ਨੋਟਬੰਦੀ ਦਾ ਗ੍ਰਹਿਣ ਥੋੜ੍ਹੇ ਸਮੇਂ ਲਈ : ਵਿਸ਼ਵ ਬੈਂਕ

Updated on: Wed, 11 Jan 2017 07:22 PM (IST)
  

ਜਾਗਰਣ ਬਿਊਰੋ, ਨਵੀਂ ਦਿੱਲੀ : ਕੌਮਾਂਤਰੀ ਅਰਥਚਾਰੇ 'ਤੇ ਵਿਸ਼ੇਸ਼ ਬੈਂਕ ਵੱਲੋਂ ਬੁੱਧਵਾਰ ਨੂੰ ਜਾਰੀ ਰਿਪੋਰਟ ਨੋਟਬੰਦੀ ਨੂੰ ਲੈ ਕੇ ਉਹ ਹੀ ਗੱਲ ਸਾਹਮਣੇ ਰੱਖ ਰਹੀ ਹੈ ਜੋ ਅੰਦਾਜ਼ਨ ਕੇਂਦਰ ਸਰਕਾਰ ਵੀ ਕਹਿ ਰਹੀ ਹੈ। ਅਰਥਾਤ ਨੋਟਬੰਦੀ ਦੀ ਵਜ੍ਹਾ ਨਾਲ ਫਿਲਹਾਲ (ਸਾਲ 2017) 'ਚ ਆਰਥਿਕ ਵਿਕਾਸ ਦਰ ਦੀ ਰਫ਼ਤਾਰ ਸੁਸਤ ਪਵੇਗੀ ਪਰ ਅਗਲੇ ਵਿੱਤੀ ਵਰ੍ਹੇ 'ਚ ਅਰਥਚਾਰੇ ਦੀ ਰਫ਼ਤਾਰ ਤੇਜ਼ ਹੋ ਸਕਦੀ ਹੈ। ਨੋਟਬੰਦੀ ਦੀ ਵਜ੍ਹਾ ਨਾਲ ਦੇਸ਼ 'ਚ ਵਿਆਜ ਦਰਾਂ ਨੂੰ ਘੱਟ ਕਰਨ 'ਚ ਮਦਦ ਮਿਲ ਸਕਦੀ ਹੈ ਜਿਸ ਨਾਲ ਮੌਜੂਦਾ ਮੰਦੀ ਦੇ ਬੱਦਲਾਂ ਨੂੰ ਦੂਰ ਕੀਤਾ ਜਾ ਸਕਦਾ ਹੈ। ਪਰ ਅਜਿਹਾ ਵੀ ਨਹੀਂ ਹੈ ਕਿ ਨੋਟਬੰਦੀ ਦਾ ਬੁਰਾ ਅਸਰ ਨਹੀਂ ਹੋਵੇਗਾ। ਵਿਸ਼ਵ ਬੈਂਕ ਮੁਤਾਬਕ ਨੋਟਬੰਦੀ ਨਾਲ ਫਿਲਹਾਲ ਸਨਅਤੀ ਅਤੇ ਘਰੇਲੂ ਆਰਥਿਕ ਸਰਗਰਮੀਆਂ ਪ੍ਰਭਾਵਿਤ ਹੋਣਗੀਆਂ। ਇਹ ਹੀ ਨਹੀਂ ਇਸ ਦੀ ਵਜ੍ਹਾ ਨਾਲ ਕਿਰਤ ਤੇ ਹੋਰ ਸੁਧਾਰਾਂ ਦੀ ਰਫ਼ਤਾਰ ਵੀ ਮੰਦੀ ਪੈ ਸਕਦੀ ਹੈ।

ਵਿਸ਼ਵ ਬੈਂਕ ਨੇ ਮੌਜੂਦਾ ਵਰ੍ਹੇ ਅਤੇ ਇਸ ਤੋਂ ਬਾਅਦ ਤਿੰਨ ਸਾਲਾਂ ਦੇ ਆਰਥਿਕ ਵਿਕਾਸ 'ਤੇ ਆਪਣੇ ਅੰਦਾਜ਼ੇ ਜਾਰੀ ਕੀਤੇ ਹਨ। ਤਕਰੀਬਨ ਛੇ ਮਹੀਨੇ ਪਹਿਲਾਂ ਵਿਸ਼ਵ ਬੈਂਕ ਨੇ ਕਿਹਾ ਸੀ ਕਿ ਸਾਲ 2017 'ਚ ਭਾਰਤ ਦੀ ਆਰਥਿਕ ਵਿਕਾਸ ਦਰ 7.6 ਫ਼ੀਸਦੀ ਰਹੇਗੀ ਪਰ ਉਹ ਮੰਨ ਰਿਹਾ ਹੈ ਕਿ ਉਹ ਘਟ ਕੇ 7 ਫ਼ੀਸਦੀ ਆ ਸਕਦੀ ਹੈ। ਅਗਲੇ ਸਾਲ ਅਰਥਾਤ 2018 'ਚ ਇਹ 7.6 ਫ਼ੀਸਦੀ ਅਤੇ ਉਸ ਤੋਂ ਬਾਅਦ ਦੋ ਸਾਲਾਂ ਦੌਰਾਨ 7.8 ਫ਼ੀਸਦੀ ਰਹਿਣ ਦਾ ਅੰਦਾਜ਼ਾ ਲਗਾਇਆ ਗਿਆ ਹੈ। ਦੂਜੇ ਸ਼ਬਦਾਂ 'ਚ ਕਹੀਏ ਤਾਂ ਵਿਸ਼ਵ ਬੈਂਕ ਇਹ ਤਾਂ ਮੰਨਦਾ ਹੈ ਕਿ ਭਾਰਤ ਦੁਨੀਆ ਦੇ ਸਭ ਤੋਂ ਤੇਜ਼ੀ ਨਾਲ ਉਭਰਦੇ ਅਰਥਚਾਰੇ ਰਹੇਗਾ ਪਰ ਇਹ ਅੱਠ ਫ਼ੀਸਦੀ ਦੀ ਤੇਜ਼ ਵਿਕਾਸ ਦਰ ਨੂੰ ਛੋਹਣ ਨਾਲ ਫਿਲਹਾਲ ਦੂਰ ਹੀ ਰਹੇਗਾ।

ਨੋਟਬੰਦੀ ਦੇ ਬਾਰੇ 'ਚ ਵਿਸ਼ਵ ਬੈਂਕ ਮੰਨਦਾ ਹੈ ਕਿ ਇਸ ਦੇ ਹਾਂ ਪੱਖੀ ਤੇ ਨਾਂਹ ਪੱਖੀ ਦੋਵੇਂ ਪਹਿਲੂ ਹਨ। ਵਿਸ਼ਵ ਬੈਂਕ ਨੇ ਸਾਫ ਕੀਤਾ ਹੈ ਕਿ ਵਿਕਾਸ ਦਰ 'ਚ ਅੰਦਾਜ਼ ਨੂੰ ਉਸ ਨੇ ਨੋਟਬੰਦੀ ਦੇ ਅਸਰ ਨੂੰ ਦੇਖ ਕੇ ਹੀ ਘਟਾਇਆ ਹੈ। ਕੁਝ ਸਮੇਂ ਤਕ ਨੋਟਬੰਦੀ ਨਾਲ ਕਾਰੋਬਾਰ ਤੇ ਘਰੇਲੂ ਆਰਥਿਕ ਗਤੀਵਿਧੀਆਂ ਪ੍ਰਭਾਵਿਤ ਰਹਿਣਗੀਆਂ। ਵੱਡੇ ਪੈਮਾਨੇ 'ਤੇ ਨੋਟਾਂ ਨੂੰ ਹਟਾ ਕੇ ਉਨ੍ਹਾਂ ਦੀ ਜਗ੍ਹਾ ਨਵੇਂ ਨੋਟਾਂ ਦੇ ਪ੍ਰਚਲਣ 'ਚ ਲਿਆਉਣ ਦੇ ਕੁਝ ਹੋਰ ਖ਼ਤਰੇ ਵੀ ਹਨ ਮਿਸਾਲ ਦੇ ਤੌਰ 'ਤੇ ਜਿਵੇਂ ਜੀਐੱਸਟੀ, ਕਿਰਤ ਤੇ ਜ਼ਮੀਨੀ ਸੁਧਾਰਾਂ ਲਈ ਜ਼ੋਖ਼ਮ ਕਰ ਸਕਦੇ ਹਨ। ਇਹ ਹੀ ਨਹੀਂ ਭਾਰਤ ਦਾ ਇਹ ਕਦਮ ਭੂਟਾਨ ਤੇ ਨੇਪਾਲ ਵਰਗੇ ਛੋਟੇ ਦੇਸ਼ਾਂ ਦੇ ਵਿਕਾਸ 'ਤੇ ਨਾਂਹ ਪੱਖੀ ਅਸਰ ਪਾ ਸਕਦਾ ਹੈ। ਹਾਲਾਂਕਿ ਵਿਸ਼ਵ ਬੈਂਕ ਨੇ ਇਹ ਵੀ ਕਿਹਾ ਹੈ ਕਿ ਇਸ ਨਾਲ ਬੈਂਕਾਂ ਕੋਲ ਬਹੁਤ ਸਾਰਾ ਪੈਸਾ ਆ ਗਿਆ ਹੈ ਜਿਸ ਨਾਲ ਆਉਣ ਵਾਲੇ ਦਿਨਾਂ 'ਚ ਵਿਆਜ ਦਰਾਂ ਨੂੰ ਘੱਟ ਕਰਨ 'ਚ ਮਦਦ ਮਿਲੇਗੀ।

ਵਿਸ਼ਵ ਬੈਂਕ ਨੇ ਸਮੁੱਚੇ ਦੱਖਣੀ ਏਸ਼ੀਆ ਨੂੰ ਮਜ਼ਬੂਤ ਸੰਭਾਵਨਾਵਾਂ ਵਾਲਾ ਖੇਤਰ ਕਰਾਰ ਦਿੱਤਾ ਹੈ ਪਰ ਇਸ ਖੇਤਰ ਦੇ ਦੇਸ਼ਾਂ ਨੂੰ ਕਈ ਸੁਧਾਰਾਂ ਦਾ ਖ਼ੁਰਾਕ ਵੀ ਦੇਣ ਦੀ ਸਿਫਾਰਸ਼ ਕੀਤੀ ਹੈ। ਭਾਰਤ ਪਾਕਿਸਤਾਨ ਵਿਚਾਲੇ ਸਰਹੱਦ ਵਿਵਾਦ ਨੂੰ ਇਸ ਖੇਤਰ ਦੀ ਤਰੱਕੀ ਲਈ ਇਕ ਅਹਿਮ ਰੁਕਾਵਟ ਕਰਾਰ ਦਿੱਤਾ ਹੈ। ਨਾਲ ਹੀ ਅਫ਼ਗਾਨਿਸਤਾਨ, ਪਾਕਿਸਤਾਨ ਤੇ ਬੰਗਲਾਦੇਸ਼ 'ਚ ਅੱਤਵਾਦੀ ਸਰਗਰਮੀਆਂ ਨੂੰ ਵੀ ਪੂਰੇ ਖੇਤਰ ਲਈ ਸੁਰੱਖਿਆ ਸਮੇਤ ਖੇਤਰ ਦੇ ਅਰਥਚਾਰਿਆਂ ਵਿਚਾਲੇ ਆਪਸੀ ਤਾਲਮੇਲ ਲਈ ਜ਼ੋਖ਼ਮ ਭਰਿਆ ਦੱਸਿਆ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: World bank reduce economic growth rate hope