ਹਰਮਿੰਦਰ ਸਿੰਘ 'ਭੱਟ' - ਅਜੋਕੇ ਸਮੇਂ ਵਿਚ ਪੰਜਾਬ ਦੇ ਰੀਤੀ-ਰਿਵਾਜਾਂ ਦਾ ਖ਼ਤਮ ਹੋਣਾ ਵੱਡਾ ਚਿੰਤਾ ਦਾ ਵਿਸ਼ਾ ਬਣ ਚੁੱਕਾ ਹੈ। ਦਿਨੋਂ ਦਿਨ ਵੱਧ ਰਿਹਾ ਵਿਦੇਸ਼ੀ ਪਹਿਰਾਵਿਆਂ ਪ੍ਰਤੀ ਖਿੱਚ ਨੌਜਵਾਨੀ ਨੂੰ ਆਪਣੇ ਵਿਰਸੇ ਤੋਂ ਕੋਹਾਂ ਦੂਰ ਲਈ ਜਾ ਰਹੀ ਹੈ। ਨੌਜਵਾਨ ਹੀ ਨਹੀਂ ਸਗੋਂ ਮੇਰੇ ਸੋਹਣੇ ਪੰਜਾਬ ਦੀ ਮੁਟਿਆਰ ਵੀ ਇਸ ਦੀ ਮਾਰ ਹੇਠ ਆ ਕੇ ਆਪਣੇ ਸਿਰ ਦੀ ਚੁੰਨੀ ਅਤੇ ਸੱਭਿਆਚਾਰਕ ਵਿਰਸੇ ਵਿਚ ਮਿਲੇ ਪਹਿਰਾਵਿਆਂ ਨੂੰ ਤਾਂ ਬਿਲਕੁਲ ਵਿਸਾਰ ਹੀ ਗਈ ਹੈ। ਹਰ ਰੋਜ਼ ਆ ਰਹੇ ਨਵੇਂ ਫ਼ੈਸ਼ਨਾਂ ਨੇ ਜਿੱਥੇ ਨੌਜਵਾਨਾਂ ਨੂੰ ਆਪਣੇ ਘੇਰੇ ਵਿਚ ਲਿਆ ਹੈ ਉੱਥੇ ਕੁੜੀਆਂ ਨੂੰ ਆਪਣੇ ਜਾਲ ਵਿਚ ਪੂਰੀ ਤਰ੍ਹਾਂ ਜਕੜ ਵਿਚ ਲੈ ਲਿਆ ਹੈ।

ਚੰਨੀ ਦੀ ਟੌਰ੍ਹ

ਪੰਜਾਬੀ ਸੂਟ ਤੇ ਸਿਰ ਚੰਨੀ ਦੀ ਟੌਰ੍ਹ ਨੂੰ ਭੁੱਲ ਕੇ ਜ਼ੀਨਾਂ, ਪੈਂਟਾਂ, ਸਰਟਾਂ ਅਤੇ ਸ਼ਾਰਟ ਸਕਰਟ ਹੋਰ ਪਤਾ ਨਹੀਂ ਕਿਹੜੇ-ਕਿਹੜੇ ਲਿਬਾਸਾਂ ਦੇ ਘੇਰੇ ਵਿਚ ਫਸੀ ਪੰਜਾਬੀ ਮੁਟਿਆਰ ਨੂੰ ਇਹ ਵੀ ਯਾਦ ਨਹੀਂ ਕਿ ਗਿਧਿਆਂ ਦੀ ਰਾਣੀ ਅਖਵਾਉਣ ਵਾਲੀ ਸਾਉਣ ਦੇ ਮਹੀਨੇ ਤਿੰ੍ਰਜਣਾਂ, ਤੀਆਂ ਦੇ ਤਿਉਹਾਰਾਂ ਵਿਚ ਸ਼ਿੰਗਾਰ ਅੱਗੇ ਇਹ ਵਿਦੇਸ਼ੀ ਬਾਣਿਆਂ ਦੀ ਅਹਿਮੀਅਤ ਰੱਤੀ ਭਰ ਵੀ ਨਹੀਂ। ਮੇਰੀਆਂ ਭੈਣਾਂ ਦੇ ਲੰਬੀ ਗੁੱਤ ਤੇ ਉਸ ਤੇ ਗੁੰਦੇ ਹੋਏ ਰੀਬਨ, ਪਰਾਂਦਾ, ਤੇ ਮੱਥੇ 'ਤੇ ਸੱਗੀ ਫ਼ੁੱਲ ਉਸ ਦੇ ਰੂਪ ਨੂੰ ਸ਼ਿੰਗਾਰ ਦਿੰਦਾ ਸੀ ਅਜੋਕੇ ਸਮੇਂ ਵਿਚ ਪਹਿਲਾਂ ਤਾਂ ਗੁੱਤ ਕਿਸੇ-ਕਿਸੇ ਮੁਟਿਆਰ ਦੇ ਹੀ ਹੋਣੀ ਹੈ। ਜੂੜਿਆਂ ਦੇ ਚਲੇ ਨਵੇਂ ਡਿਜ਼ਾਈਨਾਂ ਨੇ ਸਿਰ ਦੇ ਸ਼ਿੰਗਾਰ ਦਾ ਰੂਪ ਹੀ ਬਦਲ ਕੇ ਰੱਖ ਦਿੱਤਾ, ਪੈਰਾਂ ਵਿਚ ਪਾਈ ਪੰਜਾਬੀ ਜੁੱਤੀ ਨਾਲ ਤੁਰਨਾ ਵੀ ਹੁਣ ਅਲੋਪ ਹੋ ਗਿਆ ਹੈ। ਇਸ ਦੀ ਜਗ੍ਹਾ ਉੱਚੀ ਅੱਡੀ ਦੇ ਸੈਂਡਲਾਂ ਲੈ ਰਹੀ ਹੈ। ਇਹ ਵੀ ਤਾਂ ਸੱਚ ਹੈ ਕਿ ਇਨ੍ਹਾਂ ਵਿਦੇਸ਼ਾਂ ਫ਼ੈਸ਼ਨਾਂ ਵਾਲੀਆਂ ਕਰੀਮਾਂ, ਪਾਊਡਰਾਂ ਨਾਲ ਜੋ ਥੋੜ੍ਹੇ ਸਮੇਂ ਲਈ ਚਿਹਰੇ ਨੂੰ ਨਿਖਾਰਿਆਂ ਜਾਂਦਾ ਹੈ ਪਰ ਕੁੱਝ ਸਾਲਾਂ ਬਾਅਦ ਸਿਰ ਦੇ ਬਾਲ ਤਾਂ ਚਿੱਟੇ ਹੁੰਦੇ ਹੀ ਹਨ ਅਤੇ ਉਮਰ ਤੋ ਪਹਿਲਾਂ ਹੀ ਚਿਹਰੇ ਤੇ ਪਾਈਆਂ ਹੋਈਆਂ ਝੁਰੜੀਆਂ ਦਾ ਵੀ ਇਲਾਜ ਲੱਭਣਾ ਔਖਾ ਹੋ ਜਾਂਦਾ ਹੈ। ਅਜੋਕੇ ਸਮੇਂ ਵਿਚ ਜਵਾਨੀ ਸ਼ੁਰੂ ਹੋਣ ਤੋ ਪਹਿਲਾਂ ਹੀ ਬੁਢਾਪੇ ਦਾ ਆਉਣਾ ਵੀ ਇਨ੍ਹਾਂ ਭੈੜੀਆਂ ਸਰੀਰ ਦੀ ਚਮੜੀ ਲਈ ਮਾਰੂ ਕੈਮੀਕਲਾਂ ਨਾਲ ਬਣਾਈਆਂ ਗਈਆਂ ਕਰੀਮਾਂ, ਪਾਊਡਰਾਂ, ਤੇਲ ਆਦਿ ਦੀਆਂ ਹੀ ਤਾਂ ਨਿਸ਼ਾਨੀਆਂ ਹਨ।

ਘੁੰਡ ਕੱਢਣਾ

ਅੱਜ ਤੋਂ ਕੁੱਝ ਸਮੇਂ ਪਹਿਲਾਂ ਸ਼ਰਮ ਦਾ ਪੱਲੂ ਸਿਰ ਤੇ ਚੁੰਨੀ ਜਾਂ ਦੁਪੱਟਾ, ਲੰਮੀ ਕੁੜਤੀ ਨਾਲ ਘੱਗਰੇ ਦੀ ਵਰਤੋ ਕੀਤੀ ਜਾਂਦੀ ਸੀ ਇਹ ਗੋਟੇ ਵਾਲਾ ਦੁਪੱਟਾ ਸਿਰ ਤੋਂ ਲਹਿ ਕੇ ਗਲ਼ ਵਿਚ ਪਾਉਣ ਜੋਗਾ ਹੀ ਰਹਿ ਗਿਆ ਹੈ ਹੁਣ ਤਾਂ ਉਹ ਵੀ ਲੋਪ ਜਿਹਾ ਹੁੰਦਾ ਜਾ ਰਿਹਾ ਹੈ ਚਿੰਤਾ ਤਾਂ ਇਸ ਗੱਲ ਦੀ ਵੀ ਹੈ ਕਿ ਸ਼ਹਿਰ ਤਾਂ ਸ਼ਹਿਰ ਹੁਣ ਪਿੰਡਾਂ ਜਾਂ ਕਸਬਿਆਂ ਵਿਚ ਵੀ ਚੰਦਰੇ ਇਨ੍ਹਾਂ ਪਹਿਰਾਵਿਆਂ ਨੇ ਆਪਣਾ ਜਾਲ ਵਿਛਾ ਕੇ ਵਿਰਾਸਤੀ ਪਹਿਰਾਵਿਆਂ ਨੂੰ ਅਧਮੋਇਆ ਕਰ ਦਿੱਤਾ ਹੈ। ਪਿੰਡਾਂ ਵਿਚ ਤਾਂ ਵਿਆਹੀਆਂ ਔਰਤਾਂ ਹਮੇਸ਼ਾ ਆਪਣੇ ਤੋਂ ਵੱਡੇ ਜਿਵੇਂ ਸਹੁਰੇ, ਜੇਠ ਅਤੇ ਪਿੰਡ ਜਾਂ ਰਿਸ਼ਤੇਦਾਰੀ ਵਿਚ ਵੀ ਆਪਣੇ ਤੋਂ ਵਡੇਰੇ ਅੱਗੇ ਘੁੰਡ ਕੱਢ ਕੇ ਰੱਖਿਆ ਜਾਂਦਾ ਸੀ ਇਸੇ ਕਰ ਕੇ ਤਾਂ ਸਿਰ ਤੋਂ ਚੁੰਨੀ ਨਹੀਂ ਲਾਹੀ ਜਾਂਦੀ ਸੀ। ਵਿਆਹ-ਸ਼ਾਦੀਆਂ ਤੋਂ ਪਹਿਲਾਂ ਚੁੰਨੀ ਚੜ੍ਹਾਉਣ ਦੀ ਰਸਮ ਕੀਤੀ ਜਾਂਦੀ ਹੈ ਜੋ ਕਿ ਸਹੁਰੇ ਪਰਿਵਾਰ ਵੱਲੋਂ ਨਿਭਾਈ ਜਾਂਦੀ ਹੈ ਜਿਸ ਦਾ ਅਰਥ ਹੁੰਦਾ ਹੈ ਕਿ ਹੁਣ ਲੜਕੀ ਸਹੁਰੇ ਘਰ ਦੀ ਧੀਆਂ ਵਾਂਗਰਾਂ ਇੱਜ਼ਤ ਹੈ ਪਰ ਇਸ ਦੀ ਮਹੱਤਤਾ ਨੂੰ ਅਣਗੌਲਿਆ ਹੁੰਦਾ ਦੇਖ ਅਫ਼ਸੋਸ ਉਦੋਂ ਹੁੰਦਾ ਹੈ ਜਦੋਂ ਵਿਆਹੀਆਂ ਹੋਈਆਂ ਮੇਰੀਆਂ ਭੈਣਾਂ ਵੀ ਜੀਨਜ਼ ਅਤੇ ਸਰਕਟਾਂ ਪਹਿਨਣਾ ਪਸੰਦ ਕਰ ਕਰਦੀਆਂ ਹਨ ਤੇ ਉਨ੍ਹਾਂ ਦੇ ਪਤੀ ਪਰਮੇਸ਼ਰ ਨੂੰ ਵੀ ਇਹ ਪਸੰਦ ਹੋਣਾ ਸੁਭਾਵਿਕ ਹੀ ਹੋ ਜਾਂਦਾ ਹੈ ਸ਼ਾਇਦ ਇਹ ਵੀ ਰਿਸ਼ਤੇ ਵਿਚ ਦਰਾਰ ਜਿਹਾ ਪਾਉਣ ਦਾ ਇਕ ਕਾਰਨ ਜਿਹਾ ਬਣਦਾ ਜਾ ਰਿਹਾ ਹੈ ਕਿਉਂਕਿ ਆਪਣੇ ਨਿੱਜੀ ਰਿਸ਼ਤੇ ਪ੍ਰਤੀ ਸ਼ੱਕੀ ਹੋਣਾ ਵੀ ਆਮ ਜਿਹੀ ਆਦਤ ਜੋ ਹੈ।

ਨੌਕਰੀ ਪੇਸ਼ਾ ਔਰਤਾਂ

ਜੇਕਰ ਇਕ ਪੱਖ ਤੋ ਹੋਰ ਨਜ਼ਰ ਮਾਰੀਏ ਤਾਂ ਜ਼ਿਆਦਾਤਰ ਬੜੇ ਸੋਅ ਰੂਮਾਂ ਜਾਂ ਹੋਰ ਅਦਾਰਿਆਂ ਵਿਚ ਜ਼ਰੂਰਤਮੰਦ ਨੌਕਰੀ ਪੇਸ਼ਾ ਔਰਤਾਂ ਜਾਂ ਕੁੜੀਆਂ ਤੋਂ ਇਲਾਵਾ ਸ਼ੌਕੀਨ ਕੁੜੀਆਂ ਅਤੇ ਔਰਤਾਂ ਨੂੰ ਮਾਲਕਾਂ ਵੱਲੋਂ ਇਹ ਮੰਗ ਰੱਖੀ ਜਾਂਦੀ ਹੈ ਕਿ ਜੀਨ ਪੈਂਟ ਜਾਂ ਟਾਪ ਪਹਿਨ ਕੇ ਹੀ ਦੁਕਾਨ 'ਤੇ ਆਉਣ ਤਾਂ ਕਿ ਗ੍ਰਾਹਕ ਉਨ੍ਹਾਂ ਨੂੰ ਦੇਖ ਆਕਰਸ਼ਿਤ ਹੋ ਕੇ ਦੁਕਾਨਦਾਰਾਂ ਦੀ ਆਮਦਨ ਨੂੰ ਵਧਾਉਣ। ਸਿਰ ਚੰਨੀ ਜਾਂ ਸਲਵਾਰ ਸੂਟ ਤਾਂ ਔਰਤ ਦਾ ਸ਼ਿੰਗਾਰ ਹੈ ਜੋ ਉਸ ਦੇ ਰੂਪ ਨੂੰ ਚਾਰ ਗੁਣਾਂ ਵੱਧ ਨਿਖਾਰਦਾ ਹੈ ਪਰ ਅੱਜ ਕੱਲ੍ਹ ਤਾਂ ਧਾਰਮਿਕ ਅਸਥਾਨਾਂ 'ਤੇ ਵੀ ਮੱਥਾ ਟੇਕਣ ਜਾਂਦੇ ਸਮੇਂ ਕੈਪਰੀ ਜਾਂ ਜੀਨ ਆਦਿ ਜਿਹੇ ਫ਼ੈਸ਼ਨ ਭਰੇ ਲਿਬਾਸਾਂ ਨੂੰ ਪਹਿਨਕੇ ਜਾਇਆ ਜਾਂਦਾ ਹੈ।

ਫ਼ੈਸ਼ਨ

ਫ਼ੈਸ਼ਨ ਦੀ ਤੇਜ਼ ਰਫ਼ਤਾਰ ਮਗਰ ਲੱਗ ਕੇ ਅਸੀਂ ਆਪਣੇ ਬੱਚਿਆਂ ਅਤੇ ਖ਼ਾਸਕਰ ਆਉਣ ਵਾਲੀ ਪੀੜ੍ਹੀ ਨੂੰ ਚੰਗੀ ਸੇਧ ਨਹੀਂ ਦੇ ਸਕਦੇ ਜਿਸ ਦੇ ਸਿੱਟੇ ਵਜੋਂ ਇਹ ਸੱਭਿਆਚਾਰਕ ਵਿਰਸੇ ਵਿਚ ਮਿਲੇ ਸ਼ਿੰਗਾਰ ਦੇ ਲਿਬਾਸਾਂ ਵਾਲੇ ਗਹਿਣੇ ਆਉਣ ਵਾਲੇ ਦਿਨਾਂ ਵਿਚ ਅਜਾਇਬ ਘਰਾਂ ਦੀ ਸ਼ਾਨ ਬਣ ਜਾਣਗੇ ਤੇ ਸਾਡੀਆਂ ਪੀੜ੍ਹੀਆਂ ਇਸ ਨੂੰ ਅਚੰਭੇ ਨਾਲ ਦੇਖਿਆ ਕਰਨਗੀਆਂ। ਇਸ ਕਰਕੇ ਲੋੜ ਹੈ ਅਜੋਕੇ ਸਮੇਂ ਵਿਚ ਆਪਣੇ ਮਾਣਮੱਤੇ ਵਿਰਸੇ ਨੂੰ ਸੰਭਾਲਣ ਦੀ ਅਤੇ ਪੰਜਾਬੀ ਸੱਭਿਆਚਾਰਕ ਲਿਬਾਸ ਕੱਪੜੇ ਅਤੇ ਸਿਰ ਚੁੰਨੀ ਦੁਪੱਟਾ ਲੈ ਕੇ ਆਪਣੇ ਵਿਰਸੇ ਦੀ ਸ਼ਾਨ ਨੂੰ ਬਰਕਰਾਰ ਰੱਖ ਕੇ ਹੋਰ ਉੱਚਾ ਰੱਖਣ ਦਾ ਯਤਨ ਕੀਤਾ ਜਾਵੇ।

Posted By: Harjinder Sodhi