ਨਵੀਂ ਦਿੱਲੀ : ਖ਼ਤਰਨਾਕ ਗਰਮੀ ਨਾਲ ਜੂਝ ਰਹੀ ਦਿੱਲੀ ਵਿਚ ਅਗਲੇ ਦੋ ਦਿਨ ਸਾਹ ਲੈਣਾ ਵੀ ਮੁਸ਼ਕਲ ਹੋ ਸਕਦਾ ਹੈ। ਪਾਕਿਸਤਾਨ ਅਤੇ ਅਫ਼ਗਾਨਿਸਤਾਨ ਤੋਂ ਉੱਠਿਆ ਧੂੜ ਭਰਿਆ ਇਕ ਵੱਡਾ ਤੂਫ਼ਾਨ ਬੁੱਧਵਾਰ ਨੂੰ ਦਿੱਲੀ-ਐੱਨਸੀਆਰ ਸਮੇਤ ਸਮੁੱਚੇ ਉੱਤਰੀ ਭਾਰਤ ਨੂੰ ਬੇਹਾਲ ਕਰ ਸਕਦਾ ਹੈ। ਇਸ ਦਾ ਅਸਰ ਅਗਲੇ ਦੋ ਦਿਨ ਤਕ ਬਣੇ ਰਹਿਣ ਦੇ ਆਸਾਰ ਹਨ। ਕੇਂਦਰ ਸਰਕਾਰ ਦੀ ਸੰਸਥਾ ਸਫ਼ਰ ਇੰਡੀਆ ਨੇ ਮੰਗਲਵਾਰ ਦੇਰ ਸ਼ਾਮ ਇਸ ਸਬੰਧੀ ਅਲਰਟ ਵੀ ਜਾਰੀ ਕਰ ਦਿੱਤਾ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਵੀ ਪੂਰੇ ਹਾਲਾਤ 'ਤੇ ਨਜ਼ਰ ਹੈ।

ਸਫਰ ਇੰਡੀਆ ਦੇ ਪ੍ਰੋਜੈਕਟ ਡਾਇਰੈਕਟਰ ਡਾ. ਗੁਫਰਾਨ ਬੇਗ ਮੁਤਾਬਿਕ, ਮੰਗਲਵਾਰ ਨੂੰ ਪਾਕਿਸਤਾਨ ਦੇ ਕਰਾਚੀ ਅਤੇ ਅਫ਼ਗਾਨਿਸਤਾਨ ਦੇ ਸਿਸਤਾਨ ਬੇਸਿਨ ਸ਼ਹਿਰ 'ਚ ਧੂੜ ਦਾ ਇਕ ਤੂਫ਼ਾਨ ਉੱਠਿਆ ਹੈ। ਇਹ ਤੂਫ਼ਾਨ ਭਾਰਤ ਵੱਲ ਵਧ ਰਿਹਾ ਹੈ ਅਤੇ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ ਕਿ ਬੁੱਧਵਾਰ ਨੂੰ ਇਹ ਉੱਤਰੀ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਨੂੰ ਆਪਣੀ ਲਪੇਟ 'ਚ ਲਵੇਗਾ। ਇਸ ਤੂਫ਼ਾਨ ਨੂੰ ਰਾਜਸਥਾਨ ਦੇ ਥਾਰ ਰੇਗਿਸਤਾਨ ਦੀ ਧੂੜ ਹੋਰ ਗੰਭੀਰ ਬਣਾਵੇਗੀ।

ਸਫਰ ਇੰਡੀਆ ਵਲੋਂ ਜਾਰੀ ਅਲਰਟ ਅਨੁਸਾਰ ਇਸ ਨਾਲ ਪੀਐੱਮ 2.5 ਅਤੇ ਪੀਐੱਮ 10 ਦੋਵਾਂ ਦੀ ਮਾਤਰਾ 'ਚ ਖਾਸਾ ਵਾਧਾ ਹੋਵੇਗਾ। ਹਵਾ ਦੀ ਗੁਣਵੱਤਾ ਦਾ ਪੱਧਰ ਬਹੁਤ ਖ਼ਰਾਬ ਸ਼੍ਰੇਣੀ ਤੋਂ ਗੰਭੀਰ ਸ਼੍ਰੇਣੀ 'ਚ ਪਹੁੰਚਣ ਦੇ ਆਸਾਰ ਹਨ। ਲਿਹਾਜ਼ਾ, ਸਾਹ ਦੇ ਮਰੀਜ਼ਾਂ ਨੂੰ ਸਾਹ ਲੈਣ 'ਚ ਤਕਲੀਫ਼ ਹੋ ਸਕਦੀ ਹੈ ਅਤੇ ਗਰਮੀ ਦੇ ਇਸ ਮੌਸਮ ਵਿਚ ਲੋਕਾਂ ਨੂੰ ਮਾਸਕ ਪਹਿਣਨ ਲਈ ਮਜਬੂਰ ਹੋਣਾ ਪੈ ਸਕਦਾ ਹੈ।

Posted By: Seema Anand