ਨਵੀਂ ਦਿੱਲੀ: ਕੇਂਦਰ 'ਚ ਲਗਾਤਾਰ ਦੂਸਰੀ ਵਾਰ ਸਰਕਾਰ ਬਣਾਉਣ ਤੋਂ ਬਾਅਦ ਅੱਜ ਯਾਨੀ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਦੀ ਪ੍ਰਧਾਨਗੀ 'ਚ ਕੇਂਦਰੀ ਕੈਬਨਿਟ ਦੀ ਪਹਿਲੀ ਬੈਠਕ ਹੋਵੇਗੀ। ਸੂਤਰਾਂ ਅਨੁਸਾਰ ਇਸ ਬੈਠਕ 'ਚ ਪ੍ਰਧਾਨ ਮੰਤਰੀ ਆਪਣੀ ਸਰਕਾਰ ਦੇ ਰੋਡਮੈਪ ਨੂੰ ਸਾਹਮਣੇ ਰੱਖ ਕੇ ਲਘੂ ਅਤੇ ਕਰੋਨਿਕ ਏਜੰਡੇ 'ਤੇ ਚਰਚਾ ਕਰ ਸਕਦੇ ਹਨ। ਦੱਸ ਦੇਈਏ ਕਿ ਉਕਤ ਬੈਠਕ ਪੀਐੱਮ ਮੋਦੀ ਦੀ ਕੇਂਦਰ 'ਚ ਸਾਰੇ ਸਕੱਤਰਾਂ ਨਾਲ ਹੋਈ ਗੱਲਬਾਤ ਦੇ ਅਗਲੇ ਦਿਨ ਹੋ ਰਹੀ ਹੈ।

ਸੂਤਰਾਂ ਨੇ ਦੱਸਿਆ ਕਿ ਇਸ ਬੈਠਕ 'ਚ ਜੁਲਾਈ ਨੂੰ ਸੰਸਦ 'ਚ ਪੇਸ਼ ਕੀਤੇ ਜਾਣ ਵਾਲੇ ਕੇਂਦਰੀ ਬਜਟ ਦੀ ਤਿਆਰੀਆਂ 'ਤੇ ਚਰਚਾ ਹੋ ਸਕਦੀ ਹੈ। ਇਸ ਤੋਂ ਇਲਾਵਾ ਕੈਬਨਿਟ ਕੁਝ ਬਿੱਲਾਂ 'ਤੇ ਵੀ ਮੋਹਰ ਲਗਾ ਸਕਦੀ ਹੈ ਜੋ ਪਿਛਲੀ ਸਰਕਾਰ 'ਚ ਪਾਸ ਨਹੀਂ ਹੋ ਸਕੇ ਸਨ। ਦੱਸ ਦੇਈਏ ਕਿ ਕੇਂਦਰੀ ਮੰਤਰੀਆਂ ਨੇ ਸਬੰਧਿਤ ਮੰਤਰਾਲਿਆਂ ਦੀਆਂ ਜ਼ਿੰਮੇਵਾਰੀਆਂ ਸੰਭਾਲ ਲਈਆਂ ਹਨ ਪਰ ਰਾਜ ਮੰਤਰੀਆਂ ਦੇ ਕੰਮਾਂ ਦੀ ਵੰਡ ਹਾਲੇ ਤਕ ਨਹੀਂ ਕੀਤੀ ਗਈ ਹੈ। ਅਜਿਹੇ 'ਚ ਅੱਜ ਇਨ੍ਹਾਂ ਕੰਮਾਂ ਦਾ ਫ਼ੈਸਲਾ ਕੀਤਾ ਜਾ ਸਕਦਾ ਹੈ।

ਜ਼ਿਕਰਯੋਗ ਹੈ ਕਿ ਚੋਣ ਪ੍ਰਚਾਰ ਦੌਰਾਨ ਕਈ ਥਾਵਾਂ 'ਤੇ ਲੋਕਾਂ ਨੇ ਸ਼ਿਕਾਇਤ ਵੀ ਕੀਤੀ ਸੀ ਕਿ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦਾ ਲਾਭ ਨਹੀਂ ਮਿਲ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਅਦਾ ਵੀ ਕੀਤਾ ਸੀ ਕਿ ਇਸ ਤੋਂ ਕੋਈ ਵਾਂਝਾ ਨਹੀਂ ਰਹੇਗਾ। ਅਜਿਹੇ 'ਚ ਯੋਜਨਾ ਨੂੰ ਬਿਹਤਰ ਤਰੀਕੇ ਨਾਲ ਲਾਗੂ ਕਰਨ ਬਾਰੇ ਵੀ ਇਸ ਬੈਠਕ 'ਚ ਚਰਚਾ ਹੋ ਸਕਦੀ ਹੈ। ਸਰਕਾਰ ਦੇ ਏਜੰਡੇ 'ਚ 10 ਆਰਡੀਨੈਂਸ ਦੀ ਜਗ੍ਹਾ ਲੈਣ ਵਾਲੇ ਕਾਨੂੰਨਾਂ ਸਮੇਤ ਕਈ ਅਹਿਮ ਬਿੱਲ ਵੀ ਹਨ, ਜਿਨ੍ਹਾਂ 'ਤੇ ਮੰਥਨ ਹੋ ਸਕਦਾ ਹੈ।

Posted By: Akash Deep