'ਲੀਨਿੰਗ ਟਾਵਰ ਆਫ ਪੀਸਾ' ਅਰਥਾਤ ਪੀਸਾ ਦੀ ਝੁਕੀ ਮੀਨਾਰ ਯੂਰਪ ਮਹਾਂਦੀਪ ਦੇ ਦੱਖਣ ਵਿਚ ਸਥਿਤ ਇਟਲੀ ਦੇ ਛੋਟੇ ਸ਼ਹਿਰ ਪੀਸਾ ਵਿਚ ਹੈ। ਇਹ ਵਾਸਤੂ ਸ਼ਿਲਪ ਦਾ ਅਦਭੁੱਤ ਨਮੂਨਾ ਹੈ। ਪੀਸਾ ਨਗਰ ਨੂੰ ਮਹਾਨ ਗਣਿਤ ਵਿਗਿਆਨੀ ਗਲੈਲੀਓ ਦੀ ਜਨਮਭੂਮੀ ਮੰਨਿਆ ਜਾਂਦਾ ਹੈ।

ਇਸ ਮੀਨਾਰ ਦੇ ਆਲੇ-ਦੁਆਲੇ ਕਈ ਇਮਾਰਤਾਂ ਹਨ ਜੋ ਬਿਲਕੁਲ ਸਿੱਧੀਆਂ ਬਣੀਆਂ ਹੋਈਆਂ ਹਨ ਅਤੇ ਉਨ੍ਹਾਂ ਦੇ ਵਿਚਕਾਰ ਬਣੀ ਇਹ ਟੇਢੀ-ਜਿਹੀ ਬਿਲਡਿੰਗ ਦੇਖਣ ਵਿਚ ਬਹੁਤ ਹੈਰਤਅੰਗੇਜ਼ ਤੇ ਅਜੀਬ ਲਗਦੀ ਹੈ। ਲਗਪਗ 15 ਫੁੱਟ ਝੁਕੀ ਮੀਨਾਰ ਹੁਣ ਤਕ ਕਿਵੇਂ ਖੜ੍ਹੀ ਹੈ, ਦੇਖ ਕੇ ਲੋਕ ਬਹੁਤ ਅਚੰਭਤ ਹੁੰਦੇ ਹਨ। ਜਦੋਂ ਇਸ ਇਮਾਰਤ ਨੂੰ ਉਸਾਰਿਆ ਗਿਆ, ਉਸ ਤੋਂ ਬਾਅਦ ਹੀ ਇਹ ਮੀਨਾਰ ਇਕ ਪਾਸੇ ਵੱਲ ਝੁਕਣਾ ਸ਼ੁਰੂ ਹੋ ਗਿਆ ਸੀ ਅਤੇ ਇਸ ਦੇ ਝੁਕਣ ਕਾਰਨ ਹੀ ਇਹ ਸੰਸਾਰ ਭਰ ਵਿਚ ਪ੍ਰਸਿੱਧ ਹੈ। ਸੰਸਾਰ ਭਰ ਤੋਂ ਹਜ਼ਾਰਾਂ ਲੋਕ ਇਸ ਮੀਨਾਰ ਨੂੰ ਦੇਖਣ ਲਈ ਪੀਸਾ ਆਉਂਦੇ ਹਨ। ਇਸ ਮੀਨਾਰ ਨੂੰ ਬਣਾਉਣ ਦੀ ਸ਼ੁਰੂਆਤ ਸਾਲ 1173 ਵਿਚ ਕੀਤੀ ਗਈ ਸੀ। ਇਸ ਮੀਨਾਰ ਦਾ ਨਿਰਮਾਣ ਬੋਨੈਨੋ ਪਿਸਾਨੋ ਨੇ 1173 'ਚ ਸ਼ੁਰੂ ਕਰਵਾਇਆ ਸੀ ਅਤੇ 1372 ਵਿਚ ਤਿੰਨ ਸਟੇਜਾਂ ਵਿਚ 199 ਸਾਲ ਬਾਅਦ ਇਸ ਦਾ ਨਿਰਮਾਣ ਕਾਰਜ ਪੂਰਾ ਹੋਇਆ। 1178 'ਚ ਜਦੋਂ ਤੀਜੀ ਮੰਜ਼ਿਲ ਬਣ ਰਹੀ ਸੀ ਤਾਂ ਇਹ ਅਚਾਨਕ ਝੁਕ ਗਈ। ਇਸ ਦੇ ਝੁਕਣ ਦਾ ਕਾਰਨ ਨੀਂਹਾਂ ਦਾ ਸਿਰਫ 3 ਮੀਟਰ ਚੌੜਾ ਹੋਣਾ ਅਤੇ ਢਿੱਲੀ ਅਤੇ ਡੋਲਵੀਂ ਜ਼ਮੀਨ ਸੀ। ਪੀਸਾ ਰਿਹਾਇਸ਼ੀ ਲੋਕਾਂ ਦਾ ਸ਼ਹਿਰ ਹੈ। ਪੀਸਾ ਅਤੇ ਫਲੋਰੈਂਸ ਦੇ ਲੋਕਾਂ ਦੀ ਆਪਸ ਵਿਚ ਕਦੇ ਨਹੀਂ ਬਣਦੀ ਸੀ ਜਿਸ ਕਾਰਨ ਦੋਵੇਂ ਸ਼ਹਿਰਾਂ ਵਿਚ ਕਈ ਜੰਗਾਂ ਹੋਈਆਂ ਸਨ।

ਪੀਸਾ ਵਾਸੀਆਂ ਦਾ ਨਾਲ ਦੇ ਇਲਾਕਿਆਂ ਦੇ ਨਾਲ ਲਗਾਤਾਰ ਜੰਗ ਕਰਕੇ, ਮੀਨਾਰ ਦਾ ਨਿਰਮਾਣ ਬਹੁਤ ਸਾਲ ਬੰਦ ਰਿਹਾ। 1272 ਵਿਚ ਇਸ ਦਾ ਨਿਰਮਾਣ ਦੁਬਾਰਾ ਸ਼ੁਰੂ ਹੋਇਆ। ਹੋਰ ਮੰਜ਼ਿਲਾਂ ਨੂੰ ਇਕ ਪਾਸੇ ਤੋਂ ਉੱਚਾ ਬਣਾਇਆ ਗਿਆ।

ਪੀਸਾ ਦੀ ਮੀਨਾਰ ਦੀ ਵਾਸਤੂਕਲਾ ਸ਼ੈਲੀ ਬਾਰੇ ਤੱਥ ਬਹੁਤ ਦਿਲਚਸਪ ਹਨ। ਇਸ ਨੂੰ ਰੇਤ ਅਤੇ ਚਿੱਕਣੀ ਮਿੱਟੀ ਵਾਲੇ ਸਥਾਨ ਤੇ ਲੱਕੜ ਦੇ ਲੱਠਾਂ ਨੂੰ ਜ਼ਮੀਨ ਵਿਚ ਗੱਡ ਕੇ ਉਸ ਉੱਪਰ ਬਣਾਇਆ ਗਿਆ ਹੈ। ਇਸ ਮੀਨਾਰ ਦੇ ਬਾਹਰੀ ਭਾਗ ਨੂੰ ਬਣਾਉਣ ਲਈ ਸੰਗਮਰਮਰ ਦਾ ਇਸਤੇਮਾਲ ਕੀਤਾ ਗਿਆ ਸੀ। ਇਸ ਦੀਆਂ ਕੁੱਲ 8 ਮੰਜ਼ਿਲਾਂ ਹਨ। ਇਸ ਦੇ ਆਧਾਰ 'ਤੇ ਕੰਧਾਂ ਦੀ ਚੌੜਾਈ 2.44 ਮੀਟਰ (8 ਫੁੱਟ 0.06 ਇੰਚ) ਹੈ। ਇਸਦਾ ਅੰਦਾਜ਼ਨ ਭਾਰ 14,500 ਮੀਟ੍ਰਿਕ ਟਨ ਹੈ। ਇਸ ਟਾਵਰ ਵਿਚ 296 ਪੌੜੀਆਂ ਹਨ। ਇਸ ਮੀਨਾਰ ਦੀ ਝੁਕੇ ਹੋਏ ਪਾਸੇ ਦੀ ਉਚਾਈ 55.86 ਮੀਟਰ (183.3 ਫੁੱਟ) ਅਤੇ ਦੂਜੇ ਪਾਸੇ ਇਸ ਦੀ ਉਚਾਈ 56.70 ਮੀਟਰ ਹੈ। ਥੱਲੇ ਤੋਂ ਇਸ ਦੀ ਚੌੜਾਈ 4.09 ਮੀਟਰ ਅਤੇ ਸਿਖਰ 'ਤੇ 2.48 ਮੀਟਰ ਹੈ। ਇਹ ਆਧਾਰ ਤੋਂ ਤਕਰੀਬਨ 5 ਡਿਗਰੀ ਦੇ ਖ਼ਤਰਨਾਕ ਕੋਣ 'ਤੇ ਝੁਕੀ ਹੋਈ ਹੈ। ਇਸ ਦਾ ਮਤਲਬ ਇਹ ਹੈ, ਕਿ ਜੇ ਇਹ ਮੀਨਾਰ ਸਿੱਧਾ ਹੁੰਦਾ ਤਾਂ ਇਸ ਦੀ ਉਚਾਈ 3.9 ਮੀਟਰ ਹੋਰ ਹੁੰਦੀ।

ਸਾਲ 1987 ਵਿਚ ਯੂਨੈਸਕੋ ਦੁਆਰਾ ਇਸ ਮੀਨਾਰ ਦੀ ਵਿਸ਼ਵ ਵਿਰਾਸਤੀ ਸਥਾਨ ਵਜੋਂ ਚੋਣ ਕੀਤੀ ਗਈ ਸੀ।

ਅੱਜ ਤਕ ਵੱਡੇ ਯਤਨਾਂ ਨਾਲ ਇਸ ਮੀਨਾਰ ਨੂੰ ਡਿੱਗਣ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਿਛਲੇ ਦਹਾਕੇ ਤੋਂ ਵੀ ਪਹਿਲਾਂ ਦਾ ਇਕ ਵਿਸ਼ੇਸ਼ ਪ੍ਰਾਜੈਕਟ ਚੱਲ ਰਿਹਾ ਹੈ, ਜਿਸਦਾ ਮਕਸਦ ਪੀਸਾ ਦੇ ਲੀਨਿੰਗ ਟਾਵਰ ਨੂੰ ਸਥਾਈਤਵ ਦੇਣਾ ਹੈ। ਇਸ ਦੇ ਤਹਿਤ ਮੀਨਾਰ ਦੇ ਉੱਤਰ ਵੱਲ ਜ਼ਮੀਨ ਵਿੱਚੋਂ 70 ਟਨ ਮਿੱਟੀ ਖੋਦੀ ਗਈ ਹੈ ਤਾਂ ਕਿ ਇਹ ਸਿੱਧਾ ਖੜ੍ਹਾ ਹੋ ਸਕੇ। ਦੇਖ-ਰੇਖ ਤੋਂ ਬਾਅਦ ਪੀਸਾ ਦਾ ਝੁਕਿਆ ਹੋਇਆ ਮੀਨਾਰ ਹੁਣ ਸਥਿਰ ਅਤੇ ਸਿੱਧਾ ਹੁੰਦਾ ਨਜ਼ਰ ਆਇਆ ਹੈ। ਇਸ ਦਾ ਝੁਕਾਅ ਪਹਿਲਾਂ ਨਾਲੋਂ ਘੱਟ ਹੋ ਗਿਆ ਹੈ ਤੇ ਇਹ 48 ਸੈਂਟੀਮੀਟਰ ਸਿੱਧੀ ਹੋਈ ਹੈ। ਮੀਨਾਰ ਦੀ ਬੁਨਿਆਦ ਅਤੇ ਮੀਨਾਰ ਦੇ ਅੰਦਰ ਇਕ ਹਾਈਟੈਕ ਕੈਮਰਾ ਲਗਾਇਆ ਗਿਆ ਹੈ, ਜਿਸ ਤੋਂ ਇਹ ਪਤਾ ਲਗਦਾ ਹੈ ਕਿ ਪੀਸਾ ਦੀ ਮੀਨਾਰ ਝੁਕਣੋਂ ਬੰਦ ਹੋ ਗਈ ਹੈ। ਇਸ ਪ੍ਰੋਗਰਾਮ ਦੀ ਨਿਗਰਾਨੀ ਕਰਨ ਵਾਲੇ ਅਫਸਰ ਨੇ ਕਿਹਾ ਹੈ ਕਿ ਅਗਲੇ ਘੱਟੋ ਘੱਟ ਦੋ ਸੌ ਸਾਲ ਤਕ ਮੀਨਾਰ ਸਥਿਰ ਰਹੇਗੀ। ਸਾਲ 1990 ਵਿਚ ਇਸ ਮੀਨਾਰ ਨੂੰ ਡਿੱਗਣ ਦੇ ਖ਼ਤਰੇ ਕਰਕੇ ਬੰਦ ਕਰ ਦਿੱਤਾ ਗਿਆ ਸੀ, ਪਰ 11 ਸਾਲਾਂ ਬਾਅਦ ਇਸ ਨੂੰ ਦਸੰਬਰ 2001 ਵਿਚ ਜਨਤਾ ਲਈ ਮੁੜ ਤੋਂ ਖੋਲ੍ਹਿਆ ਗਿਆ।

- ਪ੍ਰੋ. ਜਸਪ੍ਰੀਤ ਕੌਰ

9417831583

Posted By: Harjinder Sodhi