ਦਲਾਲ ਸਟਰੀਟ 'ਚ ਤੇਜ਼ੀ 'ਤੇ ਬਰੇਕ

Updated on: Fri, 21 Apr 2017 07:54 PM (IST)
  

ਮੁੰਬਈ (ਪੀਟੀਆਈ) : ਦਲਾਲ ਸਟਰੀਟ 'ਚ ਬੀਤੇ ਦੋ ਦਿਨਾਂ ਤੋਂ ਜਾਰੀ ਤੇਜ਼ੀ ਸ਼ੁੱਕਰਵਾਰ ਨੂੰ ਠੱਲ੍ਹ ਗਈ। ਮਿਲੇ ਜੁਲੇ ਵਿਦੇਸ਼ੀ ਰੁਝਾਨਾਂ ਵਿਚਾਲੇ ਨਿਵੇਸ਼ਕਾਂ ਨੇ ਚੋਣਵੇਂ ਸ਼ੇਅਰਾਂ 'ਚ ਮੁਨਾਫ਼ਾ ਵਸੂਲੀ ਕੀਤੀ। ਇਸ ਨਾਲ ਬੰਬਈ ਸ਼ੇਅਰ ਬਾਜ਼ਾਰ (ਬੀਐੱਸਈ) ਦਾ ਸੈਂਸੈਕਸ 57.09 ਅੰਕ ਟੁੱਟ ਕੇ 29365.30 ਅੰਕ 'ਤੇ ਪਹੁੰਚ ਗਿਆ। ਬੀਤੇ ਦੋ ਦਿਨਾਂ ਦੌਰਾਨ ਇਹ ਸੰਵੇਦੀ ਸੂਚਕ ਅੰਕ 103.29 ਅੰਕ ਚੜਿ੍ਹਆ ਸੀ। ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ (ਐੱਨਐੱਸਈ) ਦਾ ਨਿਫਟੀ 17 ਅੰਕ ਟੁੱਟ ਕੇ 9119.40 ਅੰਕ 'ਤੇ ਬੰਦ ਹੋਇਆ। ਹਫਤਾਵਰੀ ਆਧਾਰ 'ਤੇ ਦੋਵੇਂ ਸੂਚਕ ਅੰਕਾਂ 'ਚ ਗਿਰਾਵਟ ਰਹੀ। ਇਸ ਦੌਰਾਨ ਸੈਂਸੈਕਸ 96.15 ਅੰਕ ਅਤੇ ਨਿਫਟੀ 31.40 ਅੰਕ ਟੁੱਟਾ।

ਹੁਣ ਤਕ ਆਏ ਕੰਪਨੀਆਂ ਦੇ ਤਿਮਾਹੀ ਨਤੀਜੇ ਮਿਲੇ-ਜੁਲੇ ਰਹੇ ਹਨ। ਫਰਾਂਸ 'ਚ ਆਗਾਮੀ ਚੋਣਾਂ ਨੂੰ ਲੈ ਕੇ ਵੀ ਨਿਵੇਸ਼ਕਾਂ 'ਚ ਚਿੰਤਾ ਹੈ। ਇਸ ਤੋਂ ਇਲਾਵਾ ਆਰਬੀਆਈ ਵੱਲੋਂ ਜਾਰੀ ਤਾਜ਼ਾ ਮਿੰਟਸ 'ਚ ਉਸ ਨੇ ਹਮਲਾਵਰ ਰੁਖ ਅਪਣਾਉਣ ਦੇ ਸੰਕੇਤ ਦਿੱਤੇ ਹਨ। ਇਸ ਨੇ ਵੀ ਬਾਜ਼ਾਰ 'ਤੇ ਦਬਾਅ ਬਣਾਇਆ।

ਤੀਹ ਸ਼ੇਅਰਾਂ ਵਾਲਾ ਸੈਂਸੈਕਸ ਇਸ ਦਿਨ 29575.66 ਅੰਕ 'ਤੇ ਮਜ਼ਬੂਤ ਖੁੱਲ੍ਹਾ। ਇਸ ਦਾ ਉੱਚਾ ਪੱਧਰ 29584.34 ਅੰਕ ਰਿਹਾ। ਨਿਵੇਸ਼ਕਾਂ ਦੀ ਬਿਕਵਾਲੀ ਦੇ ਬੁੱਲੇ 'ਚ ਇਹ ਇਕ ਸਮੇਂ 29259.42 ਅੰਕ ਦੇ ਹੇਠਲੇ ਪੱਧਰ 'ਤੇ ਪਹੁੰਚ ਗਿਆ ਸੀ। ਬੀਐੱਸਈ ਦੇ ਸੂਚਕ ਅੰਕਾਂ 'ਚ ਐੱਫਐੱਮਸੀਜੀ, ਹੈਲਥ ਕੇਅਰ, ਮੈਟਲ, ਆਟੋ, ਆਈਟੀ, ਟੈਕਨਾਲੋਜੀ ਅਤੇ ਪੀਐੱਸਯੂ ਜ਼ਿਆਦਾ ਟੁੱਟੇ। ਇਸ ਦੇ ਉਲਟ ਰੀਆਲਿਟੀ, ਪਾਵਰ, ਕੈਪੀਟਲ ਗੁੱਡਸ, ਤੇਲ ਤੇ ਗੈਸ ਅਤੇ ਕੰਜਿਊਮਰ ਡਿਊਰੇਬਲ ਚੜ੍ਹੇ। ਸੈਂਸੈਕਸ ਦੀਆਂ ਤੀਹ ਕੰਪਨੀਆਂ ਵਿਚੋਂ 22 ਦੇ ਸ਼ੇਅਰ ਟੁੱਟੇ, ਜਦਕਿ ਅੱਠ 'ਚ ਚੜ੍ਹਤ ਦਰਜ ਕੀਤੀ ਗਈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Sensex slips 57 pts; ends in red for second week