ਨਵੀਂ ਦਿੱਲੀ (ਆਈਏਐੱਨਐੱਸ) : ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ) ਨੇ ਜੰਮੂ-ਕਸ਼ਮੀਰ ਦੇ ਕੁਝ ਹੋਰ ਵੱਖਵਾਦੀਆਂ ਤੋਂ ਪੁੱਛਗਿੱਛ ਕਰਨ ਦੀ ਤਿਆਰੀ ਕਰ ਲਈ ਹੈ। ਨਾਲ ਹੀ ਵਾਦੀ ਵਿਚ ਅੱਤਵਾਦੀ ਫੰਡਿੰਗ ਕਰਨ ਵਾਲੇ ਇਨ੍ਹਾਂ ਲੋਕਾਂ ਦੀਆਂ ਜਾਇਦਾਦਾਂ ਵੀ ਜ਼ਬਤ ਕੀਤੀਆਂ ਜਾਣਗੀਆਂ।

ਐੱਨਆਈਏ ਦੇ ਇਕ ਸੀਨੀਅਰ ਅਧਿਕਾਰੀ ਨੇ ਵੀਰਵਾਰ ਨੂੰ ਦੱਸਿਆ ਕਿ ਜਾਂਚ ਏਜੰਸੀ ਨੇ ਕਸ਼ਮੀਰ ਵਾਦੀ ਵਿਚ ਅਲੱਗ-ਅਲੱਗ ਵੱਖਵਾਦੀ ਜਮਾਤਾਂ ਦੇ ਆਗੂਆਂ ਦੀਆਂ ਜਾਇਦਾਦਾਂ ਦੀ ਪਛਾਣ ਕਰ ਲਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਹਾਲ ਹੀ ਦੇ ਮਹੀਨਿਆਂ ਵਿਚ ਕਈ ਲੋਕਾਂ ਤੋਂ ਪੁੱਛਗਿੱਛ ਦੌਰਾਨ ਕਈ ਵੱਡੇ ਸੁਰਾਗ ਹੱਥ ਲੱਗੇ ਹਨ। ਐੱਨਆਈਏ ਨੇ ਮੰਗਲਵਾਰ ਨੂੰ ਅਨੀਸ-ਉਲ-ਇਸਲਾਮ ਦੇ ਜੇਲ੍ਹ ਵਿਚ ਬੰਦ ਪੁੱਤਰ ਅਲਤਾਫ ਅਹਿਮਦ ਸ਼ਾਹ ਉਰਫ਼ ਫੰਟੂਸ਼ ਦੇ ਵਿੱਤੀ ਲੈਣਦੇਣ ਦੇ ਸਬੰਧ ਵਿਚ ਜਾਣਕਾਰੀਆਂ ਇਕੱਤਰ ਕੀਤੀਆਂ ਹਨ। ਨਾਲ ਹੀ ਕਸ਼ਮੀਰ ਵਾਦੀ ਵਿਚ ਪੱਥਰਬਾਜ਼ੀ ਵਿਚ ਉਸ ਦੀ ਭੂਮਿਕਾ ਦਾ ਵੀ ਪਤਾ ਚੱਲ ਗਿਆ ਹੈ। ਇਸਲਾਮ ਵੱਖਵਾਦੀ ਜਮਾਤ ਹੁਰੀਅਤ ਕਾਨਫਰੰਸ ਦੇ ਆਗੂ ਸੱਯਦ ਅਲੀ ਸ਼ਾਹ ਗਿਲਾਨੀ ਦਾ ਦੋਹਤਾ ਹੈ। ਗਿਲਾਨੀ ਜੰਮੂ-ਕਸ਼ਮੀਰ ਨੂੰ ਪਾਕਿਸਤਾਨ ਦੇ ਸਪੁਰਦ ਕਰਨ ਦਾ ਹਮਾਇਤੀ ਹੈ। ਇਸਲਾਮ ਦੇ ਪਿਤਾ ਦਾ ਵਿਆਹ ਗਿਲਾਨੀ ਦੀ ਬੇਟੀ ਨਾਲ ਹੋਇਆ ਹੈ।

ਅਧਿਕਾਰੀਆਂ ਦਾ ਇਹ ਵੀ ਕਹਿਣਾ ਹੈ ਕਿ ਇਸਲਾਮ ਤੋਂ ਅੱਤਵਾਦੀ ਸਰਗਰਮੀਆਂ ਦਾ ਵਿੱਤੀ ਪੋਸ਼ਣ ਕਰਨ ਵਾਲਿਆਂ ਦੇ ਬਾਰੇ ਵਿਚ ਵੀ ਪੁੱਛਗਿੱਛ ਕੀਤੀ ਗਈ ਹੈ। ਉਸ ਤੋਂ ਸੁਰੱਖਿਆ ਬਲਾਂ 'ਤੇ ਪੱਥਰਬਾਜ਼ੀ ਕਰਨ ਵਾਲਿਆਂ, ਸਕੂਲ ਸਾੜਨ ਵਾਲਿਆਂ ਅਤੇ ਵਾਦੀ ਵਿਚ ਸਰਕਾਰੀ ਅਦਾਰਿਆਂ ਨੂੰ ਨੁਕਸਾਨ ਪੁਚਾਉਣ ਵਾਲਿਆਂ ਦੇ ਸਬੰਧ ਵਿਚ ਪੁੱਛਗਿੱਛ ਕੀਤੀ ਗਈ ਹੈ। ਉਸ ਤੋਂ ਉਸ ਦੇ ਵਿੱਤੀ ਲੈਣਦੇਣ, ਪਰਿਵਾਰ ਦਾ ਵੇਰਵਾ ਅਤੇ ਵਿਦੇਸ਼ ਯਾਤਰਾਵਾਂ ਦਾ ਵੀ ਵੇਰਵਾ ਮੰਗਿਆ ਗਿਆ ਹੈ। ਪਿਛਲੇ ਹਫ਼ਤੇ ਐੱਨਆਈਏ ਨੇ ਅੰਗਰੇਜ਼ੀ ਅਖ਼ਬਾਰ ਗ੍ਰੇਟਰ ਕਸ਼ਮੀਰ ਦੇ ਮਾਲਕ ਅਤੇ ਸੰਪਾਦਕ ਫਿਆਜ਼ ਅਹਿਮਦ ਕਾਲੂ ਤੋਂ ਵੀ ਅੱਤਵਾਦੀ ਬੁਰਹਾਨ ਵਾਨੀ ਦੇ ਮਾਰੇ ਜਾਣ ਪਿੱਛੋਂ ਲਿਖੇ ਗਏ ਲੇਖਾਂ 'ਤੇ ਸਵਾਲ-ਜਵਾਬ ਕੀਤਾ ਸੀ। ਇਨ੍ਹਾਂ ਲੇਖਾਂ ਵਿਚ ਫਿਆਜ਼ ਅਹਿਮਦ ਕਾਲੂ ਨੇ ਟੈਰਰ ਫੰਡਿੰਗ ਨਾਲ ਸਬੰਧਿਤ ਲੇਖ ਲਿਖੇ ਸਨ। ਸਾਲ 2017 'ਚ ਅੱਤਵਾਦੀ ਫੰਡਿੰਗ ਦੇ ਸਬੰਧ ਵਿਚ ਐੱਨਆਈਏ ਨੇ ਕਈ ਅੱਤਵਾਦੀਆਂ ਜਿਵੇਂ ਹਾਫਿਜ਼ ਸਈਦ, ਹੁਰੀਅਤ ਕਾਨਫਰੰਸ ਦੇ ਆਗੂ ਗਿਲਾਨੀ ਅਤੇ ਮੀਰਵਾਇਜ਼ ਮੌਲਵੀ ਫਾਰੂਕ ਅਤੇ ਹਿਜ਼ਬੁਲ ਅਤੇ ਦੁਖਤਰਾਨ-ਏ-ਮਿਲਤ ਦੇ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤੇ ਸਨ।

ਐੱਨਆਈਏ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਚੱਲ ਗਿਆ ਹੈ ਕਿ ਵੱਖਵਾਦੀ ਆਗੂਆਂ ਨੂੰ ਕਿਸ ਤਰ੍ਹਾਂ ਨਾਲ ਹਵਾਲਾ ਰਾਹੀਂ ਪੈਸਾ ਮਿਲਦਾ ਹੈ। ਇਸੇ ਸਬੰਧ ਵਿਚ ਐੱਨਆਈਏ ਕਸ਼ਮੀਰੀ ਕਾਰੋਬਾਰੀ ਜ਼ਹੂਰ ਅਹਿਮਦ ਸ਼ਾਹ ਵਟਾਲੀ ਨੂੰ ਵੀ ਗਿ੍ਫ਼ਤਾਰ ਕਰ ਚੁੱਕੀ ਹੈ। ਦੱਸਿਆ ਜਾਂਦਾ ਹੈ ਕਿ ਆਸੀਆ ਅੰਦਰਾਬੀ ਵੀ ਇਹ ਕਬੂਲ ਕਰ ਚੁੱਕੀ ਹੈ ਕਿ ਉਸ ਨੂੰ ਵਿਦੇਸ਼ ਤੋਂ ਚੰਦਾ ਮਿਲਦਾ ਹੈ। ਉਸ ਤੋਂ ਸਾਲ 2011 ਤੋਂ ਉਸ ਦੇ ਮਲੇਸ਼ੀਆ 'ਚ ਪੜ੍ਹ ਰਹੇ ਪੁੱਤਰ ਦੇ ਖ਼ਰਚ ਦੇ ਬਾਰੇ ਵਿਚ ਵੀ ਪੁੱਛਗਿੱਛ ਕੀਤੀ ਗਈ ਹੈ।