ਸੈਂਸੈਕਸ ਪੁੱਜਾ ਦੋ ਮਹੀਨਿਆਂ 'ਤੇ ਉੱਚੇ ਪੱਧਰ 'ਤੇ

Updated on: Wed, 11 Jan 2017 07:33 PM (IST)
  

ਨਵੀਂ ਦਿੱਲੀ (ਪੀਟੀਆਈ) : ਇੰਡੀਆ ਇੰਕ ਦੇ ਤਿਮਾਹੀ ਨਤੀਜ਼ਿਆਂ ਦੀ ਬਿਹਤਰ ਸ਼ੁਰੂਆਤ ਤੇ ਏਸ਼ੀਆਈ ਬਾਜ਼ਾਰਾਂ 'ਚ ਤੇਜ਼ੀ ਦੇ ਮੱਦੇਨਜ਼ਰ ਨਿਵੇਸ਼ਕਾਂ ਨੇ ਬੁੱਧਵਾਰ ਨੂੰ ਲਿਵਾਲੀ ਕੀਤੀ। ਇਸ ਕਾਰਨ ਬੰਬਈ ਸ਼ੇਅਰ ਬਾਜ਼ਾਰ (ਬੀਐੱਸਈ) ਦਾ ਸੈਂਸੈਕਸ 240.85 ਅੰਕ ਉਛਲ ਕੇ ਮੁੜ 27 ਹਜ਼ਾਰੀ ਹੋ ਗਿਆ। ਇਸ ਦਿਨ ਇਹ ਸੰਵੇਦੀ ਸੂਚਕਅੰਕ ਦੋ ਮਹੀਨਿਆਂ ਦੇ ਉੱਚੇ ਪੱਧਰ 27140.41 ਅੰਕ 'ਤੇ ਬੰਦ ਹੋਇਆ। ਮੰਗਲਵਾਰ ਨੂੰ ਵੀ ਇਸ 'ਚ 173.01 ਅੰਕ ਦੀ ਚੜ੍ਹਤ ਦਰਜ ਹੋਈ ਸੀ। ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ (ਐੱਨਐੱਸਈ) ਦਾ ਨਿਫਟੀ ਵੀ 92.05 ਅੰਕ ਚੜ੍ਹ ਕੇ 8380.65 ਅੰਕ 'ਤੇ ਬੰਦ ਹੋਇਆ।

ਬੀਤੇ ਦਿਨ ਨਿੱਜੀ ਖੇਤਰ 'ਚ ਇੰਡਸਇੰਡ ਬੈਂਕ ਨੇ ਤੀਜੀ ਤਿਮਾਹੀ 'ਚ ਵਿੱਤੀ ਨਤੀਜਿਆਂ ਦਾ ਐਲਾਨ ਕੀਤਾ ਸੀ। ਅਕਤੂਬਰ ਤੋਂ ਦਸੰਬਰ ਦੀ ਮਿਆਦ 'ਚ ਬੈਂਕ ਦੇ ਸ਼ੁੱਧ ਲਾਭ 'ਚ 29 ਫ਼ੀਸਦੀ ਦਾ ਵਾਧਾ ਹੋਇਆ ਹੈ। ਇਸ ਨਾਲ ਘਰੇਲੂ ਨਿਵੇਸ਼ਕਾਂ ਨੂੰ ਖ਼ਰੀਦਦਾਰੀ ਲਈ ਪ੍ਰੇਰਿਤ ਕੀਤਾ। ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪਹਿਲੇ ਸੰਬੋਧਨ 'ਚ ਕੁਝ ਠੋਸ ਕਦਮਾਂ ਦਾ ਐਲਾਨ ਦੀ ਉਮੀਦ 'ਚ ਬੀਤੇ ਦਿਨ ਵਾਲ ਸਟਰੀਟ 'ਚ ਉਛਾਲ ਆਇਆ। ਇਸ ਦੇ ਅਸਰ 'ਚ ਬੁੱਧਵਾਰ ਨੂੰ ਏਸ਼ੀਆਈ ਸ਼ੇਅਰ ਬਾਜ਼ਾਰਾਂ 'ਚ ਤੇਜ਼ੀ ਆਈ। ਜ਼ਿਆਦਾਤਰ ਯੂਰਪੀ ਬਾਜ਼ਾਰਾਂ 'ਚ ਵੀ ਚੜ੍ਹਤ ਦਾ ਰੁਝਾਨ ਰਿਹਾ। ਇਸ ਕਾਰਨ ਵੀ ਦਲਾਲ ਸਟਰੀਟ ਦੀ ਕਾਰੋਬਾਰੀ ਧਾਰਨਾ ਪਭਾਵਿਤ ਹੋਈ।

ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਇਸ ਦਿਨ 26978.44 ਅੰਕ 'ਤੇ ਮਜ਼ਬੂਤ ਖੁੱਲ੍ਹਾ। ਇਹ ਹੀ ਇਸ ਦਾ ਹੇਠਲਾ ਪੱਧਰ ਰਿਹਾ। ਨਿਵੇਸ਼ਕਾਂ ਦੀ ਲਿਵਾਲੀ ਵਧਣ ਨਾਲ ਇਸ ਨੇ ਮੁੜ ਕੇ ਨਹੀਂ ਦੇਖਿਆ। ਕਾਰੋਬਾਰ ਬੰਦ ਹੋਣ ਨਾਲ ਕੁਝ ਸਮੇਂ ਪਹਿਲਾਂ ਇਹ ਸੂਚਕਅੰਕ ਦਿਨ ਦੇ ਉੱਚੇ ਪੱਧਰ 2714.87 ਅੰਕਾਂ ਨੂੰ ਛੋਹਣ 'ਚ ਕਾਮਯਾਬ ਰਿਹਾ। ਇਸ ਦਿਨ ਆਈਟੀ ਨੂੰ ਛੱਡ ਕੇ ਬੀਐੱਸਈ ਦੇ ਹੋਰ ਸਾਰੇ ਸੂਚਕਅੰਕਾਂ 'ਚ ਚੜ੍ਹਤ ਦਰਜ ਕੀਤੀ ਗਈ। ਬੈਕਿੰਗ, ਮੈਟਲ, ਫਾਈਨੈਂਸ, ਕੈਪੀਟਲ ਗੁੱਡਸ ਅਤੇ ਪਾਵਰ ਕੰਪਨੀਆਂ ਦੇ ਸ਼ੇਅਰਾਂ ਨੂੰ ਖ਼ਰੀਦਦਾਰੀ ਦਾ ਜ਼ਿਆਦਾ ਲਾਭ ਮਿਲਿਆ। ਸੈਂਸੈਕਸ ਦੀਆਂ ਤੀਹ ਕੰਪਨੀਆਂ 'ਚ 23 ਦੇ ਸ਼ੇਅਰ ਫਾਇਦੇ 'ਚ ਰਹੇ, ਜਦਕਿ ਸੱਤ 'ਚ ਨੁਕਸਾਨ ਦਰਜ ਹੋਇਆ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Sensex reach highest level of two months