ਸਨ।

ਜਗਰਾਓਂ : ਪੁਲਿਸ ਜ਼ਿਲ੍ਹਾ ਜਗਰਾਓਂ ਅਧੀਨ ਪੈਂਦੇ ਜਗਰਾਓਂ, ਮੁੱਲਾਂਪੁਰ, ਰਾਏਕੋਟ, ਹੰਬੜਾਂ, ਸਿੱਧਵਾਂ ਬੇਟ, ਪੱਖੋਵਾਲ, ਸੁਧਾਰ ਇਲਾਕੇ 'ਚ ਲੱਗੇ ਏਟੀਐੱਮਾਂ 'ਚੋਂ 78 ਏਟੀਐੱਮ ਤੇ ਪੰਜਾਬੀ ਜਾਗਰਣ ਦੀ ਟੀਮਾਂ ਵੱਲੋਂ ਦੌਰਾ ਕੀਤਾ ਗਿਆ। ਇਨ੍ਹਾਂ 'ਚੋਂ 26 ਏਟੀਐੱਮਜ਼ ਦੇ ਬਾਹਰ ਸ਼ਟਰ ਬੰਦ ਸਨ ਜਦਕਿ 39 'ਚ ਨਕਦੀ ਨਹੀਂ ਸੀ। ਗਿਣਤੀ ਦੇ 11 ਏਟੀਐੱਮਜ਼ ਅਜਿਹੇ ਪਾਏ ਗਏ ਜਿਨ੍ਹਾਂ 'ਚ ਨਕਦੀ ਸੀ।

ਫਰੀਦਕੋਟ : 100 ਦਿਨ ਬੀਤਣ ਦੇ ਬਾਵਜੂਦ ਨੋਟਬੰਦੀ ਨੂੰ ਲੈ ਕੇ ਲੋਕਾਂ ਦੀਆਂ ਸਮੱਸਿਆਵਾਂ ਜਿਉਂ ਦੀਆਂ ਤਿਉਂ ਹਨ। ਜ਼ਿਲੇ੍ਹ ਭਰ 'ਚ ਸਰਕਾਰੀ ਤੇ ਪ੍ਰਾਈਵੇਟ ਬੈਂਕਾਂ ਵੱਲੋਂ ਲਾਏ ਕਰੀਬ 92 ਤੋਂ ਉੱਪਰ ਏਟੀਐੱਮਜ਼ ਹਨ ਜਿਵੇਂ 38 ਫਰੀਦਕੋਟ, 27 ਕੋਟਕਪੂਰਾ, ਜੈਤੋਂ 13, ਸਾਦਿਕ 6, ਗੋਲੇਵਾਲਾ 4, ਪੰਜਗਰਾਈਂ ਕਲਾਂ 2, ਹਰੀਨੌਂ 2 ਏਟੀਐੱਮਜ਼ ਹਨ ਜਿਨ੍ਹਾਂ ਵਿੱਚੋਂ 75 ਦੇ ਕਰੀਬ ਨਕਦੀ ਖੁਣੋਂ ਸੱਖਣੇ ਹੀ ਮਿਲੇ।

ਤਰਨਤਾਰਨ : ਨੋਟਬੰਦੀ ਤੋਂ ਬਾਅਦ ਬਣੀ ਆਰਥਿਕ ਐਮਰਜੈਂਸੀ ਦੇ ਹਾਲਾਤ ਸੁਧਰਨ ਦਾ ਨਾਂ ਨਹੀਂ ਲੈ ਰਹੇ। ਜ਼ਿਲ੍ਹੇ ਦੀਆਂ ਵੱਖ-ਵੱਖ ਬੈਂਕਾਂ ਦੀਆਂ 202 ਬ੍ਰਾਂਚਾਂ ਦੇ 156 ਏਟੀਐੱਮਜ਼ ਲੋਕਾਂ ਦੀ ਸਹੂਲਤ ਲਈ ਲਗਾਏ ਤਾਂ ਗਏ ਪਰ ਪਿਛਲੇ ਤਿੰਨ ਮਹੀਨਿਆਂ ਤੋਂ ਇਨ੍ਹਾਂ ਏਟੀਐੱਮਜ਼ ਵਿਚ ਕੈਸ਼ ਊਠ ਦੇ ਮੂੰਹ ਵਿਚ ਜ਼ੀਰੇ ਬਰਾਬਰ ਵੀ ਨਹੀਂ ਆ ਰਿਹਾ, ਜਿਸ ਕਰਕੇ ਲੋਕਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ ਜਿਨ੍ਹਾਂ ਏਟੀਐੱਮਜ਼ ਵਿਚ ਕਦੇ-ਕਦਾਈਂ ਕੈਸ਼ ਪਾਇਆ ਜਾਂਦਾ ਹੈ, ਉਥੇ ਪੈਸੇ ਕਢਵਾਉਣ ਵਾਲਿਆਂ ਦੀਆਂ ਕਤਾਰਾਂ ਲੱਗ ਜਾਂਦੀਆਂ ਹਨ। ਤਰਨਤਾਰਨ 'ਚ ਦੋ ਦਰਜਨ ਤੋਂ ਵੱਧ ਏਟੀਐੱਮਜ਼ ਬੈਂਕਾਂ ਵੱਲੋਂ ਲਗਾਏ ਗਏ ਹਨ ਜਦੋਂਕਿ ਖੇਮਕਰਨ ਵਿਚ ਤਿੰਨ, ਸ੍ਰੀ ਗੋਇੰਦਵਾਲ ਸਾਹਿਬ 'ਚ ਪੰਜ, ਭਿੱਖੀਵਿੰਡ 'ਚ ਇਕ ਦਰਜਨ, ਸਰਹਾਲੀ 'ਚ ਇਕ ਅਤੇ ਹੋਰ ਵੱਖ-ਵੱਖ ਕਸਬਿਆਂ 'ਚ ਲੱਗੇ ਏਟੀਐੱਮਜ਼ ਦੀ ਗਿਣਤੀ 156 ਹੈ। ਇਨ੍ਹਾਂ ਏਟੀਐੱਮਜ਼ ਨੂੰ ਸ਼ੁੱਕਰਵਾਰ ਨੂੰ ਜਦੋਂ ਵਾਚਿਆ ਗਿਆ ਤਾਂ ਨਾਮਾਤਰ ਏਟੀਐੱਮਜ਼ ਹੀ ਪੈਸੇ ਕੱਢਦੇ ਮਿਲੇ। ਕਈ ਏਟੀਐੱਮਜ਼ ਤਾਂ ਅਜਿਹੇ ਵੀ ਸਨ ਜਿਨ੍ਹਾਂ 'ਚ ਤਿੰਨ ਮਹੀਨੇ ਜਾਂ 15- 20 ਦਿਨ ਤੋਂ ਕੈਸ਼ ਹੀ ਨਹੀਂ ਸੀ ਪਹੁੰਚ ਸਕਿਆ।

ਪਟਿਆਲਾ : ਸ਼ਹਿਰਾਂ ਨੂੰ ਛੱਡ ਪਿੰਡਾਂ 'ਚ ਲੋਕਾਂ ਹਾਲੇ ਵੀ ਕੈਸ਼ ਲਈ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਟੇਟ ਬੈਂਕ ਆਫ ਪਟਿਆਲਾ ਦੀਆਂ ਪਟਿਆਲਾ ਸ਼ਹਿਰ ਵਿਚ 72 ਏਟੀਐੱਮਜ਼ ਮੌਜੂਦ ਹਨ। ਕੁਝ ਕੁ ਨੂੰ ਛੱਡ ਕੇ ਬਾਕੀ ਸਾਰੇ ਏਟੀਐੱਮਜ਼ ਵਿਚ ਇਕ ਜਾਂ ਦੋ ਵਾਰ ਨਕਦੀ ਪਾਈ ਜਾ ਰਹੀ ਹੈ। ਇਸ ਤੋਂ ਇਲਾਵਾ ਸਹਿਕਾਰੀ ਬੈਂਕਾਂ ਦੇ ਸਾਰੇ ਏਟੀਐੱਮਜ਼ ਨੋਟਬੰਦੀ ਦੇ ਪਹਿਲੇ ਦਿਨ ਤੋਂ ਬੰਦ ਪਏ ਹਨ ਜੋ ਅੱਜ ਤਕ ਚੱਲ ਨਹੀਂ ਸਕੇ। ਜ਼ਿਲ੍ਹੇ ਵਿਚ ਸਹਿਕਾਰੀ ਬੈਂਕ ਦੀਆਂ ਕੁੱਲ 42 ਸ਼ਖਾਵਾਂ ਹਨ, ਜਿਨਾਂ ਵਿਚ ਲਗਪਗ 70 ਹਜ਼ਾਰ ਕਿਸਾਨਾਂ ਦੇ ਖਾਤੇ ਹਨ।

ਗੁਰਦਾਸਪੁਰ : ਗੁਰਦਾਸਪੁਰ ਅਤੇ ਨਾਲ ਲੱਗਦੇ ਕਸਬਿਆਂ ਕਾਹਨੂੰਵਾਨ, ਦੀਨਾਨਗਰ, ਧਾਰੀਵਾਲ, ਨੌਸ਼ਹਿਰਾ ਮੱਝਾ ਸਿੰਘ, ਕਲਾਨੌਰ ਆਦਿ ਦੇ ਵੱਖ-ਵੱਖ ਬੈਂਕਾਂ ਨਾਲ ਸਬੰਧਤ ਕਰੀਬ 100 ਏਟੀਐੱਜ਼ ਦਾ ਨਰੀਖਣ ਕੀਤਾ ਗਿਆ ਤਾਂ ਇਨ੍ਹਾਂ 'ਚੋਂ 70 ਪ੍ਰਤੀਸ਼ਤ ਏਟੀਐੱਮਜ਼ ਦੇ ਸ਼ਟਰ ਜਾਂ ਤਾਂ ਬੰਦ ਪਏ ਸਨ ਜਾਂ ਫਿਰ ਉਨ੍ਹਾਂ ਵਿਚ ਕੈਸ਼ ਹੀ ਨਹੀਂ ਸੀ। ਲੋੜਵੰਦਾਂ ਲੋਕਾਂ ਨੂੰ ਪੈਸੇ ਕਢਵਾਉਣ ਲਈ ਕਈ-ਕਈ ਬੈਂਕਾਂ ਦੇ ਏਟੀਐੱਮਜ਼ ਦੇ ਚੱਕਰ ਕੱਟਣੇ ਪੈ ਰਹੇ ਹਨ। ਗੁਰਦਾਸਪੁਰ 'ਚ ਵੱਖ-ਵੱਖ ਬੈਂਕਾਂ ਦੇ 40 ਦੇ ਕਰੀਬ ਏਟੀਐੱਮਜ਼ ਚੈੱਕ ਕੀਤੇ ਗਏ ਤਾਂ ਜ਼ਿਆਦਾਤਰ ਵਿਚ ਕੈਸ਼ ਨਹੀਂ ਮਿਲਿਆ।

ਹੁਸ਼ਿਆਰਪੁਰ : ਹੁਸ਼ਿਆਰਪੁਰ ਸ਼ਹਿਰ ਤੇ ਪੇਂਡੂ ਇਲਾਕਿਆਂ ਵਿਚ ਏਟੀਐੱਮਜ਼ ਦਾ ਹਾਲ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਦੇਖਿਆ ਕਿ ਸ਼ਹਿਰ ਦੇ ਕੁਝ ਕੁ ਖੇਤਰਾਂ ਨੂੰ ਛੱਡ ਕੇ ਬਹੁਤੇ ਏਟੀਐੱਮਜ਼ ਵਿਚ ਕੈਸ਼ ਸੀ ਜਿਸ ਕਾਰਨ ਲੋਕਾਂ ਦੀ ਭੀੜ ਨਹੀਂ ਦਿਸੀ। ਭਾਵੇਂ ਕੁਝ ਬੈਂਕਾਂ ਦੇ ਸਾਰੇ ਏਟੀਐੱਮਜ਼ ਵਿਚ ਕੈਸ਼ ਨਹੀਂ ਸੀ ਪਰ ਆਸ-ਪਾਸ ਦੇ ਏਟੀਐੱਮਜ਼ ਤੋਂ ਲੋਕਾਂ ਨੂੰ ਨਕਦੀ ਮਿਲਣ ਕਾਰਨ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ। ਦੂਸਰੇ ਪਾਸੇ ਜ਼ਿਲ੍ਹੇ ਦੇ ਕਸਬਿਆਂ ਤੇ ਪਿੰਡਾਂ ਦੇ ਏਟੀਐੱਮਜ਼ ਵਿਚ ਨਕਦੀ ਦੀ ਕਮੀ ਦੇਖਣ ਨੂੰ ਮਿਲੀ। ਸ਼ਹਿਰ ਦੇ ਸਭ ਤੋਂ ਵਿਸ਼ੇਸ਼ ਖੇਤਰ ਜ਼ਿਲ੍ਹਾ ਪ੫ਬੰਧਕੀ ਕੰਪਲੈਕਸ ਦੇ ਨਜ਼ਦੀਕ ਐੱਚਡੀਐੱਫਸੀ ਬੈਂਕ, ਯੈੱਸ ਬੈਂਕ ਤੇ ਆਈਸੀਆਈਸੀਆਈ ਬੈਂਕ ਦੇ ਏਟੀਐੱਮਜ਼ ਵਿਚ ਕੈਸ਼ ਸੀ ਤੇ ਏਟੀਐੱਮਜ਼ ਵਿਚ ਟਾਵਾਂ-ਟਾਵਾਂ ਗਾਹਕ ਹੀ ਪੈਸੇ ਕਢਵਾਉਣ ਲਈ ਆ ਰਿਹਾ ਸੀ ਤੇ ਉਕਤ ਵਿਚੋਂ ਕਿਸੇ ਵੀ ਏਟੀਐੱਮ ਵਿਚ ਗਾਹਕਾਂ ਦੀ ਲਾਈਨ ਨਹੀਂ ਸੀ। ਜ਼ਿਲ੍ਹੇ ਦੇ ਭੰਗਾਲਾ ਇਲਾਕੇ ਵਿਚ ਨੋਟਬੰਦੀ ਕਾਰਨ ਲੋਕ ਪਹਿਲਾਂ ਵਾਂਗ ਹੀ ਪਰੇਸ਼ਾਨ ਹਨ। ਕਸਬਾ ਭੰਗਾਲਾ ਵਿਖੇ ਕਰੀਬ 5 ਬੈਂਕਾਂ ਦੇ ਏਟੀਐੱਮਜ਼ ਪਿਛਲੇ ਕੁਝ ਦਿਨਾਂ ਤੋਂ ਚਿੱਟਾ ਹਾਥੀ ਸਿੱਧ ਹੋ ਰਹੇ ਹਨ।

ਲੁਧਿਆਣਾ : ਲੁਧਿਆਣਾ ਸ਼ਹਿਰ ਦੇ ਕੁਝ ਇਲਾਕਿਆਂ 'ਚ ਜਾ ਕੇ 14 ਏਟੀਐੱਮਜ਼ ਦੀ ਜਾਂਚ ਕੀਤੀ ਗਈ ਜਿਨ੍ਹਾਂ 'ਚੋਂ ਸਿਰਫ 3 'ਚ ਹੈ ਕੈਸ਼ ਪਾਇਆ ਗਿਆ।

(ਜਲੰਧਰ ਤੋਂ ਮਨਦੀਪ ਸ਼ਰਮਾ, ਅੰਮਿ੍ਰਤਸਰ ਤੋਂ ਜਸਵਿੰਦਰ ਸਿੰਘ ਬਹੋੜੂ, ਬਿਠੰਡਾ ਤੋਂ ਗੁਰਤੇਜ ਸਿੰਘ ਸਿੱਧੂ, ਤਰਨਤਾਰਨ ਤੋਂ ਜਸਪਾਲ ਸਿੰਘ ਜੱਸੀ, ਗੁਰਦਾਸਪੁਰ ਤੋਂ ਰਣਬੀਰ ਅਕਾਸ਼, ਹੁਸ਼ਿਆਰਪੁਰ ਤੋਂ ਹਰਜਿੰਦਰ ਸਿੰਘ ਹਰਗੜ੍ਹੀਆ, ਪਟਿਆਲਾ ਤੋਂ ਨਵਦੀਪ ਢੀਂਗਰਾ, ਲੁਧਿਆਣਾ ਤੋਂ ਹਰਜੋਤ ਅਰੋੜਾ, ਖੰਨਾ ਤੋਂ ਕੁਲਵਿੰਦਰ ਸਿੰਘ ਰਾਏ, ਜਗਰਾਓਂ ਤੋਂ ਸੰਜੀਵ ਗੁਪਤਾ ਦੀ ਰਿਪੋਰਟ)

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Ã½ Ççé ìÅÁç òÆ ìçÔÅñ é¶ ÃÈì¶ ç¶ Â¶àÆÁ˵î÷