ਨਿਰੰਜਣ ਬੋਹਾ- ਬੀ. ਐੱਸ. ਬੀਰ ਦੇ ਛੋਟੇ ਭਰਾ ਕਰਮਜੀਤ ਸਿੰਘ ਮਹਿਰਮ ਵੱਲੋਂ 11 ਜਨਵਰੀ ਦੀ ਸਵੇਰ ਨੂੰ ਉਨ੍ਹਾਂ ਦੇ ਸਦੀਵੀ ਵਿਛੋੜਾ ਦੇ ਜਾਣ ਦੀ ਸੂਚਨਾ ਮਨ ਨੂੰ ਬਹੁਤ ਉਦਾਸ ਕਰ ਗਈ। ਮੇਰਾ ਉਦਾਸ ਤੇ ਦੁੱਖੀ ਹੋਣਾ ਸੁਭਾਵਿਕ ਵੀ ਸੀ। ਵਰ੍ਹਿਆ ਬੱਧੀ ਉਨ੍ਹਾਂ ਦੇ ਪਰਚੇ ਲਈ ਲੜੀਵਾਰ ਕਾਲਮ ਲਿਖਦੇ ਰਹਿਣ ਕਾਰਨ ਉਨ੍ਹਾਂ ਨਾਲ ਮੇਰੀ ਵੱਡੇ–ਛੋਟੇ ਭਰਾਵਾਂ ਵਰਗੀ ਨੇੜਤਾ ਹੋ ਗਈ ਸੀ। ਹੁਣ ਮੈਥੋਂ ਉਹ ਧੀਮੀ ਤੇ ਮਿੱਠੀ ਆਵਾਜ਼ ਵਿਚ ਇਹ ਨਹੀਂ ਪੁੱਛਣਗੇ, “ਅਗਲੇ ਮਹੀਨੇ ਕਿਹੜਾ ਵਿਸ਼ਾ ਚੁਣਿਆ ਹੈ ਕਾਲਮ ਲਈ? ਇਸ ਸੋਚ ਨੇ ਮੈਨੂੰ ਬੇਚੈਨ ਕਰ ਦਿੱਤਾ ਤਾਂ ਮੈਂ ਬਿਸਤਰਾ ਛੱਡ ਕੇ ਕੰਪਿਊਟਰ 'ਤੇ ਬੈਠ ਗਿਆ ਤਾਂ ਕਿ ਉਨ੍ਹਾਂ ਨਾਲ ਜੁੜੀਆਂ ਯਾਦਾਂ ਨੂੰ ਤਰਤੀਬ ਦੇ ਕੇ ਦਸਤਾਵੇਜ਼ੀ ਰੂਪ ਵਿਚ ਸੰਭਾਲ ਸਕਾਂ।

ਬੀ. ਐੱਸ. ਬੀਰ ਤੇ ਉਨਾਂ ਦੇ ਪਰਚੇ 'ਮਹਿਰਮ' ਨਾਲ ਮੇਰੀ ਸਾਂਝ ਤਾਂ ਚਿਰੋਕਣੀ ਸੀ ਪਰ ਇਸ ਸਾਂਝ ਨੂੰ ਹੰਢਣਸਾਰ ਤੇ ਨਿੱਘਾ ਬਣਾਉਣ ਵਿਚ ਉਨ੍ਹਾਂ ਦੇ ਕਹਾਣੀ ਸੰਗ੍ਰਹਿ “ਨਿੱਕੇ ਵੱਡੇ ਮੈਟਰੋ” ਦਾ ਵਿਸ਼ੇਸ਼ ਯੋਗਦਾਨ ਰਿਹਾ । ਇਹ ਪੁਸਤਕ ਮੈਨੂੰ ਕਿਸੇ ਅਖ਼ਬਾਰ ਨੇ ਸਮੀਖਿਆ ਕਰਨ ਹਿੱਤ ਭੇਜੀ ਸੀ। ਇਸ ਪੁਸਤਕ ਵਿੱਚੋਂ ਮੈਨੂੰ ਉਨ੍ਹਾਂ ਦੀਆਂ ਕਹਾਣੀਆਂ ਵਿੱਚਲੀ ਮਾਨਵਤਾਵਾਦੀ ਸੁਰ ਪਸੰਦ ਆ ਗਈ ਤੇ ਉਨਾਂ ਨੂੰ ਮੇਰੇ ਦੁਆਰਾ ਕੀਤਾ ਵਿਸ਼ਲੇਸ਼ਣ ਪਸੰਦ ਆ ਗਿਆ। ਫਿਰ ਉਨ੍ਹਾਂ ਦੀ ਹਰ ਪੁਸਤਕ ਮੇਰੇ ਕੋਲ ਪੜ੍ਹਣ ਲਈ ਆਉਂਦੀ ਰਹੀ ਤੇ ਮੈਂ ਲੱਗਦੀ ਵਾਹ ਉਸ ਬਾਰੇ ਅਤਪਣੀ ਰਾਇ ਲਿਖਦਾ ਵੀ ਰਿਹਾ ਤੇ ਕਿਤੇ ਨਾ ਕਿਤੇ ਛਪਵਾਉਂਦਾ ਵੀ ਰਿਹਾ। ਉਨ੍ਹਾਂ ਮੈਨੂੰ ਆਪਣੇ ਪਰਚੇ ਲਈ ਲੜੀਵਾਰ ਕਾਲਮ ਲਿਖਣ ਦੀ ਪੇਸ਼ਕਸ਼ ਕੀਤੀ ਤਾਂ ਮੈਂ ਬੜੀ ਖ਼ੁਸ਼ੀ ਨਾਲ ਇਹ ਸਵੀਕਾਰ ਲਈ। ਇਹ ਕਾਲਮ ਲਿਖਣਾ ਮੇਰੇ ਲਈ 'ਨਾਲੇ ਗੰਗਾ ਦਾ ਇਸ਼ਨਾਨ ਤੇ ਨਾਲੇ ਵੰਗਾਂ ਦਾ ਵਿਉਪਾਰ' ਵਾਲੀ ਗੱਲ ਸੀ। ਇਸ ਕਾਲਮ ਰਾਹੀਂ ਸਾਹਿਤ ਤੇ ਸਾਹਿਤਕਾਰਾਂ ਬਾਰੇ ਨਵੀਆਂ ਗੱਲਾਂ ਕਰਨ ਦਾ ਮੌਕਾ ਮੈਨੂੰ ਮਿਲਣਾ ਸੀ। ਉਨਾਂ ਦੇ ਸੁਝਾਅ 'ਤੇ ਹੀ ਮੈਂ ਇਸ ਕਾਲਮ ਦੇ ਅਧਾਰਿਤ ਪੁਸਤਕ 'ਮੇਰੇ ਹਿੱਸੇ ਦਾ ਅਦਬੀ ਸੱਚ (ਭਾਗ ਪਹਿਲਾ) ਪ੍ਰਕਾਸ਼ਿਤ ਕਰਵਾਈ, ਜਿਸ ਦਾ ਸਾਹਿਤਕ ਖੇਤਰ ਵਿਚ ਭਰਵਾਂ ਸਵਾਗਤ ਹੋਇਆ। ਇਹ ਪੁਸਤਕ ਬੀਰ ਹੁਰਾਂ ਨਾਭਾ ਦੇ ਕਵਿਤਾ ਉਸਤਵ ਸਮੇਂ ਆਪ ਹੀ ਰਲੀਜ਼ ਕਰਵਾਈ ਤੇ ਮੈਨੂੰ ਮਹਿਰਮ ਗਰੁੱਪ ਵੱਲੋਂ ਸਨਮਾਨਿਤ ਵੀ ਕੀਤਾ। ਹੁਣ ਇਸ ਪੁਸਤਕ ਦਾ ਦੂਜਾ ਭਾਗ “ਮੈਂ ਕਿਉਂ ਨਾ ਬੋਲਾਂ? ਪ੍ਰਕਾਸ਼ਿਤ ਕਰਾਉਣ ਦਾ ਮਨ ਹੈ ਜਿਸ ਦਾ ਸਮਰਪਣ ਮੈਂ ਬੀ.ਐੱਸ. ਬੀਰ ਨੂੰ ਕਰਨਾ, ਮੇਰੇ ਲਈ ਜ਼ਰੂਰੀ ਹੈ।

ਉਨ੍ਹਾਂ ਪਲਾਂ ਦੀ ਯਾਦ ਵੀ ਮੈਨੂੰ ਭਾਵੁਕ ਕਰਨ ਵਾਲੀ ਹੈ ਜਦੋਂ ਮੈਂ ਕਿਤਾਬ ਦੇ ਰਲੀਜ਼ ਹੋਣ ਤੇ ਬੀਰ ਹੁਰਾਂ ਵੱਲੋਂ ਭਰਵਾਂ ਸਨਮਾਨ ਪਾਉਣ ਤੋਂ ਬਾਅਦ ਘਰ ਵਾਪਸੀ ਕਰ ਰਿਹਾ ਸਾਂ। ਬੀਰ ਹੁਰਾਂ ਨੇ ਮੈਨੂੰ ਰੋਕ ਕੇ ਕਿਹਾ ਕਿ ਬੱਚਿਆਂ ਲਈ ਕੁਝ ਮਠਿਆਈ ਵੀ ਲੈਂਦੇ ਜਾਈਂ ਉਨ੍ਹਾਂ ਦੇ ਤਾਏ ਵੱਲੋਂ। ਕਿਤਾਬ ਰਲੀਜ਼ ਹੋਈ ਹੈ, ਉਨ੍ਹਾਂ ਦਾ ਮੂੰਹ ਵੀ ਮਿੱਠਾ ਹੋਣਾ ਚਾਹੀਦਾ ਹੈ। ਭਲਾ ਕਿੰਨੇ ਕੁ ਲੇਖਕ ਨੇ ਜੋ ਆਪਣੇ ਘਰ ਆਏ ਕਿਸੇ ਦੂਜੇ ਲੇਖਕ ਦੀ ਇੰਨੀ ਆਉ ਭਗਤ ਕਰਦੇ ਨੇ ਤੇ ਇੰਨੀ ਮੋਹ ਭਰੀ ਵਿਦਾਇਗੀ ਦਿੰਦੇ ਨੇ।ਮੈਂ ਉਨ੍ਹਾਂ ਕੀਮਤੀ ਪਲਾਂ ਨੂੰ ਵੀ ਕਦੇ ਨਹੀਂ ਭੁਲਣਾ ਚਾਹਾਂਗਾ ਜਦੋਂ ਉਨ੍ਹਾਂ ਦੇ ਵਿਸ਼ੇਸ਼ ਬੁਲਾਵੇ 'ਤੇ ਮੈਂ ਦਰਸ਼ਨ ਬਰੇਟਾ ਤੇ ਜਗਦੀਸ਼ ਕੁਲਰੀਆਂ ਸਮੇਤ ਉਨ੍ਹਾਂ ਨੂੰ ਮਿਲਣ ਨਾਭੇ ਗਿਆ ਸਾਂ। ਉਨ੍ਹਾਂ ਕਿਨੇਂ ਚਾਅ ਨਾਲ ਸਾਨੂੰ ਆਪਣੀ ਕਾਰ ਵਿਚ ਬਿਠਾ ਕੇ ਨਾਭੇ ਸ਼ਹਿਰ ਦਾ ਗੇੜਾ ਲਵਾਇਆ ਸੀ ਤੇ ਖ਼ਾਸ ਤੌਰ 'ਤੇ ਘੋੜਿਆ ਵਾਲੇ ਗੁਰਦਵਾਰਾਂ ਸਾਹਿਬ ਲਿਜਾਕੇ ਸਾਨੂੰ ਇਸ ਦੇ ਮਾਣ ਮੱਤੇ ਇਤਿਹਾਸ ਬਾਰੇ ਦੱਸਿਆ ਸੀ।

ਮੇਰੇ ਲਈ ਬੀ.ਐੱਸ. ਬੀਰ ਦਾ ਸ਼ੁਮਾਰ ਪੰਜਾਬੀ ਤੇ ਹਿੰਦੀ ਭਾਸ਼ਾ ਦੇ ਉਨ੍ਹਾਂ ਗਿਣੇ ਚੁਣਵੇਂ ਲੇਖਕਾਂ ਵਿਚ ਸੀ ਜਿਹੜੇ ਆਪਣੀ ਜ਼ਿੰਦਗੀ ਵੱਲੋਂ ਹੰਢਾਏ ਜਾਣ ਵਾਲੇ ਹਰੇਕ ਪਲ ਦੀ ਕੀਮਤ ਜਾਣਦੇ ਵੀ ਸਨ ਤੇ ਉਸ ਨੂੰ ਰੱਜ ਕੇ ਮਾਣਦੇ ਵੀ ਸਨ। ਸਮੇਂ ਦੀ ਕਦਰ ਤੇ ਇਸ ਦੀ ਵਰਤੋਂ ਦੀ ਸੁਲਝੀ ਵਿਉਂਤਬੰਦੀ ਸਦਕਾ ਹੀ ਭਾਰਤ ਦੇ ਇਤਿਹਾਸਕ ਦਿਹਾੜੇ (15 ਅਗਸਤ 1947) ਨੂੰ ਜਨਮਿਆਂ ਇਹ ਪੁਰਸ਼ ਪੰਜਾਬੀ ਸਾਹਿਤ ਦੇ ਇਤਹਾਸ ਵਿਚ ਵੀ ਨਵੀਆਂ ਪੈੜਾਂ ਪਾ ਗਿਆ। ਇਕ ਪਾਸੇ ਉਹ ਆਪਣੇ ਹੱਦ ਦਰਜੇ ਦੇ ਮਿਹਨਤੀ ਸੁਭਾਅ ਦੇ ਬਲਬੂਤੇ 'ਤੇ 'ਮਹਿਰਮ ਗਰੁਪ ਆਫ ਪਬਲੀਕੇਸ਼ਨਜ਼' ਵਰਗੇ ਵੱਡੇ ਕਾਰੋਬਾਰੀ ਅਦਾਰੇ ਨੂੰ ਬਲੁੰਦੀਆ ਵੱਲ ਲਿਜਾਣ ਵਿਚ ਸਫਲ ਹੋਇਆ ਤਾਂ ਦੂਜੇ ਪਾਸੇ ਨਿਰੰਤਰ ਤੇ ਨਿਸ਼ਠਾ ਪੂਰਨ ਸਾਹਿਤ ਰਚਨਾ ਦਾ ਕਾਰਜ ਵੀ ਜਾਰੀ ਰੱਖਿਆ । ਇਕ ਕਾਰੋਬਾਰੀ ਤੇ ਹਮੇਸ਼ਾ ਰੁੱਝੇ ਰਹਿਣ ਵਾਲੇ ਬੰਦੇ ਲਈ ਇਹ ਮੁਸ਼ਕਲ ਕਾਰਜ ਹੁੰਦਾ ਹੈ ਕਿ ਉਹ ਇਕ ਸਾਊ, ਸੱਭਿਅਕ ਤੇ ਸਲੀਕੇਦਾਰ ਮਨੁੱਖ ਵੱਜੋਂ ਵੀ ਆਪਣੀ ਸਮਾਜ ਉਪਯੋਗੀ ਹੋਂਦ ਨੂੰ ਸਾਬਿਤ ਕਰੇ। ਬੀ. ਐੱਸ. ਬੀਰ ਦੀਆਂ ਸਮਾਜਿਕ ਗਤੀਵਿਧੀਆ ਮੂਹੋਂ ਬੋਲ ਕੇ ਇਹ ਗਵਾਹੀ ਦਿੰਦੀਆਂ ਨੇ ਕਿ ਉਸ ਦੇ ਆਲੇ ਦੁਆਲੇ ਦੇ ਸਮਾਜ ਨੂੰ ਉਸ ਦੇ ਤੁਰ ਜਾਣ ਨਾਲ ਬਹੁਤ ਘਾਟਾ ਪਿਆ ਹੈ। ਇਸ ਕਰਮਯੋਗੀ ਬੰਦੇ ਅੰਦਰਲੀ ਸਿਰਜਨਾਤਮਕਤਾ ਉਸ ਨੂੰ ਹਰ ਖੇਤਰ ਵਿਚ ਲਗਾਤਰ ਕਾਰਜ਼ਸੀਲ ਰੱਖਦੀ ਰਹੀ ਹੈ। ਮੈਂ ਅਕਸਰ ਉਸ ਬਾਰੇ ਸੋਚਦਾ ਸਾਂ ਕਿ ਪਤਾ ਨਹੀਂ ਉਹ ਕਿਹੜੀ ਮਿੱਟੀ ਦਾ ਬਣਿਆ ਹੈ ਜੋ ਦਿਨ ਰਾਤ ਮਿਹਨਤ ਕਰ ਕੇ ਵੀ ਅੱਕਦਾ ਤੇ ਥੱਕਦਾ ਨਹੀਂ, ਸਗੋਂ ਹਮੇਸ਼ਾ ਤਰੋ-ਤਾਜ਼ਾ ਹੀ ਵਿਖਾਈ ਦਿੰਦਾ ਹੈ।

ਬੀ.ਐੱਸ. ਬੀਰ ਨੇ ਪੰਜਾਬੀ ਤੇ ਹਿੰਦੀ ਕਹਾਣੀ, ਨਾਵਲ, ਕਵਿਤਾ ਤੇ ਵਾਰਤਕ ਤੇ ਪੱਤਰਕਾਰਤਾ ਦੇ ਖੇਤਰ ਵਿਚ ਜਿੰਨਾ ਮੁੱਲਵਾਨ ਯੋਗਦਾਨ ਪਾਇਆ ਹੈ, ਮੋੜਵੇਂ ਰੂਪ ਵਿਚ ਉਸ ਨੂੰ ਉਨੀ ਹੀ ਸਾਹਿਤਕ ਮਾਨਤਾ, ਪ੍ਰਸਿੱਧੀ, ਸਥਾਪਤੀ ਤੇ ਲੋਕ ਪ੍ਰਿਯਤਾ ਵੀ ਹਾਸਿਲ ਹੋਈ ਹੈ। ਉਸ ਦੀ ਸਾਹਿਤਕ ਦੇਣ 'ਤੇ ਗੁਰੂ ਨਾਨਕ ਦੇਵ ਯੂਨੀਵਰਸਟੀ, ਪੰਜਾਬੀ ਯੂਨੀਵਰਸਟੀ, ਕੁਰੂਕਸ਼ੇਤਰ ਯੂਨੀਵਰਸਟੀ, ਦਿੱਲੀ ਯੂਨੀਵਰਸਟੀ, ਜੇ. ਐਂਡ. ਕੇ. ਯੂਨੀਵਰਸਟੀ ਤੇ ਹਿਮਾਚਲ ਯੂਨੀਵਰਸਟੀ ਆਦਿ ਨੇ ਅਨੇਕਾਂ ਖੋਜਾਰਥੀਆਂ ਤੋਂ ਪੀ.ਐੱਚ. ਡੀ. ਤੇ ਐੱਮ. ਫਿਲ. ਪੱਧਰ ਦੇ ਖੋਜ ਕਾਰਜ ਕਰਵਾਏ ਗਏ ਹਨ ਤੇ ਕਰਵਾਏ ਜਾ ਰਹੇ ਹਨ।

ਉਸ ਦੇ ਹੁਣ ਤਕ ਪ੍ਰਕਾਸ਼ਿਤ ਹੋਏ ਕਹਾਣੀ ਸੰਗ੍ਰਹਿ 'ਕੁਦਰਤ ਬਨਾਮ ਆਦਮੀ , ਪੌਣਾ ਆਦਮੀ, ਬੌਣੇ, ਛੋਟੇ ਵੱਡੇ ਰੱਬ, ਨਿੱਕੇ ਵੱਡੇ ਮੈਟਰੋ ਤੇ ਚੁਰਾਹੇ ਖੜ੍ਹਾ ਬੁੱਤ ਬੋਲਦਾ, ਇਹ ਕਿਹਾ ਖ਼ਾਲਿਸਤਾਨ ਤੇ ਗੁਲਨਾਰੀ ਰੰਗ ਨੇ ਪੰਜਾਬੀ ਕਹਾਣੀ ਵਿਚ ਉਸ ਦੀ ਨਿਵੇਕਲੀ ਪਛਾਣ ਬਣਾਈ ਹੈ ਤੇ ਨੈਸ਼ਨਲ ਬੁੱਕ ਟਰਸਟ ਦੇ ਸਾਬਕਾ ਚੇਅਰਮੈਨ ਡਾ. ਬਲਦੇਵ ਸਿੰਘ ਬੱਧਨ ਵੱਲੋਂ ਸੰਪਾਦਿਤ 510 ਪੰਨਿਆਂ ਦੀ ਵੱਡ ਅਕਾਰੀ ਪੁਸਤਕ ਬੀ.ਅੱੈਸ. ਬੀਰ ਦੀਆਂ ਚੋਣਵੀਆਂ ਕਹਾਣੀਆਂ ਨੇ ਇਸ ਪਛਾਣ ਦੇ ਰੰਗ ਹੋਰ ਗੂੜ੍ਹੇ ਕੀਤੇ ਹਨ। ਇਸ ਤਰ੍ਹਾਂ ਉਸ ਦੇ ਸਮੁੱਚੇ ਕਾਵਿ ਸਾਹਿਤ ਨੂੰ ਲੈ ਕੇ ਡਾ. ਸਤੀਸ਼ ਵਰਮਾ, ਡਾ. ਤਰਲੋਕ ਸਿੰਘ ਅਨੰਦ ਤੇ ਨਿਰੰਜਣ ਬੋਹਾ ਵੱਲੋਂ ਸੰਪਾਦਿਤ ਕੀਤੀ 832 ਪੰਨਿਆ ਦੀ ਦਸਤਾਵੇਜ਼ੀ ਮਹੱਤਤਾ ਵਾਲੀ ਪੁਸਤਕ ਬੀ. ਐੱਸ. ਬੀਰ. ਦਾ ਕਾਵਿ ਜਗਤ ਵੀ ਭਵਿੱਖ ਦੇ ਖੋਜ਼ਾਰਥੀਆਂ ਲਈ ਇਕ ਚਾਨਣ ਮੁਨਾਰਾ ਬਣਨ ਦੀ ਸਮਰਥਾ ਰੱਖਦੀ ਹੈ। ਪੰਜਾਬੀ ਪਾਠਕਾਂ ਦੇ ਸੁਹਜ ਸੁਆਦ ਨੂੰ ਮਾਨਵਤਾਵਾਦੀ ਤੇ ਲੋਕ ਕਲਿਆਣਕਾਰੀ ਸਾਹਿਤ ਨਾਲ ਜੋੜਣ ਵਿਚ ਬੀਰ ਦਾ ਆਪਣਾ ਵੱਖਰਾ ਯੋਗਦਾਨ ਹੈ।

Posted By: Harjinder Sodhi