ਕਰੀਬ ਪੰਜ ਮਹੀਨਿਆਂ ਦੇ ਉੱਚੇ ਪੱਧਰ 'ਤੇ ਪੁੱਜਾ ਸੈਂਸੈਕਸ

Updated on: Fri, 17 Feb 2017 09:02 PM (IST)
  

ਮੁੰਬਈ (ਪੀਟੀਆਈ) : ਆਰਬੀਆਈ ਗਵਰਨਰ ਉਰਜਿਤ ਪਟੇਲ ਦੇ ਅਰਥਚਾਰੇ 'ਚ ਤੇਜ਼ ਰਿਕਵਰੀ ਸਬੰਧੀ ਬਿਆਨ ਨਾਲ ਨਿਵੇਸ਼ਕਾਂ ਦਾ ਜੋਸ਼ ਵਧ ਗਿਆ। ਉਨ੍ਹਾਂ ਦੀ ਲਿਵਾਲੀ ਦੀ ਮਜ਼ਬੂਤੀ ਨਾਲ ਦਲਾਲ ਸਟਰੀਟ 'ਚ ਸ਼ੁੱਕਰਵਾਰ ਨੂੰ ਲਗਾਤਾਰ ਦੂਜੇ ਦਿਨ ਤੇਜ਼ੀ ਜਾਰੀ ਰਹੀ। ਇਸ ਦਿਨ ਬੰਬਈ ਸ਼ੇਅਰ ਬਾਜ਼ਾਰ (ਬੀਐੱਸਈ) ਦਾ ਸੈਂਸੈਕਸ 167.48 ਅੰਕ ਉਛਲ ਗਿਆ। ਇਹ ਕਰੀਬ ਪੰਜ ਮਹੀਨਿਆਂ ਦੇ ਉੱਚੇ ਪੱਧਰ 28468.75 'ਤੇ ਬੰਦ ਹੋਇਆ। ਬੀਤੇ ਦਿਨ ਵੀ ਇਸ ਸੰਵੇਦੀ ਸੂਚਕ ਅੰਕ 'ਚ 145.71 ਅੰਕ ਦੀ ਚੜ੍ਹਤ ਦਰਜ ਹੋਈ ਸੀ। ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ (ਐੱਨਐੱਸਈ) ਦਾ ਨਿਫਟੀ 43.70 ਅੰਕ ਚੜ੍ਹ ਕੇ 8821.70 'ਤੇ ਬੰਦ ਹੋਇਆ।

ਰਿਜ਼ਰਵ ਬੈਂਕ (ਆਰਬੀਆਈ) ਦੇ ਗਵਰਨਰ ਨੇ ਇਕ ਇੰਟਰਵਿਊ 'ਚ ਕਿਹਾ ਕਿ ਨੋਟਬੰਦੀ ਦਾ ਸ਼ਿਕਾਰ ਭਾਰਤੀ ਅਰਥਚਾਰੇ 'ਚ ਤੇਜ਼ੀ ਨਾਲ ਸੁਧਾਰ ਆਵੇਗਾ। ਇਸ ਬਿਆਨ ਨੇ ਨਿਵੇਸ਼ਕਾਂ 'ਤੇ ਅਸਰ ਦਿਖਾਇਆ। ਇਸ ਦੀ ਵਜ੍ਹਾ ਨਾਲ ਉਹ ਏਸ਼ੀਆਈ ਅਤੇ ਯੂਰਪੀ ਬਾਜ਼ਾਰਾਂ 'ਚ ਗਿਰਾਵਟ ਦੇ ਰੁਝਾਨ ਨੂੰ ਨਜ਼ਰਅੰਦਾਜ਼ ਕਰ ਗਏ। ਇਸ ਤੋਂ ਇਲਾਵਾ ਆਰਬੀਆਈ ਵੱਲੋਂ ਵਿਦੇਸ਼ ਸੰਸਥਾਗਤ ਨਿਵੇਸ਼ਕਾਂ (ਐੱਫਆਈਆਈ) ਨੂੰ ਬੀਤੇ ਦਿਨ ਐੱਚਡੀਐੱਫਸੀ ਬੈਂਕ ਦੇ ਸ਼ੇਅਰ ਖ਼ਰੀਦਣ ਦੀ ਮਨਜ਼ੂਰੀ ਮਿਲਣ ਨਾਲ ਵੀ ਕਾਰੋਬਾਰੀ ਧਾਰਨਾ ਪ੍ਰਭਾਵਿਤ ਹੋਈ।

ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਇਸ ਦਿਨ 28670.43 ਅੰਕ 'ਤੇ ਮਜ਼ਬੂਤ ਖੁੱਲ੍ਹਾ। ਕੁਝ ਹੀ ਪਲ 'ਚ ਇਹ ਦਿਨ ਦੇ ਉੱਚੇ ਪੱਧਰ 28726.26 ਅੰਕ ਤਕ ਚਲਾ ਗਿਆ। ਬਾਅਦ 'ਚ ਕਾਰੋਬਾਰ ਦੌਰਾਨ ਇਹ ਦਿਨ ਦੇ ਹੇਠਲੇ ਪੱਧਰ 28410.91 ਅੰਕ ਨੂੰ ਵੀ ਛੋਹ ਗਿਆ। ਹੈਲਥਕੇਅਰ, ਤੇਲ ਤੇ ਗੈਸ, ਫਾਈਨੈਂਸ ਅਤੇ ਬੈਂਕਿੰਗ ਕੰਪਨੀਆਂ ਦੇ ਸ਼ੇਅਰਾਂ ਨੂੰ ਲਿਵਾਲੀ ਦਾ ਜ਼ਿਆਦਾ ਲਾਭ ਮਿਲਿਆ। ਇਸ ਦੇ ਉਲਟ ਆਈਟੀ, ਟੈਕਨਾਲੋਜੀ ਅਤੇ ਮੈਟਲ ਦੇ ਸ਼ੇਅਰਾਂ ਨੂੰ ਜ਼ਿਆਦਾ ਮਾਰ ਝੱਲਣੀ ਪਈ। ਤੀਹ ਕੰਪਨੀਆਂ ਵਾਲੇ ਸੈਂਸੈਕਸ ਦੇ 15 ਸ਼ੇਅਰਾਂ 'ਚ ਫ਼ਾਇਦਾ ਦਰਜ ਹੋਇਆ, ਜਦਕਿ ਐਨੇ ਹੀ ਨੁਕਸਾਨ 'ਚ ਰਹੇ।

ਐੱਚਡੀਐੱਫਸੀ ਬੈਂਕ ਨੇ ਰਿਲਾਇੰਸ ਨੂੰ ਪਛਾੜਿਆ

ਵੈਲਿਊਏਸ਼ਨ ਦੇ ਮਾਮਲੇ 'ਚ ਐੱਚਡੀਐੱਫਸੀ ਬੈਂਕ ਸ਼ੁੱਕਰਵਾਰ ਨੂੰ ਰਿਲਾਇੰਸ ਇੰਡਸਟਰੀਜ਼ ਨੂੰ ਪਿੱਛੇ ਛੱਡ ਕੇ ਦੂਜਾ ਸਥਾਨ ਹਥਿਆ ਲਿਆ। ਰਿਜ਼ਰਵ ਬੈਂਕ ਵੱਲੋਂ ਐੱਫਆਈਆਈ ਨੂੰ ਬੈਂਕ 'ਚ ਖ਼ਰੀਦਦਾਰੀ ਦੀ ਆਗਿਆ ਦਿੱਤੇ ਜਾਣ ਨਾਲ ਇਸ ਦਾ ਸ਼ੇਅਰ 3.75 ਫ਼ੀਸਦੀ ਉਛਲ ਗਿਆ। ਇਸ ਦਿਨ ਬੈਂਕ ਦਾ ਸ਼ੇਅਰ 1377.15 ਰੁਪਏ 'ਤੇ ਬੰਦ ਹੋਇਆ। ਨਤੀਜੇ ਵਜੋਂ ਐੱਚਡੀਐੱਫਸੀ ਬੈਂਕ ਦਾ ਬਾਜ਼ਾਰ ਪੂੰਜੀਕਰਨ 13,126.93 ਕਰੋੜ ਰੁਪਏ ਵਧ ਕੇ 3,52,313.93 ਕਰੋੜ ਰੁਪਏ ਹੋ ਗਿਆ। ਇਸ ਦੇ ਮੁਕਾਬਲੇ ਰਿਆਇੰਸ ਦੀ ਮਾਰਕੀਟ ਵੈਲਿਊਏਸ਼ਨ ਕਰ ਕੇ 3,48,828.60 ਕਰੋੜ ਰੁਪਏ 'ਤੇ ਰਹੀ। ਟੀਸੀਐੱਸ 4,74,508.60 ਕਰੋੜ ਰੁਪਏ ਦੇ ਬਾਜ਼ਾਰ ਪੂੰਜੀਕਰਨ ਨਾਲ ਸਿਖਰ 'ਤੇ ਬਰਕਰਾਰ ਹੈ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Sensex on five month top