ਜਦੋਂ ਅਸਾਮੀ ਸਿੱਖ ਦੋਸਤ ਨੇ ਅਸਾਮ 'ਚ ਦਾਖ਼ਲ ਹੋਣੋਂ ਵਰਜਿਆ

ਸਵੇਰ ਹੋਈ ਤਾਂ ਸਾਰਿਆਂ ਆਪਣੇ ਮੋਟਰਸਾਈਕਲ ਦਰਬਾਰ ਸਾਹਿਬ ਦੇ ਬਾਹਰ ਸਥਾਪਤ ਕੀਤੇ ਖੰਡਾ ਸਾਹਿਬ ਦੇ ਕੋਲ ਖੜ੍ਹੇ ਕਰ ਦਿੱਤੇ। ਅਸੀਂ ਮੱਥਾ ਟੇਕਿਆ ਤੇ ਆਪਣੀ ਮੰਜ਼ਿਲ ਵੱਲ ਵਧਣਾ ਸ਼ੁਰੂ ਹੋ ਗਏ।

ਆਗਰੇ ਸ਼ਹਿਰ ਵਿਚ ਕਾਫ਼ੀ ਟਰੈਫ਼ਿਕ ਹੈ, ਵੱਡੀ ਮੁਸੀਬਤ ਹੈ ਕਿ ਪਤਾ ਨਹੀਂ ਕੌਣ ਕਿਹੜੇ ਪਾਸਿਓਂ ਨਿਕਲ ਕੇ ਸਾਹਮਣੇ ਆ ਜਾਵੇ। ਬੜੀ ਮੁਸ਼ਕਿਲ ਨਾਲ ਖ਼ੁਦ ਨੂੰ ਸੁਰੱਖਿਅਤ ਆਗਰੇ ਵਿੱਚੋਂ ਕੱਢਿਆ। ਆਗਰੇ ਦੀਆਂ ਸੜਕਾਂ ਕਾਫ਼ੀ ਭੁੱਲ ਭੁਲਈਆ ਵਾਲੀਆਂ ਹਨ। ਇਸ ਕਾਰਨ ਸਾਡੇ ਕੁਝ ਸਾਥੀ ਆਗਰੇ 'ਚੋਂ ਬਾਹਰ ਨਿਕਲਦਿਆਂ-ਨਿਕਲਦਿਆਂ ਹੀ ਉਲਝ ਗਏ। ਸਾਨੂੰ ਅੱਗੇ ਜਾ ਕੇ ਉਨ੍ਹਾਂ ਦੀ ਉਡੀਕ ਕਰਨੀ ਪਈ।

ਮੌਸਮ ਕਾਫ਼ੀ ਠੰਢਾ ਸੀ ਪਰ ਸਾਡੀਆਂ ਸੇਫ਼ਟੀ ਜੈਕਿਟਾਂ ਵਿਚ ਦੀ ਠੰਢ ਸਾਡੇ ਕੋਲ ਨਹੀਂ ਸੀ ਪੁੱਜ ਸਕਦੀ। ਅਸੀਂ ਹੋਰ ਲੋਕਾਂ ਨੂੰ ਦੇਖ ਕੇ ਹੀ ਮਹਿਸੂਸ ਕਰ ਰਹੇ ਸੀ ਕਿ ਠੰਢ ਕਾਫ਼ੀ ਲਗਦੀ ਹੈ। ਹੱਥਾਂ ਉਤੇ ਸੇਫ਼ਟੀ ਵਾਲੇ ਦਸਤਾਨੇ ਮੂੰਹ 'ਤੇ ਮਾਸਕ ਤੇ ਬਾਈਜਰ (ਸ਼ੀਸ਼ਾ) ਪਹਿਨਿਆ ਹੋਣ ਕਰਕੇ ਠੰਢ ਮਹਿਸੂਸ ਨਹੀਂ ਹੋ ਰਹੀ ਸੀ। ਇਸਦੇ ਨਾਲ ਹੀ ਮਿਸ਼ਨ 'ਤੇ ਜਾਣ ਦਾ ਸਰੂਰ ਹੀ ਐਨਾ ਸੀ ਕਿ ਸਾਨੂੰ ਠੰਢ ਦੀ ਕੋਈ ਪਰਵਾਹ ਵੀ ਨਹੀਂ ਸੀ। ਸ਼ਾਨਦਾਰ ਸੜਕ ਉਪਰ ਭÎੱਜੇ ਜਾਂਦੇ ਮੋਟਰਸਾਈਕਲ ਜ਼ਿੰਦਗੀ ਦਾ ਲੁਤਫ਼ ਦੇ ਰਹੇ ਸਨ। ਹਾਲੇ ਅਸੀਂ ਪੰਦਰਾਂ ਕਿਲੋਮੀਟਰ ਹੀ ਆਏ ਸਾਂ ਕਿ ਟੋਲ ਪਲਾਜ਼ੇ ਦੇ ਫਿਰ ਦਰਸ਼ਨ ਹੋ ਗਏ। ਇਥੋਂ ਲਖਨਊ ਤਕ ਦਾ ਟੋਲ ਦੋ ਸੌ ਨੱਬੇ ਰੁਪਏੇ ਪ੍ਰਤੀ ਮੋਟਰਸਾਈਕਲ ਦੇਣਾ ਪਿਆ। ਜਿੱਥੇ ਸੋਹਣੀ ਸੜਕ ਦੀ ਖ਼ੁਸ਼ੀ ਸੀ, ਉਥੇ ਦੁੱਖ ਵੀ ਹੋਇਆ ਕਿ ਸਾਡੀ ਸਰਕਾਰ ਹਾਲੇ ਤਕ ਬਿਨਾਂ ਕਿਸੇ ਟੋਲ ਦੇ ਅਜਿਹੀਆਂ ਸੜਕਾਂ ਬਣਾਉਣ ਦੇ ਕਿਉਂ ਯੋਗ ਨਹੀਂ ਹੋ ਸਕੀ। ਜਿਸਦੇ ਬਹੁਗਿਣਤੀ ਨਾਗਰਿਕ ਐਨੇ ਮਹਿੰਗੇ ਟੋਲ ਨੂੰ ਭਰਨ ਤੋਂ ਅਸਮਰਥ ਹੋਣ ਕਾਰਨ ਅਜਿਹੀਆਂ ਸੜਕਾਂ ਵਰਤਣ ਦੇ ਯੋਗ ਨਹੀਂ ਹਨ।

ਪੰਜਾਹ ਕਿਲੋਮੀਟਰ ਦੇ ਫ਼ਾਸਲੇ ਨੂੰ ਤੈਅ ਕਰਨ 'ਤੇ ਇਕ ਸੋਹਣਾ ਜਿਹਾ ਰੈਸਟੋਰੈਂਟ ਦਿਖਾਈ ਦਿੱਤਾ। ਜਿੱਥੇ ਅਸੀਂ ਚਾਹ-ਪਾਣੀ ਪੀਣ ਲਈ ਰੁਕ ਗਏ। ਅਸੀਂ ਫ਼ੈਸਲਾ ਕੀਤਾ ਹੋਇਆ ਸੀ ਕਿ ਵੱਧ ਤੋਂ ਵੱਧ ਸੌ ਕਿਲੋਮੀਟਰ ਤਕ ਜਾ ਕੇ ਰੁਕਣਾ ਹੀ ਰੁਕਣਾ ਹੈ। ਦਸ-ਪੰਦਰਾਂ ਮਿੰਟ ਆਰਾਮ ਅਤੇ ਲੱਤਾਂ ਸਿੱਧੀਆਂ ਹੋ ਜਾਣਗੀਆਂ ਅਤੇ ਅਗਲੇ ਪ੍ਰੋਗਰਾਮ ਦੀ ਰੂਪਰੇਖਾ ਵੀ ਵਿਚਾਰੀ ਜਾਵੇਗੀ। ਹਾਲੇ ਅਸੀਂ ਚਾਹ, ਪਾਣੀ ਪੀ ਹੀ ਰਹੇ ਸੀ ਕਿ ਆਗਰੇ ਵਾਲੇ ਗੁਰਦੁਆਰਾ ਸਾਹਿਬ ਦੇ ਸਾਥੀ ਗੁਰਅਸੀਸ ਸਿੰਘ ਆ ਪਹੁੰਚੇ। ਗੁਰਅਸੀਸ ਸਿੰਘ ਬਹੁਤ ਮੁਹੱਬਤੀ ਤੇ ਪਿਆਰ ਕਰਨ ਵਾਲਾ ਇਨਸਾਨ ਹੈ, ਜਿਹੜਾ ਬਾਬੇ ਨਾਨਕ ਦੇ ਨਾਮ ਲੇਵਾ ਪ੍ਰਾਣੀਆਂ ਨੂੰ ਦਿਲੋਂ ਜਾਨ ਨਾਲ ਪਿਆਰ ਕਰਦਾ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਬਾਰ੍ਹਾਂ ਬਾਂਕੀ ਵਿਚ ਬੁਲੇਟ ਦੀ ਏਜੰਸੀ ਹੈ। ਉਨ੍ਹਾਂ ਨੇ ਸਾਨੂੰ ਮੋਟਰਸਾਈਕਲ ਦੀ ਸਰਵਿਸ ਕਰਾਉਣ ਤੇ ਚਾਹ, ਪਾਣੀ ਪੀਣ ਦਾ ਸੱਦਾ ਵੀ ਦਿੱਤਾ। ਅਸੀਂ ਫਿਰ ਯਮੁਨਾ ਐਕਸਪ੍ਰੈਸ ਵੇਅ 'ਤੇ ਚੱਲ ਪਏ। ਸੜਕ ਦੀਆਂ ਸਿਫ਼ਤਾਂ ਕਰਨ ਨੂੰ ਹਾਲੇ ਵੀ ਦਿਲ ਕਰ ਰਿਹਾ ਸੀ, ਨਾ ਕੋਈ ਟਰੈਫ਼ਿਕ, ਨਾ ਕੋਈ ਟੋਆ, ਨਾ ਕਿਸੇ ਤਰੀਕੇ ਦਾ ਹੋਰ ਡਰ। ਅਸੀਂ ਸਫ਼ਰ ਦਾ ਆਨੰਦ ਮਾਣਦੇ ਹੋਏ ਲਖਨਊ ਦੇ ਨੇੜੇ ਆ ਪਹੁੰਚੇ।

ਬਸੰਤੀ ਨੇ ਫਸਾਇਆ ਲਖਨਊ ਦੇ ਜਾਮ 'ਚ

ਸ਼ਹਿਰ ਨੂੰ ਪਾਰ ਕਰਨ ਲਈ ਇਕ ਵਾਰੀ ਫਿਰ ਚੱਠਾ ਸਾਬ੍ਹ ਦੇ ਕਹਿਣ ਵਾਂਗੂੰ ਬਸੰਤੀ ਦਾ ਸਹਾਰਾ ਲਿਆ। ਭਾਵ ਜੀਪੀਐੱਸ 'ਤੇ ਰਸਤਾ ਲਾ ਲਿਆ। ਬਸੰਤੀ ਦੇ ਆਖੇ ਸਭ ਤੋਂ ਨੇੜਲੇ ਰਾਹ 'ਤੇ ਚੱਲ ਪਏ ਪਰ ਇੱਥੇ ਵੀ ਬਸੰਤੀ ਨੇ ਦਿੱਲੀ ਵਾਂਗੂੰ ਧੋਖਾ ਦੇ ਦਿੱਤਾ ਤੇ ਅਸੀਂ ਇਕ ਵੱਡੇ ਜਾਮ ਵਿਚ ਫਸ ਗਏ। ਲਖਨਊ ਲੰਘਦਿਆਂ ਨੂੰ ਹੀ ਚਾਰ ਘੰਟੇ ਲੱਗ ਗਏ। ਰੱਬ-ਰੱਬ ਕਰਦੇ ਅਸੀਂ ਬਾਹਰਲੇ ਰਸਤੇ ਨੇੜੇ ਫਲਾਈਓਵਰ ਥੱਲਿਓਂ ਲੰਘ ਰਹੇ ਸੀ ਕਿ ਇਕ ਕਾਰ ਵਾਲੇ ਨੇ ਜਸਵਿੰਦਰ ਦੇ ਮੋਟਰਸਾਈਕਲ ਨੂੰ ਆ ਠੋਕਿਆ। ਉਸਦੇ ਪਿੱਛੇ ਬੈਠਿਆ ਜਗਜੀਤ ਸਿੰਘ ਮਾਨ ਸੜਕ 'ਤੇ ਜਾ ਡਿੱਗਿਆ ਪਰ ਵਿਸ਼ੇਸ਼ ਕੱਪੜੇ ਹੋਣ ਕਰਕੇ ਸੱਟ ਫੇਟ ਤੋਂ ਬਚਾਅ ਰਹਿ ਗਿਆ। ਅਗਲੇ ਪੱਚੀ-ਤੀਹ ਕਿਲੋਮੀਟਰ ਆਰਾਮ ਨਾਲ ਪਾਰ ਕਰਦੇ ਹੋਏ ਅਸੀਂ ਬਾਰਾਂ ਬਾਂਕੀ ਗੁਰਅਸੀਸ ਸਿੰਘ ਦੀ ਬੁਲੇਟ ਦੀ ਏਜੰਸੀ 'ਤੇ ਜਾ ਪਹੁੰਚੇ। ਉਸਦਾ ਚਾਅ ਵੇਖਣ ਵਾਲਾ ਸੀ, ਉਹ ਸਾਰੇ ਕੰਮ ਭੁੱਲ ਕੇ ਸਾਡੀ ਆਓ ਭਗਤ ਵਿਚ ਆ ਲੱਗਿਆ। ਸਾਰੇ ਸਟਾਫ਼ ਨੂੰ ਬਾਕੀ ਕੰਮ ਛੁਡਵਾ ਕੇ ਸਾਡੇ ਬੁਲੇਟ ਨੂੰ ਸਰਵਿਸ ਕਰਨ ਲਈ ਲਾ ਦਿੱਤਾ। ਖ਼ਰਾਬ ਹੋਏ ਰਿੰਮ, ਚੈਨ ਸੈਟ ਤੇ ਹੋਰ ਪੁਰਜੇ ਮਿੰਟੋ ਮਿੰਟੀ ਬਦਲ ਦਿੱਤੇ। ਉਨ੍ਹਾਂ ਦਾ ਪਿਆਰ ਵੇਖ ਕੇ ਮਹਿਸੂਸ ਕੀਤਾ ਕਿ ਪੰਜਾਬੀ ਜਿੱਥੇ ਵੀ ਹੋਣ, ਉਹ ਆਪਣੇ ਭਾਈਚਾਰੇ ਲਈ ਅਥਾਹ ਸਨੇਹ ਰੱਖਦੇ ਹਨ। ਗੁਰਅਸੀਸ ਸਿੰਘ ਦਾ ਵਾਰ-ਵਾਰ ਸ਼ੁਕਰੀਆ ਕਰਦੇ ਹੋਏ ਬੜੀ ਮੁਸ਼ਕਿਲ ਨਾਲ ਉਨ੍ਹਾਂ ਨੂੰ ਬਿੱਲ ਲੈਣ ਲਈ ਮਨਾਇਆ। ਉਥੋਂ ਅਸੀਂ ਫੈਜ਼ਾਬਾਦ ਲਈ ਰਵਾਨਾ ਹੋ ਗਏ। ਇੱਥੇ ਵੀ ਗੁਰਅਸੀਸ ਸਿੰਘ ਨੇ ਸਾਡੀ ਬੜੀ ਮਦਦ ਕੀਤੀ ਅਤੇ ਫੈਜ਼ਾਬਾਦ ਦੇ ਸਿੱਖ ਪਰਿਵਾਰਾਂ ਨੂੰ ਨਾ ਕੇਵਲ ਸਾਡੇ ਆਉਣ ਦੀ ਸੂਚਨਾ ਦਿੱਤੀ, ਸਗੋਂ ਸਾਡੇ ਠਹਿਰਣ ਦਾ ਪ੍ਰਬੰਧ ਕਰਨ ਲਈ ਵੀ ਕਿਹਾ।

ਫ਼ੈਜ਼ਾਬਾਦ ਵਸਦੇ ਨੇ ਹਰੀ ਸਿੰਘ ਨਲੂਏ ਦੇ ਵਾਰਿਸ

ਬਾਰਾਬਾਂਕੀ ਤੋਂ ਅਸੀਂ ਸਵਾ ਦਸ ਵਜੇ ਚੱਲੇ, ਰਸਤੇ ਵਿਚ ਟਰੈਫ਼ਿਕ ਬਹੁਤ ਜ਼ਿਆਦਾ ਸੀ, ਪਰ ਫ਼ਿਰ ਵੀ ਰਾਤ ਦੇ ਸਾਢੇ ਗਿਆਰਾਂ ਵਜੇ ਅਸੀਂ ਫੈਜ਼ਾਬਾਦ ਪਹੁੰਚਣ ਵਿੱਚ ਕਾਮਯਾਬ ਹੋ ਗਏ। ਫੈਜ਼ਾਬਾਦ ਪਹੁੰਚ ਕੇ ਸਾਡੇ ਦਿਲ ਨੇ ਇਕ ਵਾਰ ਫਿਰ ਸਿੱਖ ਸੰਗਤ ਨੂੰ ਕੋਟਿ-ਕੋਟਿ ਪ੍ਰਣਾਮ ਕੀਤਾ, ਜਿਹੜੀ ਸਾਡਾ ਇੰਤਜ਼ਾਰ ਪਿਛਲੇ ਚਾਰ-ਪੰਜ ਘੰਟਿਆਂ ਤੋਂ ਕਰ ਰਹੀ ਸੀ। ਉਨ੍ਹਾਂ ਨੇ ਸਾਡੀ ਬਹੁਤ ਆਓ ਭਗਤ ਕੀਤੀ। ਇੰਨਾ ਪਿਆਰ ਦੇਖ ਕੇ ਸਾਡੀ ਆਤਮਾ ਤ੍ਰਿਪਤ ਹੋ ਗਈ ਪਰ ਹਾਲੇ ਉਨ੍ਹਾਂ ਦਾ ਆਓ ਭਗਤ ਤੋਂ ਮਨ ਭਰਿਆ ਨਹੀਂ ਸੀ। ਉਨ੍ਹਾਂ ਨੇ ਸਾਨੂੰ ਧੱਕੇ ਨਾਲ ਦੁੱਧ ਪਿਲਾਇਆ। ਇਹ ਸਾਰੇ ਪਰਿਵਾਰ ਉਥੇ ਲਗਪਗ ਇਕ ਸਦੀ ਤੋਂ ਵਪਾਰ ਕਰ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਭਾਵੇਂ ਇਨ੍ਹਾਂ ਦੀ ਗਿਣਤੀ ਬਹੁਤ ਘੱਟ ਹੈ ਪਰ ਫਿਰ ਵੀ ਸਾਰੀ ਸੰਗਤ ਵੱਲੋਂ ਗੁਰਦੁਆਰਾ ਸਾਹਿਬ ਦੀ ਸੇਵਾ ਵੱਧ ਚੜ੍ਹ ਕੇ ਕੀਤੀ ਜਾਂਦੀ ਹੈ। ਘੱਟ ਗਿਣਤੀ ਹੋਣ ਕਾਰਨ ਉਨ੍ਹਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੀ ਗੱਲਬਾਤ ਤੋਂ ਮੈਨੂੰ ਇਸ ਤਰ੍ਹਾਂ ਲੱਗਿਆ ਜਿਵੇਂ ਉਹ ਕਹਿਣ ਨੂੰ ਤਾਂ ਇਕ ਅਜ਼ਾਦ ਦੇਸ਼ ਵਿਚ ਰਹਿੰਦੇ ਹਨ ਪਰ ਆਪਣੀ ਪਛਾਣ ਨੂੰ ਬਚਾਉਣ ਦੀ ਜੰਗ ਉਨ੍ਹਾਂ ਨੂੰ ਹਰ ਰੋਜ਼ ਲੜਨੀ ਪੈਂਦੀ ਹੈ। ਮੈਨੂੰ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਣਾਏ ਹੋਏ ਅਤੇ ਹਰੀ ਸਿੰਘ ਨਲੂਏ ਦੇ ਅਸਲੀ ਵਾਰਿਸ ਜਾਪੇ। ਸਾਡੇ ਠਹਿਰਨ ਦਾ ਪ੍ਰਬੰਧ ਬਹੁਤ ਵਧੀਆ ਕੀਤਾ ਗਿਆ ਸੀ।

ਅਗਲੀ ਸਵੇਰ ਅਸੀਂ ਬਹੁਤ ਜਲਦੀ ਉਠ ਕੇ ਤਿਆਰ ਹੋ ਗਏ। ਅਸੀਂ ਤੁਰਨ ਦੀ ਤਿਆਰੀ ਕਰ ਹੀ ਰਹੇ ਸੀ ਕਿ ਸਿੱਖ ਸੰਗਤ ਸਵੇਰ ਦਾ ਭੋਜਨ ਲੈ ਕੇ ਆ ਹਾਜ਼ਰ ਹੋਈ। ਉਨ੍ਹਾਂ ਵੱਲੋਂ ਪਿਆਰ ਨਾਲ ਤਿਆਰ ਕੀਤੇ ਪਰੌਠਿਆਂ ਨੂੰ ਅਸੀਂ ਸ਼ਰਧਾ ਨਾਲ ਸਿਰ ਝੁਕਾਇਆ। ਸਾਰੀ ਸਿੱਖ ਸੰਗਤ ਦਾ ਬਹੁਤ-ਬਹੁਤ ਧੰਨਵਾਦ ਕੀਤਾ। ਸੰਗਤ ਨੇ ਕਾਫ਼ੀ ਸਾਰੇ ਪਰੌਂਠੇ ਸਾਡੇ ਨਾਲ ਵੀ ਬੰਨ੍ਹ ਦਿੱਤੇ। ਮੈਂ ਸੋਚ ਰਿਹਾ ਸੀ ਕਿਹੜੀ ਹੋਰ ਕੌਮ ਇਸ ਤਰ੍ਹਾਂ ਦੀ ਹੈ, ਜਿਹੜੀ ਮਨੁੱਖਤਾ ਦਾ ਭਲਾ ਕਰਨਾ ਲੋਚਦੀ ਹੋਵੇ। ਇਕ ਵਾਰ ਫਿਰ ਬਾਬੇ ਨਾਨਕ ਦੇ ਵਰਸੋਏ ਇਨ੍ਹਾਂ ਸ਼ਰਧਾਲੂਆਂ ਨੂੰ ਦਿਲੋਂ ਨਮਸਕਾਰ ਕੀਤੀ। ਗੁਰਦੁਆਰਾ ਸਾਹਿਬ ਦੀ ਪਰਚੀ ਕਟਵਾ ਕੇ ਅਯੁੱਧਿਆ ਵੱਲ ਨੂੰ ਚਾਲੇ ਪਾ ਦਿੱਤੇ।

ਅਯੁੱਧਿਆ ਨੂੰ ਪਾਏ ਚਾਲੇ

ਅਯੁੱਧਿਆ ਅੱਜ ਦੇ ਭਾਰਤ ਵਿਚ ਸਭ ਤੋਂ ਵਿਵਾਦਤ ਨਾਂ ਨਾਲ ਮਸ਼ਹੂਰ ਹੈ। ਮੰਨਿਆ ਜਾਂਦਾ ਹੈ ਕਿ ਭਾਰਤ ਦੀ ਰਾਜਨੀਤੀ ਨੂੰ ਤੈਅ ਕਰਨ ਵਿਚ ਇਸ ਸਥਾਨ ਦਾ ਵੱਡਾ ਹੱਥ ਹੈ। ਪਿਛਲੇ ਪੰਜ ਦਹਾਕਿਆਂ ਤੋਂ ਇੱਥੇ ਵਾਪਰੀ ਛੋਟੀ ਤੋਂ ਛੋਟੀ ਘਟਨਾ ਨੇ ਪੂਰੇ ਭਾਰਤ ਉਪਰ ਆਪਣਾ ਅਸਰ ਛੱਡਿਆ ਹੈ। ਭਾਵੇਂ ਕੁਝ ਵੀ ਹੋਵੇ ਇਹ ਸਥਾਨ ਰਾਜਸੀ ਪਾਰਟੀਆਂ ਲਈ ਸੱਤਾ ਪ੍ਰਾਪਤੀ ਦਾ ਕੇਂਦਰ ਬਣ ਕੇ ਉਭਰਿਆ ਹੈ। ਫੈਜ਼ਾਬਾਦ ਤੋਂ ਅਯੁੱਧਿਆ ਕੁਝ ਕਿਲੋਮੀਟਰ ਦੂਰੀ 'ਤੇ ਹੀ ਹੈ। ਅਸੀਂ ਜਦੋਂ ਇੱਥੇ ਪਹੁੰਚੇ ਤਾਂ ਦ੍ਰਿਸ਼ ਹੈਰਾਨ ਕਰਨ ਵਾਲੇ ਸਨ। ਸ਼ਹਿਰ ਦੇ ਚੱਪੇ-ਚੱਪੇ 'ਤੇ ਫੌਜ ਅਤੇ ਅਰਧ ਸੈਨਿਕ ਦਲਾਂ ਦੀ ਤੈਨਾਤੀ ਸੀ। ਹਰ ਵਿਅਕਤੀ 'ਤੇ ਕਰੜੀ ਨਿਗ੍ਹਾ ਰੱਖੀ ਜਾ ਰਹੀ ਸੀ। ਕਿਸੇ ਨੂੰ ਕੈਮਰਾ ਜਾਂ ਕੋਈ ਹੋਰ ਸਮਾਨ ਲੈ ਕੇ ਜਾਣ ਦੀ ਆਗਿਆ ਨਹੀਂ ਸੀ। ਰਾਮ ਮੰਦਿਰ ਦਾ ਨਿਰਮਾਣ ਹੋਣ ਵਾਲਾ ਸਥਾਨ ਤਕੜੇ ਸੁਰੱਖਿਆ ਪ੍ਰਬੰਧਾਂ ਹੇਠ ਸੀ। ਸਾਰੇ ਪ੍ਰਬੰਧਾਂ ਨੂੰ ਵੇਖਦੇ ਹੋਏ ਮਨ ਵਿਚ ਸਵਾਲ ਉੱਠ ਰਿਹਾ ਸੀ ਕਿ ਕਦੋਂ ਕੁ ਤਕ ਸਿਆਸੀ ਰੋਟੀਆਂ ਸੇਕਣ ਦੇ ਲਈ ਧਰਮ ਨੂੰ ਹਥਿਆਰ ਬਣਾ ਕੇ ਵਰਤਿਆ ਜਾਂਦਾ ਰਹੇਗਾ।

ਦਾਣਾ ਪਾਣੀ ਲੈ ਆਇਆ ਗੋਰਖਪੁਰ

ਸ਼ਾਮ ਦਾ ਸਮਾਂ ਹੋ ਰਿਹਾ ਸੀ, ਅਸੀਂ ਗੋਰਖ਼ਪੁਰ ਆ ਪਹੁੰਚੇ। ਗੋਰਖ਼ਪੁਰ ਦਾ ਯੂਪੀ ਦੀ ਸਿਆਸਤ ਵਿਚ ਅੱਜ ਕੱਲ੍ਹ ਵੱਡਾ ਨਾਂ ਹੈ। ਮੌਜੂਦਾ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਦੀ ਕਰਮਭੂਮੀ ਗੋਰਖਪੁਰ ਹੀ ਹੈ। ਗੋਰਖ਼ਪੁਰ ਤੋਂ ਹੀ ਹਿੰਦੂ ਇਤਿਹਾਸ ਨਾਲ ਸਬੰਧਿਤ ਕਿਤਾਬਾਂ ਗੀਤਾ ਪ੍ਰੈਸ ਵੱਲੋਂ ਛਾਪ ਕੇ ਪਿਛਲੇ ਲੰਬੇ ਸਮੇਂ ਤੋਂ ਇਸ ਧਰਮ ਦੇ ਪ੍ਰਚਾਰ, ਪ੍ਰਸਾਰ ਵਿਚ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ। ਜਦੋਂ ਅਸੀਂ ਆਗਰੇ ਤੋਂ ਲਖਨਊ ਆ ਰਹੇ ਸੀ ਤਾਂ ਸਾਨੂੰ ਇੱਥੋਂ ਦੇ ਵਾਸੀ ਸੰਜੇ ਸ਼ਰਮਾ ਇਕ ਰੈਸਟੋਰੈਂਟ ਵਿਚ ਮਿਲੇ ਸਨ। ਸੰਜੇ ਸ਼ਰਮਾ ਇਕ ਵਧੀਆ ਇਨਸਾਨ ਅਤੇ ਐਡਵੈਂਚਰ ਪ੍ਰੇਮੀ ਹਨ। ਉਹ ਇੱਥੇ ਨਗਰ ਨਿਗਮ ਕਮਿਸ਼ਨਰ ਦੇ ਨਿੱਜੀ ਸਹਾਇਕ ਹਨ। ਉਨ੍ਹਾਂ ਵੱਲੋਂ ਸਾਨੂੰ ਗੋਰਖ਼ਪੁਰ ਵਿਚ ਮਿਲਣ ਦਾ ਸੱਦਾ ਪਿਛਲੀ ਮੁਲਾਕਾਤ ਵਿਚ ਹੀ ਦੇ ਦਿੱਤਾ ਗਿਆ ਸੀ। ਮੈਂ ਉਨ੍ਹਾਂ ਨੂੰ ਫ਼ੋਨ ਕੀਤਾ ਤਾਂ ਉਹ ਸੜਕ 'ਤੇ ਖੜ੍ਹੇ ਸਾਨੂੰ ਉਡੀਕ ਰਹੇ ਸਨ। ਸਭ ਤੋਂ ਪਹਿਲਾਂ ਉਹ ਸਾਨੂੰ 'ਦਾਣਾ ਪਾਣੀ' ਢਾਬੇ 'ਤੇ ਲੈ ਗਏ ਅਤੇ ਖਾਣੇ ਦਾ ਆਰਡਰ ਕਰ ਦਿੱਤਾ। ਖਾਣਾ ਬਹੁਤ ਸੁਆਦੀ ਸੀ। ਖਾਣੇ ਦੌਰਾਨ ਅਸੀਂ ਉਨ੍ਹਾਂ ਨੂੰ ਪੁੱਛਿਆ ਕਿ ਅੱਜ ਬਿਹਾਰ ਲੰਘ ਸਕਦੇ ਹਾਂ ਤਾਂ ਉਨ੍ਹਾਂ ਕਿਹਾ ਕਿ ਸ਼ਾਮ ਦੇ ਛੇ ਵੱਜ ਚੁੱਕੇ ਹਨ, ਇਸ ਸਮੇਂ ਕਿਸੇ ਵੀ ਹਾਲਾਤ ਵਿਚ ਨਾ ਤਾਂ ਬਿਹਾਰ ਦੇ ਪਾਰ ਜਾਣਾ ਸੰਭਵ ਹੈ ਤੇ ਨਾ ਹੀ ਬਿਹਾਰ ਵਿਚ ਰਾਤ ਸਮੇਂ ਠਹਿਰਨਾ ਸੁਰੱਖਿਅਤ ਤੇ ਸਿਆਣਪ ਦੀ ਗੱਲ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਗੋਰਖ਼ਪੁਰ ਰੁਕਣ ਲਈ ਸਾਨੂੰ ਮਨਾ ਲਿਆ। ਸਾਡੇ ਲਈ ਨਵੇਂ ਬਣੇ ਸਰਕਾਰੀ ਗੈਸਟ ਹਾਊਸ ਦੇ ਕਮਰੇ ਖੋਲ੍ਹ ਦਿੱਤੇ ਗਏ। ਅਸੀਂ ਇਸ ਰੈਸਟ ਹਾਊਸ 'ਚ ਰੁਕਣ ਵਾਲੇ ਪਹਿਲੇ ਮਹਿਮਾਨ ਸੀ। ਸੰਜੇ ਸ਼ਰਮਾ ਸਾਡੇ ਲਈ ਕੰਬਲ ਅਤੇ ਸਿਰਹਾਣੇ ਆਦਿ ਆਪਣੇ ਘਰੋਂ ਲੈ ਕੇ ਆਏ।

ਥੋੜ੍ਹੇ ਸਮੇਂ ਬਾਅਦ ਸੰਜੇ ਸ਼ਰਮਾ ਅਤੇ ਉਨ੍ਹਾਂ ਦੇ ਵਪਾਰੀ ਮਿੱਤਰਾਂ ਨੇ ਆ ਮਹਿਫ਼ਲ ਜਮਾਈ। ਉਹ ਸਾਡੀ ਯਾਤਰਾ ਤੋਂ ਬਹੁਤ ਹੈਰਾਨ ਸਨ। ਅਸੀਂ ਉਨ੍ਹਾਂ ਲਈ ਅੰਤਰਾਸ਼ਟਰੀ ਯਾਤਰਾ ਕਰਨ ਵਾਲੇ ਪਹਿਲੇ ਯਾਤਰੂ ਸਾਂ। ਉਨ੍ਹਾਂ ਨੇ ਖ਼ੁਦ ਵੀ ਅਜਿਹੀ ਯਾਤਰਾ ਸ਼ੁਰੂ ਕਰਨ ਦੀ ਇੱਛਾ ਜ਼ਾਹਿਰ ਕੀਤੀ ਅਤੇ ਬਾਰੀਕੀ ਨਾਲ ਸਾਰੀ ਪ੍ਰਕਿਰਿਆ ਨੂੰ ਸਾਥੋਂ ਪੁੱਛਿਆ। ਅਸੀਂ ਦੱਸਿਆ ਕਿ ਯਾਤਰਾ ਲਈ ਉਚਿੱਤ ਵੀਜ਼ਾ, ਵਾਹਨ ਲੈ ਕੇ ਜਾਣ ਦੀ ਮਨਜ਼ੂਰੀ, ਜਿਸ ਨੂੰ ਕਾਰਨੇਟ ਆਖਿਆ ਜਾਂਦਾ ਹੈ, ਇੰਟਰਨੈਸ਼ਨਲ ਡਰਾਈਵਿੰਗ ਲਾਈਸੈਂਸ ਚਾਹੀਦੇ ਹਨ। ਇਨ੍ਹਾਂ ਕਾਗਜ਼ਾਂ ਤੋਂ ਬਿਨਾਂ ਯਾਤਰਾ ਨਹੀਂ ਕੀਤੀ ਜਾ ਸਕਦੀ। ਸੰਜੇ ਸ਼ਰਮਾ ਤੇ ਉਨ੍ਹਾਂ ਦੇ ਸਾਥੀ ਸ਼ੁੱਭ ਰਾਤਰੀ ਆਖ ਕੇ ਚਲੇ ਗਏ। ਅਸੀਂ ਅਗਲੇ ਦਿਨ ਦੀ ਰੂਪਰੇਖਾ ਤਿਆਰ ਕਰ ਕੇ ਖ਼ੁਦ ਨੂੰ ਬਿਸਤਰੇ ਦੇ ਹਵਾਲੇ ਕਰ ਦਿੱਤਾ। ਜਦੋਂ ਸਾਡੇ ਹੋਰ ਸਾਥੀ ਹਾਲੇ ਜੱਕੜ ਮਾਰੀ ਜਾਂਦੇ ਸੀ, ਮੈਂ ਆਪਣੀ ਆਦਤ ਅਨੁਸਾਰ ਸਕਿੰਟਾਂ ਵਿਚ ਹੀ ਸੌਂ ਗਿਆ।

ਜਦੋਂ ਬਿਹਾਰ 'ਚ ਬਦਮਾਸ਼ਾਂ ਨੇ ਘੇਰਿਆ

ਅਗਲੀ ਸਵੇਰ ਅਸੀਂ ਜਲਦੀ ਤਿਆਰ ਹੋ ਗਏ। ਅੱਜ ਦਾ ਸਫ਼ਰ ਬਹੁਤ ਲੰਬਾ ਸੀ। ਅਸੀਂ ਆਪਣਾ ਸਾਜੋ ਸਮਾਨ ਮੋਟਰਸਾਈਕਲ ਉੱਪਰ ਲੱਦਿਆ ਤੇ ਸਵੇਰੇ ਸਾਢੇ ਛੇ ਵਜੇ ਹੀ ਯਾਤਰਾ ਸ਼ੁਰੂ ਕਰ ਦਿੱਤੀ। ਇਕ ਘੰਟੇ ਦੇ ਸਫ਼ਰ ਤੋਂ ਬਾਅਦ ਬਿਹਾਰ ਵਿਚ ਆ ਦਾਖ਼ਲ ਹੋਏ। ਬਿਹਾਰ ਸਬੰਧੀ ਬਹੁਤ ਸਾਰੀਆਂ ਕਹਾਣੀਆਂ ਪ੍ਰਚੱਲਿਤ ਹਨ ਕਿ ਉਥੇ ਬੇਤਹਾਸ਼ਾ ਜੁਰਮ ਹੈ। ਰਾਹਗੀਰਾਂ ਨੂੰ ਲੁੱਟ ਲੈਣਾ ਬਹੁਤ ਸਾਧਾਰਨ ਗੱਲ ਹੈ। ਕਿਸੇ ਤਰ੍ਹਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ। ਇਸ ਕਰਕੇ ਬਹੁਤ ਸੁਚੇਤ ਹੋ ਕੇ ਸਫ਼ਰ ਕਰ ਰਹੇ ਸਾਂ। ਹਾਲੇ ਕੁਝ ਕਿਲੋਮੀਟਰ ਅੱਗੇ ਹੀ ਗਏ ਸੀ ਕਿ ਦਸ-ਪੰਦਰਾਂ ਗੁੰਡਾ ਕਿਸਮ ਦੇ ਅਨਸਰ ਸੜਕ ਦੇ ਦੋਹੀਂ ਪਾਸੀਂ ਹੱਥ ਵਿਚ ਅਣਘੜ ਖਲਪਾੜ੍ਹਾਂ ਫੜੀ ਖੜ੍ਹੇ ਨਜ਼ਰ ਆਏ। ਸਾਡੇ ਨੇੜੇ ਪਹੁੰਚਣ 'ਤੇ ਸਾਨੂੰ ਰੋਕਣ ਦਾ ਇਸ਼ਾਰਾ ਕਰਨ ਲੱਗੇ, ਸਾਡਾ ਬੁਲੇਟ ਸਭ ਤੋਂ ਅੱਗੇ ਸੀ, ਜਿਸ ਨੂੰ ਜਸਪਾਲ ਸੰਧੂ ਚਲਾ ਰਿਹਾ ਸੀ। ਉਹ ਬੁਲੇਟ ਰੋਕਣ ਹੀ ਵਾਲਾ ਸੀ ਕਿ ਮੈਨੂੰ ਪ੍ਰਾਸ਼ਰ ਸਾਬ੍ਹ ਦੀ ਗੱਲ ਯਾਦ ਆ ਗਈ ਅਤੇ ਮੈਂ ਕਿਹਾ ਖਿੱਚ ਦੇ, ਖਿੱਚ ਦੇ। ਉਸਨੇ ਸਪੀਡ ਵਧਾ ਦਿੱਤੀ ਤੇ ਅਸੀਂ ਸਾਰੇ ਜਣੇ ਉਨ੍ਹਾਂ ਦੀ ਪਹੁੰਚ ਵਿੱਚੋਂ ਬਾਹਰ ਹੋ ਗਏ। ਥੋੜ੍ਹਾ ਅੱਗੇ ਜਾ ਕੇ ਅਸੀਂ ਰੁਕ ਗਏ ਤੇ ਬਾਕੀ ਸਾਥੀਆਂ ਦਾ ਇੰਤਜ਼ਾਰ ਕਰਨ ਲੱਗੇ। ਸਾਰੇ ਸਾਥੀਆਂ ਦੇ ਆਉਣ 'ਤੇ ਅਗਲਾ ਸਫ਼ਰ ਸ਼ੁਰੂ ਕਰ ਦਿੱਤਾ।

ਬਿਹਾਰ ਦੀਆਂ ਲਿੰਕ ਸੜਕਾਂ ਦਾ ਬੁਰਾ ਹਾਲ

ਬਿਹਾਰ ਦੀਆਂ ਮੁੱਖ ਸੜਕਾਂ ਤਾਂ ਬਹੁਤ ਵਧੀਆ ਹਨ ਪਰ ਲਿੰਕ ਸੜਕਾਂ ਦਾ ਬੁਰਾ ਹਾਲ ਹੈ। ਉਨ੍ਹਾਂ ਦਾ ਹਾਲ ਵੇਖ ਕੇ ਮੈਨੂੰ ਆਪਣੇ ਲਾਗਲੇ ਪਿੰਡ ਨੰਗਲੇ ਤੋਂ ਜੌੜਕੀਆਂ ਵਾਲੀ ਸੜਕ ਯਾਦ ਆ ਗਈ, ਜਿਸ ਬਾਰੇ ਕਿਹਾ ਜਾਂਦਾ ਸੀ ਕਿ ਜੇ ਦਹੀਂ ਲੈ ਕੇ ਜਾਓਂਗੇ ਤਾਂ ਘਰ ਤਕ ਉਸਦੀ ਲੱਸੀ ਅਤੇ ਮੱਖਣ ਰਿੜਕਿਆ ਜਾਵੇਗਾ।

ਪੰਜਾਬੀਆਂ ਦਾ ਬਿਹਾਰ 'ਚ ਡੇਰਾ

ਅਸੀਂ ਗੱਲਾਂ ਮਾਰਦੇ ਬਿਹਾਰ ਦਾ ਮਸ਼ਹੂਰ ਸ਼ਹਿਰ ਮੁਜ਼ੱਫ਼ਰਪੁਰ ਲੰਘ ਗਏ। ਖੱਬੇ ਹੱਥ ਜਾਂਦੀ ਮੇਨ ਸੜਕ ਸਾਨੂੰ ਬਿਹਾਰ ਦੇ ਸ਼ਹਿਰ ਦਰਭੰਗਾ ਲੈ ਗਈ। ਦਰਭੰਗਾ ਦੇ ਬਾਈਪਾਸ 'ਤੇ ਇਕ ਢਾਬਾ ਵੇਖ ਕੇ ਅਸੀਂ ਬੜੇ ਖ਼ੁਸ਼ ਹੋਏ, ਕਿਉਂਕਿ ਉਥੇ ਗੁਰੂ ਨਾਨਕ ਦੇਵ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਫੋਟੋਆਂ ਲੱਗੀਆਂ ਹੋਈਆਂ ਸਨ। ਢਾਬੇ ਵਾਲਿਆਂ ਨਾਲ ਗੱਲੀਂ ਪੈ ਗਏ ਤਾਂ ਉਨ੍ਹਾਂ ਨੇ ਦੱਸਿਆ ਕਿ ਉਹ ਵੀ ਪੰਜਾਬੀ ਨੇ ਤੇ ਤਰਨਤਾਰਨ ਸ਼ਹਿਰ ਤੋਂ ਹਨ। ਬਿਹਾਰ ਵਿਚ ਪੰਜਾਬੀ ਨੂੰ ਮਿਲ ਕੇ ਖ਼ੁਸ਼ੀ ਹੋਈ। ਉਨ੍ਹਾਂ ਸਾਨੂੰ ਪੁੱਛਿਆ 'ਬਾਈ ਜੀ ਤੁਸੀਂ ਐਨੀ ਦੂਰ ਕਿੱਧਰ ਬੁਲੇਟਾਂ 'ਤੇ ਫਿਰਦੇ ਹੋ' ਤਾਂ ਮੈਂ ਦੱਸਿਆ 'ਅਸੀਂ ਤਾਂ ਸਿੰਗਾਪੁਰ ਜਾ ਰਹੇ ਸੀ, ਰਾਹ 'ਚ ਬਾਬੇ ਨਾਨਕ ਦੀ ਫੋਟੋ ਲੱਗੀ ਵੇਖ ਰੁਕ ਗਏ। ਉਹ ਕਾਫ਼ੀ ਹੈਰਾਨ ਹੋਏ ਕਿ ਇਹ ਬੁਲੇਟਾਂ 'ਤੇ ਸਿੰਗਾਪੁਰ ਜਾ ਰਹੇ ਹਾਂ। ਚਾਹ ਪੀ ਕੇ ਅਸੀਂ ਉਨ੍ਹਾਂ ਤੋਂ ਵਿਦਾਈ ਲਈ ਤੇ ਉਨ੍ਹਾਂ ਸਾਡੇ ਤੋਂ ਚਾਹ ਦਾ ਬਿੱਲ ਨਾ ਲਿਆ ਤੇ ਵਾਪਸੀ ਵੇਲੇ ਉਨ੍ਹਾਂ ਨੇ ਆਪਣੇ ਕੋਲ ਠਹਿਰਣ ਦਾ ਸੱਦਾ ਵੀ ਦੇ ਦਿੱਤਾ।

ਅਸੀਂ ਉਨ੍ਹਾਂ ਦਾ ਸੱਦਾ ਕਬੂਲ ਕਰਦਿਆਂ ਦਰਭੰਗਾ ਤੋਂ ਚੱਲ ਪਏ। ਦਰਭੰਗਾ ਤੋਂ ਚੱਲ ਕੇ ਪਿਪਰੌਲੀਆ ਲੰਘ ਕੇ ਅਸੀਂ ਹਾਲੇ ਪ੍ਰਤਾਪਗੰਜ ਹੀ ਪਹੁੰਚੇ ਸੀ ਕਿ ਬੁਲੇਟ ਦੇ ਇੰਜਣ 'ਚੋਂ ਅਵਾਜ਼ ਆਉਣ ਲੱਗ ਪਈ। ਮਕੈਨਿਕ ਬਬਲੂ ਨੂੰ ਦਿਖਾਇਆ ਤਾਂ ਉਹ ਕਹਿੰਦਾ ਕਿ ਮੋਬਿਲਆਇਲ ਖ਼ਤਮ ਹੋ ਗਿਆ। ਅਸੀਂ ਆਪਣੇ ਕੋਲ ਰਿਜ਼ਰਵ ਰੱਖਿਆ ਮੋਬਿਲਆਇਲ ਪਾਇਆ। ਹਾਲੇ ਥੋੜ੍ਹੀ ਦੂਰ ਹੀ ਗਏ ਸੀ ਕਿ ਅਸੀਂ ਬਿਹਾਰ ਦਾ ਇਕ ਵਿਆਹ ਵੀ ਵੇਖਿਆ। ਡੋਲੀ ਤੁਰ ਰਹੀ ਸੀ ਤੇ ਅਸੀਂ ਸਭ ਖੜ੍ਹੇ ਦੇਖ ਰਹੇ ਸੀ। ਸਾਰੇ ਬਰਾਤੀ ਦੇਸੀ ਸ਼ਰਾਬ ਨਾਲ ਰੱਜੇ ਹੋਏ ਸਨ ਤੇ ਇਸਦੀ ਹਵਾੜ ਸਾਨੂੰ ਚੜ੍ਹ ਰਹੀ ਸੀ। ਸਾਨੂੰ ਵੀ ਉਨ੍ਹਾਂ ਨੇ ਆਪਣੇ ਨਾਲ ਪੈਗ ਸ਼ੈਗ ਸਾਂਝਾ ਕਰਨ ਅਤੇ ਨੱਚਣ ਦਾ ਸੱਦਾ ਦਿੱਤਾ, ਪਰ ਜਿਵੇਂ ਸਾਨੂੰ ਆਈਏਐਸ ਅਫ਼ਸਰ ਰਾਜੀਵ ਪ੍ਰਾਸ਼ਰ ਨੇ ਸਮਝਾਇਆ ਸੀ ਕਿ ਲੋਕਲ ਬੰਦਿਆਂ ਨਾਲ ਬਹੁਤਾ ਘੁਲਣਾ ਮਿਲਣਾ ਨਹੀਂ, ਨਹੀਂ ਤਾਂ ਕੋਈ ਵੱਡੀ ਸਮੱਸਿਆ ਖੜ੍ਹੀ ਹੋ ਸਕਦੀ ਹੈ, ਇਸ ਲਈ ਅਸੀਂ ਇੱਥੋਂ ਜਲਦੀ ਤੁਰਨ ਵਿਚ ਭਲਾਈ ਸਮਝੀ, ਕਿਉਂਕਿ ਅੱਗੇ ਬੁਲੇਟ ਵੀ ਚੈੱਕ ਕਰਾਉਣਾ ਸੀ। ਇੰਟਰਨੈੱਟ ਤੋਂ ਬੁਲੇਟ ਦੀ ਏਜੰਸੀ ਦੀ ਸਰਚ ਕੀਤੀ ਤਾਂ ਫੋਰਬਸਗੰਜ ਵਿਖੇ ਵਿਖਾਈ ਦਿੱਤੀ, ਜੋ ਕਿ 35 ਕਿਲੋਮੀਟਰ ਦੂਰ ਸੀ। ਅਸੀਂ ਜੀ.ਪੀ.ਅੱੈਸ ਵਾਲੀ 'ਬਸੰਤੀ' ਨੂੰ ਏਜੰਸੀ 'ਤੇ ਲੈ ਕੇ ਜਾਣ ਦਾ ਕਹਿ ਕੇ ਚੱਲ ਪਏ। ਚੱਠਾ ਸਾਬ੍ਹ ਹਾਲੇ ਵੀ ਬਸੰਤੀ ਦਾ ਨਾਂਅ ਲੈ ਕੇ ਮਖੌਲ ਕਰ ਰਹੇ ਸਨ ਤੇ ਦੂਸਰੇ ਪਾਸੇ ਮੇਰੇ ਜ਼ਿਹਨ 'ਚ ਉਦੋਂ ਹਿੰਦੀ ਫ਼ਿਲਮ 'ਸ਼ੋਅਲੇ' ਦੇ ਬਸੰਤੀ ਦੇ ਸੀਨ ਵੀ ਆ ਰਹੇ ਸਨ। ਖੈਰ ਫੋਰਬਸਗੰਜ ਪਹੁੰਚ ਕੇ ਬਸੰਤੀ ਦੇ ਵਿਖਾਏ ਰਾਹ 'ਤੇ ਚਲਦਿਆਂ ਬਜ਼ਾਰ ਵਿਚ ਦੀ ਹੁੰਦੇ ਹੋਏ ਅਸੀਂ ਏਜੰਸੀ 'ਤੇ ਪੁੱਜ ਗਏ। ਜਦੋਂ ਏਜੰਸੀ 'ਤੇ ਪੁੱਜੇ ਤਾਂ ਪਤਾ ਲੱਗਿਆ ਕਿ ਬਸੰਤੀ ਨੇ ਫ਼ਿਰ ਸਾਡੀ ਭਕਾਈ ਕਰਾ ਦਿੱਤੀ ਹੈ, ਜਿੱਥੇ ਅਸੀਂ ਮੇਨ ਰੋਡ ਤੋਂ ਉਤਰ ਕੇ ਸਾਰਾ ਬਜ਼ਾਰ ਗਾਹ ਕੇ ਆਏ ਹਾਂ, ਉਸਦੇ 50 ਮੀਟਰ ਅੱਗੇ ਹੀ ਏਜੰਸੀ ਸੀ। ਇਸ ਕਰਕੇ ਅਸੀਂ ਮਹਿਸੂਸ ਕੀਤਾ ਕਿ ਨਿਰਾ-ਪੁਰਾ ਬਸੰਤੀ 'ਤੇ ਨਿਰਭਰ ਕਰਨਾ ਵੀ ਗ਼ਲਤ ਹੈ। ਜੇ ਆਪਣਾ ਦਿਮਾਗ਼ ਲਾ ਕੇ ਸਥਾਨਕ ਲੋਕਾਂ ਨੂੰ ਪੁੱਛ ਲੈਂਦੇ ਤਾਂ ਸਾਨੂੰ ਫੋਰਬਸਗੰਜ ਦਾ ਬਜ਼ਾਰ ਨਾ ਗਾਹੁਣਾ ਪੈਂਦਾ ਤੇ ਸਾਡਾ ਸਮਾਂ ਵੀ ਕਾਫ਼ੀ ਬਚ ਜਾਣਾ ਸੀ।

ਪੰਜਾਬ ਦੇ ਮੁਕਾਬਲੇ ਬਿਹਾਰੀਆਂ ਦੇ ਕੱਦ ਛੋਟੇ

ਏਜੰਸੀ ਦੀ ਬੇਸਮੈਂਟ ਵਿੱਚ ਬਣੀ ਵਰਕਸ਼ਾਪ ਵਿੱਚ ਬੁਲੇਟ ਲਗਾ ਦਿੱਤਾ। ਮਕੈਨਿਕਾਂ ਵਿੱਚ ਬਣੀ ਵਰਕਸ਼ਾਪ ਵਿੱਚ ਵਿੱਚ ਕਿ ਕੋਈ ਖ਼ਤਰੇ ਵਾਲੀ ਗੱਲ ਨਹੀਂ। ਤੁਸੀ ਇਸਨੂੰ ਇਵੇਂ ਹੀ ਚਲਾ ਸਕਦੇ ਹੋ। ਫੋਰਬਸਗੰਜ ਤੋਂ ਚੱਲ ਕੇ ਹਨ੍ਹੇਰਾ ਸ਼ੁਰੂ ਹੋ ਗਿਆ। ਭਾਵੇਂ ਹਾਲੇ ਦਿਨ ਦੇ ਪੰਜ ਹੀ ਵੱਜੇ ਸਨ, ਪਰ ਉਤਰ-ਦੱਖਣੀ ਭਾਰਤ ਵਿੱਚ ਪ੍ਰਵੇਸ਼ ਕਰਨ ਕਰਕੇ ਸਮਾਂ ਤਬਦੀਲ ਹੋ ਗਿਆ ਸੀ। ਅੱਗੇ ਜਾ ਕੇ ਟਰੈਫਿਕ ਨੂੰ ਦੇਖ ਕੇ ਮਹਿਸੂਸ ਹੋ ਰਿਹਾ ਸੀ ਕਿ ਇਹ ਸ਼ਹਿਰ ਕਾਫ਼ੀ ਵੱਡਾ ਹੋਵੇਗਾ, ਪਰ ਰਾਤ ਹੋਣ ਕਰਕੇ ਅਸੀਂ ਇਸ ਸ਼ਹਿਰ ਨੂੰ ਚੰਗੀ ਤਰ੍ਹਾਂ ਦੇਖ ਨਹੀਂ ਸਕੇ। ਅੱਗੇ ਜਾ ਕੇ ਅਸੀ ਕਿਸ਼ਨਗੰਜ਼ ਸ਼ਹਿਰ 'ਚ ਪੁੱਜੇ ਤੇ ਸ਼ਹਿਰ ਦੇ ਬਾਹਰੋ ਬਾਹਰ ਇੱਕ ਟੀ ਸਟਾਲ 'ਤੇ ਚਾਹ ਲਈ ਰੁਕੇ। ਜਿੱਥੇ ਇੱਕ ਮੁਸਲਮਾਨ ਬਾਬਾ ਬੜੇ ਪ੍ਰੇਮ ਨਾਲ ਚਾਹ ਬਣਾ ਰਿਹਾ ਸੀ। ਕਿਸੇ ਸਥਾਨ ਦਾ ਧਰਾਤਲ ਉਥੋਂ ਦੇ ਰਹਿਣ ਵਾਲਿਆਂ ਦੇ ਜੀਵਨ ਅਤੇ ਸਰੀਰਿਕ ਬਣਤਰ ਨੂੰ ਵੱਡੇ ਪੱਧਰ 'ਤੇ ਪ੍ਰਭਾਵਿਤ ਕਰਦਾ ਹੈ। ਪੰਜਾਬ ਵਿਚ ਖੁੱਲ੍ਹਾ ਖ਼ਾਣ ਪੀਣ ਅਤੇ ਚੰਗੇ ਰਹਿਣ ਸਹਿਣ ਕਰਕੇ ਛੇ ਫੁੱਟ ਕੱਦ ਤੇ ਰਿਸ਼ਟ ਪੁਸ਼ਟ ਸਰੀਰ ਹੋਣਾ ਆਮ ਗੱਲ ਹੈ, ਪਰ ਬਿਹਾਰ ਦੇ ਲੋਕਾਂ ਨੇ ਕੱਦ ਛੋਟੇ ਹੋਣ ਕਰਕੇ ਟੀ ਸਟਾਲਾਂ ਦੇ ਬਾਹਰ ਬਣਾਇਆ ਛੱਪਰ ਵੀ ਕਾਫ਼ੀ ਨੀਵਾਂ ਹੈ। ਹਰ ਵਾਰੀ ਜਦੋਂ ਅਸੀਂ ਅੰਦਰ ਆਉਣ ਲੱਗੇ ਤਾਂ ਛੱਪਰ ਦੇ ਕਾਨ੍ਹੇ ਅੱਖਾਂ 'ਚ ਵੱਜ ਜਾਂਦੇ ਸਨ। ਇੱਥੇ ਵੀ ਛੱਪਰ ਨੀਵਾਂ ਹੋਣ ਕਰਕੇ ਅੰਦਰ ਜਾਣ ਸਮੇਂ ਸਿਰ ਝੁਕਾ ਕੇ ਅੰਦਰ ਗਿਆ। ਚਾਹ ਪੀ ਕੇ ਜਦੋਂ ਖੜ੍ਹਾ ਹੋਇਆ ਤਾਂ ਫ਼ਿਰ ਇਹ ਭੁੱਲ ਗਿਆ ਕਿ ਛੱਪਰ ਨੀਵਾਂ ਹੈ। ਮੇਰਾ ਸਿਰ ਛੱਪਰ 'ਚ ਵੱਜਿਆ ਤੇ ਛੱਪਰ ਉਪਰ ਚੁੱਕਿਆ ਗਿਆ। ਸਾਰੇ ਜਿਵੇਂ ਹੱਸ ਪਏ ਤੇ ਮੇਰਾ ਵੀ ਹਾਸਾ ਨਿਕਲ ਗਿਆ। ਟੀ ਸਟਾਲ ਵਾਲੇ ਬਾਬੇ ਨੇ ਦੱਸਿਆ ਇੱਥੋਂ ਨੇਪਾਲ ਵੀ 30 ਕਿਲੋਮੀਟਰ 'ਤੇ ਹੈ ਤੇ ਬੰਗਲਾ ਦੇਸ਼ ਵੀ। ਯਾਨੀ ਕਿ ਕਿਸ਼ਨਗੜ੍ਹ ਨੇਪਾਲ ਤੇ ਬੰਗਲਾਦੇਸ਼ ਦੇ ਸੈਂਟਰ ਵਿੱਚ ਪੈਂਦਾ ਹੈ। ਅਸੀ ਬਾਬੇ ਨੂੰ ਖ਼ੁਦਾ ਹਾਫ਼ਿਜ਼ ਕਹਿ ਕੇ ਅੱਗੇ ਰਵਾਨਾ ਹੋ ਗਏ।

ਬਸੰਤੀ ਨੇ ਫਿਰ ਕੀਤੀ ਕਲੋਲ

ਅੱਜ ਅਸੀਂ ਤਕਨਾਲੋਜੀ ਦੇ ਇੰਨ੍ਹੇ ਗੁਲਾਮ ਹੋ ਚੁੱਕੇ ਹਾਂ ਕਿ ਉਸਦੀ ਹਰ ਗੱਲ ਨੂੰ ਅਟੱਲ ਸੱਚਾਈ ਸਮਝਦੇ ਹਾਂ। ਭਾਵੇਂ ਸਾਡੇ ਨਾਲ ਬਸੰਤੀ ਕਈ ਵਾਰ ਧੋਖਾ ਕਰ ਚੁੱਕੀ ਸੀ, ਪਰ ਫ਼ਿਰ ਵੀ ਅਸੀਂ ਵਾਰੀ-ਵਾਰੀ ਉਸਦੀਆਂ ਸੇਵਾਵਾਂ ਲੈਣ ਲਈ ਮਜਬੂਰ ਸਨ, ਕਿਉਂਕਿ ਹੋਰ ਕੋਈ ਚਾਰਾ ਵੀ ਨਹੀਂ ਸੀ। ਜਿਵੇਂ-ਜਿਵੇਂ ਅੱਗੇ ਵਧ ਰਹੇ ਸੀ, ਸਾਨੂੰ ਪਤਾ ਲੱਗ ਰਿਹਾ ਸੀ ਕਿ ਬਸੰਤੀ ਨੇ ਅੱਜ ਵੀ ਸਾਡੇ ਨਾਲ ਕਲੋਲ ਕਰ ਦਿੱਤੀ ਹੈ। ਗੋਰਖ਼ਪੁਰ ਤੋਂ ਤੁਰਨ ਵੇਲੇ ਰਸਤਾ ਸਾਢੇ ਪੰਜ ਸੌ ਕਿਲੋਮੀਟਰ ਦੱਸ ਕੇ ਬਸੰਤੀ ਸਾਨੂੰ ਸੱਤ ਸੌਂ ਛਿਆਹਟ ਕਿਲੋਮੀਟਰ ਸਿਲੀਗੁੜ੍ਹੀ ਤਕ ਲੈ ਆਈ ਸੀ।

ਟਰੈਫ਼ਿਕ ਕਾਫ਼ੀ ਵੱਧ ਗਿਆ ਸੀ ਤੇ ਅਸੀਂ ਪੱਛਮੀ ਬੰਗਾਲ ਵਿੱਚ ਦਾਖ਼ਲ ਹੋ ਚੁੱਕੇ ਸੀ। ਸਾਡੇ ਅੱਗੇ-ਅੱਗੇ ਕਿਸੇ ਚੀਜ਼ ਦੇ ਨਾਲ ਭਰੇ ਟਰੱਕ ਜਾ ਰਹੇ ਸਨ। ਟਰੱਕਾਂ ਦਾ ਭੂੰਗ ਇਸ ਤਰ੍ਹਾਂ ਸੀ ਜਿਵੇਂ ਟਰੱਕਾਂ ਦੇ ਪੱਗਾਂ ਬੰਨ੍ਹੀਆਂ ਹੋਈਆਂ ਹੋਣ। ਅਸੀ ਕਹਿ ਰਹੇ ਸੀ ਕਿ ਸਰਕਾਰਾਂ ਦੇ ਸਵਾਗਤ ਲਈ ਪੱਛਮੀ ਬੰਗਾਲ ਵਾਲਿਆਂ ਨੇ ਆਪਣੇ ਟਰੱਕਾਂ ਦੇ ਵੀ ਪੱਗਾਂ ਬੰਨ੍ਹ ਦਿੱਤੀਆਂ ਹਨ। ਇਸ ਤਰ੍ਹਾਂ ਹੱਸਦੇ ਖੇਡਦੇ ਅਸੀਂ ਆਪਣੇ ਪੜ੍ਹਾਅ ਸਿਲੀਗੁੜੀ ਪਹੁੰਚ ਗਏ। ਇੱਥੇ ਅਸੀਂ ਸੀ.ਆਰ.ਪੀ ਕੈਂਪ ਵਿੱਚ ਜਾਣਾ ਸੀ। ਅਸੀਂ ਜੀ.ਪੀ.ਐਸ ਵਾਲੀ ਬਸੰਤੀ ਨੂੰ ਫ਼ਿਰ ਜਗਾ ਲਿਆ ਤੇ ਕਿਹਾ ਕਿ 'ਚੱਲ ਧੰਨੋ ਸੀ.ਆਰ.ਪੀ ਕੈਂਪਸ 'ਚ'।

ਡੀਐਸਪੀ ਅਵਨੀਤ ਸਿੱਧੂ ਨੇ ਦਿਖਾਇਆ ਰਾਹ

ਬਸੰਤੀ ਨੇ ਰਾਹ ਦੱਸਣਾ ਸ਼ੁਰੂ ਕਰ ਦਿੱਤਾ ਤੇ ਦੂਜੇ ਫੋਨ ਤੋਂ ਮੈਂ ਫੇਸਬੁੱਕ 'ਤੇ ਲਾਈਵ ਹੋ ਗਿਆ। ਕਾਫ਼ੀ ਦੋਸਤ ਲਾਈਵ ਤੇ ਮੇਰੇ ਨਾਲ ਜੁੜ ਗਏ। ਬਸੰਤੀ ਸਾਨੂੰ ਸਿਲੀਗੁੜ੍ਹੀ ਸ਼ਹਿਰ ਦੇ ਰਿਹਾਇਸ਼ੀ ਇਲਾਕਿਆਂ ਵਿੱਚ ਘੁਮਾ ਰਹੀ ਸੇ। ਸਾਨੂੰ ਮਹਿਸੂਸ ਹੋ ਰਿਹਾ ਸੀ ਕਿ ਅਸੀਂ ਗਲਤ ਭਟਕ ਰਹੇ ਹਾਂ, ਪਰ ਰਾਤ ਦੇ 11 ਵਜੇ ਹੋਣ ਕਰਕੇ ਕੋਈ ਬਾਹਰ ਵੀ ਨਹੀਂ ਸੀ ਮਿਲ ਰਿਹਾ। ਬਸੰਤੀ ਤੋਂ ਬਿਨ੍ਹਾਂ ਹੋਰ ਕੋਈ ਚਾਰਾ ਨਹੀਂ ਸੀ। ਫੇਸਬੁੱਕ ਲਾਈਵ ਤੋਂ ਡੀ.ਐਸ.ਪੀ ਅਵਨੀਤ ਸਿੱਧੂ ਨੇ ਰਾਇ ਦਿੱਤੀ ਕਿ ਗਲੀਆਂ 'ਚੋਂ ਨਿਕਲ ਕੇ ਮੇਨ ਰੋਡ 'ਤੇ ਜਾਓ। ਉਥੇ ਕੋਈ ਨਾ ਕੋਈ ਬੰਦਾ ਜਾਗਦਾ ਮਿਲ ਜਾਵੇਗਾ। ਅਸੀਂ ਉਨ੍ਹਾਂ ਦੀ ਮੰਨ ਲਈ ਤੇ ਮੇਨ ਰੋਡ ਲੱਭਣ ਲੱਗੇ। ਉਹੀ ਗੱਲ ਹੋਈ, ਮੇਨ ਰੋਡ 'ਤੇ ਪੁੱਜੇ ਤਾਂ ਇਹ ਜੋੜਾ ਸੈਰ ਕਰਦਾ ਹੋਇਆ ਮਿਲ ਗਿਆ। ਉਨ੍ਹਾਂ ਤੋਂ ਸੀ.ਆਰ.ਪੀ.ਐੱਫ ਕੈਂਪਸ ਦਾ ਪਤਾ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ 100 ਮੀਟਰ ਅੱਗੇ ਜਾ ਕੇ ਮੇਨ ਰੋਡ ਤੋਂ ਖੱਬੇ ਉਤਰ ਜਾਇਓ, 200 ਮੀਟਰ ਤੇ ਕੈਂਪਸ ਹੈ। ਇੰਨ੍ਹਾਂ ਸ਼ਬਦਾਂ ਨੇ ਸਾਨੂੰ ਕਾਫ਼ੀ ਰਾਹਤ ਦਿੱਤੀ ਤੇ ਅਸੀਂ ਕੈਂਪਸ ਦੇ ਗੇਟ 'ਤੇ ਸੀ। ਡੀ.ਆਈ.ਜੀ ਬਲਦੇਵ ਸਿੰਘ ਨੇ ਗੇਟ 'ਤੇ ਪਹਿਲਾਂ ਹੀ ਸਾਡੇ ਆਉਣ ਦੀ ਸੂਚਨਾ ਦਿੱਤੀ ਹੋਈ ਸੀ। ਇਸ ਕਰਕੇ ਜਵਾਨ ਅਧਿਕਾਰੀ ਮੈਸ 'ਚ ਲੈ ਆਏ। ਡੀ.ਆਈ.ਜੀ ਬਲਦੇਵ ਸਿੰਘ ਸਾਡਾ ਇੰਤਜ਼ਾਰ ਕਰ ਰਹੇ ਸੀ।

ਡੀ.ਆਈ.ਜੀ ਨੇ ਗਰਮਜ਼ੋਸ਼ੀ ਨਾਲ ਸਾਡਾ ਸਵਾਗਤ ਕੀਤਾ। ਅਸਲ ਵਿੱਚ ਉਹ ਜਗਜੀਤ ਸਿੰਘ ਮਾਨ ਹੋਰਾਂ ਦੇ ਵਾਕਿਫ਼ ਸਨ। ਜਗਜੀਤ ਮਾਨ ਨੇ ਸਾਡੇ ਸਾਥੀਆਂ ਦੀ ਉਨ੍ਹਾਂ ਨਾਲ ਜਾਣ ਪਹਿਚਾਣ ਕਰਾਈ। ਗੱਲਾਂ ਕਰਦਿਆਂ ਪਤਾ ਲੱਗਿਆ ਕਿ ਡੀ.ਆਈ.ਜੀ ਆਪਣੇ ਗੁਆਂਢੀ ਜਿਲ੍ਹੇ ਮਾਨਸਾ ਦੇ ਪਿੰਡ ਮੌਜੀਆਂ ਤੋਂ ਹਨ। ਗੁਆਂਢੀ ਹੋਣ ਕਰਕੇ ਉਨ੍ਹਾਂ ਨਾਲ ਸਾਡੀ ਅਪਣੱਤ ਵਧ ਗਈ।

ਕਮਰੇ, ਵੱਡੇ-ਵੱਡੇ ਹੋਟਲਾਂ ਤੇ ਸਵੀਟ ਰੂਮ ਦੀ ਤਰ੍ਹਾਂ ਬਣੇ ਹੋਏ ਸਨ। ਅਸੀਂ ਆਪਣੀਆਂ ਜੈਕਟਾਂ ਉਤਾਰ ਕੇ ਹਲਕੇ ਜਿਹੇ ਹੋ ਕੇ ਲੌਬੀ 'ਤੇ ਬੈਠ ਗਏ ਤੇ ਖ਼ਾਣਾ ਖ਼ਾਣ ਲੱਗੇ। ਖ਼ਾਣੇ ਤੋਂ ਬਾਅਦ ਉਨ੍ਹਾਂ ਸਵੀਟ ਡਿਸ਼ ਦੇ ਤੌਰ 'ਤੇ ਰਸਗੁੱਲੇ ਦਿੱਤੇ, ਪਰ ਰੰਗ ਉਨ੍ਹਾਂ ਦਾ ਗੁਲਾਬ ਜਾਮੁਨ ਦੀ ਤਰ੍ਹਾਂ ਸੀ। ਅਸੀਂ ਕਿਹਾ ਇਹ ਤਾਂ ਗੁਲਾਬ ਜਾਮੁਨ ਲੱਗਦੇ ਹਨ, ਸਾਰੇ ਦੋਸਤ ਖਿੜ-ਖਿੜ ਕਰਕੇ ਹੱਸ ਪਏ। ਰਾਤ ਦੇ ਸਾਢੇ 12 ਵੱਜ ਚੁੱਕੇ ਸਨ ਤੇ ਅਸੀਂ ਕਮਰਿਆਂ 'ਚ ਜਾ ਕੇ ਸੌਂ ਗਏ।

ਡੀਆਈਜੀ ਬਲਦੇਵ ਸਿੱਧੂ ਨੇ ਦਿਖਾਈ ਹਰੀ ਝੰਡੀ

ਸਵੇਰੇ ਜਦੋਂ ਅਸੀਂ ਉਠੇ ਤਾਂ ਲਾਂਗਰੀ ਨੇ ਸਾਡੇ ਲਈ ਪਰੌਂਠੇ ਬਣਾ ਕੇ ਪੈਕ ਕਰਕੇ ਰੱਖੇ ਹੋਏ ਸੀ। ਅਸੀਂ ਕਾਹਲੀ ਨਾਲ ਤਿਆਰ ਹੋਏ ਅਤੇ ਪਰੌਂਠੇ ਨਾਲ ਰੱਖ ਲਏ। ਇੱਥੋਂ ਸਾਨੂੰ ਸੀ.ਆਰ.ਪੀ.ਐੱਫ ਦੇ ਡੀ.ਆਈ.ਜੀ ਬਲਦੇਵ ਸਿੰਘ ਸਿੱਧੂ ਨੇ ਝੰਡੀ ਦੇ ਕੇ ਰਵਾਨਾ ਕੀਤਾ। ਅਸੀਂ ਸਾਰਾ ਗਰੁੱਪ ਡੀ.ਆਈ.ਜੀ ਸਾਬ੍ਹ ਦੇ ਪਿਆਰ ਤੇ ਸਤਿਕਾਰ ਨਾਲ ਸਰਾਬੋਰ ਹੋਏ ਪਏ ਸੀ। ਉਨ੍ਹਾਂ ਤੋਂ ਸ਼ੁੱਭਕਾਮਨਾਵਾਂ ਲੈਂਦੇ ਅਸੀਂ ਆਪਣੀ ਮੰਜ਼ਿਲ ਵੱਲ ਨੂੰ ਰਵਾਨਾ ਹੋ ਗਏ। ਹਾਲੇ ਤੀਹ ਕੁ ਕਿਲੋਮੀਟਰ ਹੀ ਗਏ ਸੀ ਕਿ ਸਭ ਤੋਂ ਅੱਗੇ ਚਲ ਰਹੇ ਸੁਖਪਾਲ ਨੇ ਰੁਕਣ ਦਾ ਇਸ਼ਾਰਾ ਕੀਤਾ। ਰੁਕਣ 'ਤੇ ਪਤਾ ਲੱਗਿਆ ਕਿ ਖ਼ਾਰਾ ਸਾਬ੍ਹ ਦੇ ਅਵੈਂਜਰ ਦਾ ਇੱਕ ਵਾਰ ਫ਼ਿਰ ਸ਼ੌਕਰ ਟੁੱਟ ਗਿਆ। ਸਾਡੇ ਕਈ ਸਾਥੀ ਖਿੱਝ ਗਏ ਤੇ ਵਾਰ-ਵਾਰ ਕਹਿਣ ਦੇ ਬਾਵਜੂਦ ਇਹ ਮੋਟਰਸਾਇਕਲ ਕਿਉਂ ਲਿਆਂਦਾ। ਅਸਲ ਵਿੱਚ ਉਨ੍ਹਾਂ ਦੇ ਖਿਝਣ ਦਾ ਕਾਰਨ ਰਾਤ ਨੂੰ ਦੇਰ ਨਾਲ ਸੌਣਾ ਤੇ ਸਵੇਰੇ ਜਲਦੀ ਚੱਲ ਪੈਣਾ ਸੀ।

ਮਨ ਸ਼ਾਂਤ ਨਾ ਹੋਵੇ ਤਾਂ ਕੋਈ ਵੀ ਨਜ਼ਾਰਾ ਚੰਗਾ ਨਹੀਂ ਲੱਗਦਾ

ਸਾਡੇ ਨਾਲ ਗਏ ਬਬਲੂ ਨੇ ਸ਼ੌਕਰ ਬਦਲਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ, ਦ੍ਰਿਸ਼ ਬਹੁਤ ਸੋਹਣਾ ਸੀ, ਸਾਹਮਣੇ ਨਾਰੀਅਲ ਦੇ ਉੱਚੇ ਲੰਬੇ ਦਰੱਖਤ ਲਹਿਰਾ ਰਹੇ ਸਨ, ਪਰ ਆਖਿਆ ਜਾਂਦਾ ਹੈ ਕਿ ਜਦੋਂ ਤੁਹਾਡਾ ਮਨ ਸ਼ਾਂਤ ਨਾ ਹੋਵੇ ਤਾਂ ਕੋਈ ਦ੍ਰਿਸ਼ ਚੰਗਾ ਨਹੀਂ ਲੱਗਦਾ। ਇਸ ਸਮੇਂ ਵੀ ਸਾਰਿਆਂ 'ਤੇ ਖਿਝ ਹਾਵੀ ਸੀ। ਇਹ ਮਨਮੋਹਕ ਦ੍ਰਿਸ਼ ਚੰਗੇ ਨਹੀਂ ਲੱਗ ਰਹੇ ਸਨ। ਉਥੇ ਵੀ ਇੱਕੋਂ ਜਿਹੀਆਂ ਜੈਕਿਟਾਂ ਤੇ ਪੱਗਾਂ ਲੋਕਾਂ ਨੂੰ ਸਾਡੇ ਵੱਲ ਦੇਖਣ ਲਈ ਮਜ਼ਬੂਰ ਕਰ ਰਹੀਆਂ ਸਨ। ਸ਼ੌਕਰ ਬਦਲ ਕੇ ਅਸੀਂ ਤੁਰ ਪਏ, ਹਾਲੇ ਮੁਸ਼ਕਿਲ ਨਾਲ ਅੱਠ ਕਿਲੋਮੀਟਰ ਹੀ ਗਏ ਸੀ ਕਿ ਜਸਵਿੰਦਰ ਦੇ ਅਵੈਂਜ਼ਰ ਦਾ ਸ਼ੌਕਰ ਟੁੱਟ ਗਿਆ। ਸਾਡੇ ਇੱਕ ਦੋ ਸਾਥੀ ਇੰਨ੍ਹੇ ਅਵਾਜ਼ਾਰ ਹੋ ਗਏ ਕਿ ਉਨ੍ਹਾਂ ਨੂੰ ਸੰਭਾਲਣਾ ਮੁਸ਼ਕਿਲ ਹੋ ਗਿਆ। ਉਸਨੂੰ ਠੀਕ ਕਰਨ ਦੀ ਕੋਸ਼ਿਸ਼ ਕਰਨ ਲੱਗੇ, ਕਿਉਂਕਿ ਨਵੇਂ ਸ਼ੌਕਰ ਖ਼ਤਮ ਹੋ ਚੁੱਕੇ ਸਨ। ਸਥਿਤੀ ਨੂੰ ਸੰਭਾਲਣ ਲਈ ਮੈਂ ਆਪਣੇ ਸਾਥੀਆਂ ਨੂੰ ਟੀ ਸਟਾਲ 'ਤੇ ਲੈ ਗਿਆ ਤੇ ਚਾਹ ਪੀਣ ਲੱਗੇ। ਅਸੀਂ ਜਲਪਾਏਗੁੜੀ ਨੂੰ ਲੰਘ ਕੇ ਰੁਕੇ ਹੋਏ ਸੀ। ਕਿਹਾ ਜਾਂਦਾ ਹੈ ਕਿ ਪ੍ਰਮਾਤਮਾ ਜੋ ਕਰਦਾ ਹੈ, ਠੀਕ ਕਰਦਾ ਹੈ।

ਅਸਾਮੀ ਸਿੱਖ ਦੋਸਤ ਨੇ ਅਸਾਮ ਦਾਖਲ ਹੋਣੋਂ ਵਰਜ਼ਿਆ

ਉਸੇ ਸਮੇਂ ਫੇਸਬੁੱਕ 'ਤੇ ਸਾਨੂੰ ਫਾਲੋ ਕਰ ਰਹੇ ਇੱਕ ਅਸਾਮੀ ਸਿੱਖ ਦੋਸਤ ਨੇ ਦੱਸਿਆ ਕਿ ਹਾਲੇ ਅਸਾਮ ਵਿੱਚ ਦਾਖ਼ਲ ਹੋਣਾ ਠੀਕ ਨਹੀਂ ਹੈ, ਕਿਉਂਕਿ ਅਦਾਲਤ ਵੱਲੋਂ ਇੱਕ ਵੱਖਵਾਦੀ ਆਗੂ ਨੂੰ ਸਜ਼ਾ ਸੁਣਾਈ ਗਈ ਹੈ, ਜਿਸ ਕਰਕੇ ਸਾਰਾ ਖਿੱਤਾ ਤਨਾਅ ਵਿੱਚ ਹੈ। ਉਸਨੇ ਸਲਾਹ ਦਿੱਤੀ ਕਿ ਜੇਕਰ ਅਸੀਂ ਅਸਾਮ ਜਾਣਾ ਹੀ ਹੈ ਤਾਂ ਪੰਜ ਵਜੇ ਤੋਂ ਬਾਅਦ ਜਾਈਏ। ਅਸੀਂ ਉਸਦਾ ਧੰਨਵਾਦ ਕੀਤਾ। ਥੋੜ੍ਹੇ ਸਮੇਂ ਬਾਅਦ ਅਸੀ ਚੱਲ ਪਏ, ਅਗਲੇ ਸ਼ਹਿਰ ਧੁੱਪਗੜ੍ਹੀ ਪਹੁੰਚ ਗਏ।

ਪੰਜਾਬੀਆਂ ਦੇ ਸੁਭਾਅ ਮੁਤਾਬਿਕ ਐਵੇਂ ਹੀ ਟੰਗ ਅੜਾਈ

ਉਥੇ ਏਜੰਸੀ ਵਿੱਚ ਸ਼ੌਕਰ ਬਦਲਾਉਣ ਲਈ ਪਹੁੰਚੇ ਤਾਂ ਏਜੰਸੀ ਯੁੱਧ ਦਾ ਮੈਦਾਨ ਬਣੀ ਹੋਈ ਸੀ। ਇੱਕ ਵਿਅਕਤੀ ਅਸਾਮੀ ਭਾਸ਼ਾ ਵਿੱਚ ਉਚੀ-ਉਚੀ ਚੀਕ ਚੰਘਿਆੜਾਂ ਪਾ ਰਿਹਾ ਸੀ। ਅਸੀਂ ਉਥੋਂ ਦਾ ਦ੍ਰਿਸ਼ ਦੇਖ ਕੇ ਇੱਕ ਵਾਰ ਤਾਂ ਘਬਰਾ ਗਏ, ਪਰ ਪੰਜਾਬੀਆਂ ਦੇ ਸੁਭਾਅ ਅਨੁਸਾਰ ਕਿਸੇ ਦੇ ਫੱਟੇ ਵਿੱਚ ਲੱਤ ਫਸਾਉਣ ਦੀ ਕਹਾਵਤ ਨੂੰ ਚਰਥਾਰਿਤ ਕਰਦੇ ਹੋਏ ਸਾਡੇ ਕਈ ਸਾਥੀ ਉਸ ਘਟਨਾਕ੍ਰਮ ਵਿੱਚ ਕੁੱਦ ਪਏ। ਜਦੋਂ ਏਜੰਸੀ ਵਾਲਿਆਂ ਨੇ ਦੱਸਿਆ ਕਿ ਇਸ ਵਿਅਕਤੀ ਦਾ ਏਜੰਸੀ ਦੇ ਇੱਕ ਮੁਲਾਜ਼ਮ ਨਾਲ ਪੈਸੇ ਲੈ ਕੇ ਡਰਾਈਵਿੰਗ ਲਾਈਸੈਂਸ ਨਾ ਬਣਾਉਣ ਦਾ ਝਗੜਾ ਹੈ ਤਾਂ ਅਸੀਂ ਦੋਵਾਂ ਨੂੰ ਏਜੰਸੀ ਵਿੱਚੋਂ ਬਾਹਰ ਕੱਢਣ ਲਈ ਕਿਹਾ। ਸਾਡੀ ਗੱਲ ਏਜੰਸੀ ਮਾਲਕਾਂ ਦੇ ਦਿਲ ਲੱਗ ਗਈ ਤੇ ਉਨ੍ਹਾਂ ਨੇ ਤੁਰੰਤ ਦੋਹਾਂ ਨੂੰ ਬਾਹਰ ਕੱਢ ਕੇ ਮਾਹੌਲ ਨੂੰ ਸ਼ਾਂਤ ਕੀਤਾ। ਜਲਦੀ-ਜਲਦੀ ਸ਼ੌਕਰ ਬਦਲਾ ਕੇ ਅਸੀ ਅੱਗੇ ਚਲ ਪਏ, ਸਾਡੇ ਮਨ ਵਿੱਚ ਰਾਤ ਦੇ ਠਹਿਰਣ ਦਾ ਕੋਈ ਪ੍ਰਬੰਧ ਨਾ ਹੋਣ ਦਾ ਡਰ ਵੀ ਸਤਾ ਰਿਹਾ ਸੀ, ਪਰ ਹਾਲੇ ਮੁਸੀਬਤਾਂ ਘਟੀਆਂ ਨਹੀਂ ਸੀ, ਕੂਚ ਬਿਹਾਰ ਸ਼ਹਿਰ ਦੇ ਨੇੜੇ ਪਹੁੰਚਦੇ ਹੀ ਮੇਰੇ ਵਾਲੇ ਬੁਲੇਟ ਦੇ ਸ਼ੌਕਰ ਦਾ ਪਟਾਕਾ ਪੈ ਗਿਆ। ਅਸੀਂ ਵਰਕਸ਼ਾਪ ਲੱਭੀਏ, ਪਰ ਲੀਡਰ ਦੀ ਸਜ਼ਾ ਕਾਰਨ ਸਾਰੇ ਬਜ਼ਾਰ ਬੰਦ ਸਨ। ਬੜੀ ਮੁਸ਼ਕਿਲ ਨਾਲ ਇੱਕ

ਵਰਕਸ਼ਾਪ ਲੱਭੀ, ਉਸਨੇ ਭਾਰਤੀ ਮਾਨਸਿਕਤਾ ਅਨੁਸਾਰ ਵੱਧ ਪੈਸਿਆਂ ਦੀ ਮੰਗ ਕੀਤੀ। ਸਾਡੇ ਇੱਕ ਦੋ ਸਾਥੀਆਂ ਨੇ ਇਤਰਾਜ ਜ਼ਾਹਿਰ ਕੀਤਾ, ਪਰ ਮੈਂ ਕਿਹਾ ਕਿ ਅੱਗ ਲੱਗੀ ਤੋਂ ਮਸ਼ਕਾਂ ਦੇ ਭਾਅ ਨਹੀਂ ਪੁੱਛੀਦੇ, ਆਪਾਂ ਆਪਣਾ ਕੰਮ ਕਰਵਾਈਏ। (ਜਾਰੀ...)

- ਗੁਰਪ੍ਰੇਮ ਲਹਿਰੀ

98886-48111

Posted By: Harjinder Sodhi