ਰੋਚਕ ਬਾਲ ਸਾਹਿਤ ਬੱਚਿਆਂ ਦਾ ਵਧੀਆ ਸਾਥੀ ਹੁੰਦਾ ਹੈ ਪਰ ਅਜੋਕੇ ਸਮੇ 'ਚ ਸਾਰਾ ਸੰਸਾਰ ਟੀਵੀ ਤੇ ਮੋਬਾਈਲ ਦੀ ਜ਼ਕੜ 'ਚ ਹੈ। ਕਿਸੇ ਕੋਲ ਵੀ ਚੰਗੀ ਕਿਤਾਬ ਜਾਂ ਰਸਾਲਾ ਪੜ੍ਹਨ ਦੀ ਵਿਹਲ ਨਹੀਂ। ਬਹੁਤੇ ਲੋਕ ਤਾਂ ਅਖ਼ਬਾਰ ਵੀ ਦੌੜੇ ਜਾਂਦੇ ਹੀ ਪੜ੍ਹਦੇ ਹਨ। ਪੜ੍ਹਨ ਦੀ ਰੁਚੀ ਘਟਣ ਦਾ ਕਾਰਨ ਰੋਚਕ ਤੇ ਸਸਤਾ ਸਾਹਿਤ ਉਪਲੱਬਧ ਨਾ ਹੋਣਾ ਹੈ। ਇਸੇ ਕਰਕੇ ਬਹੁਤੇ ਮਾਪੇ ਇਸ ਦੀ ਕਦਰ ਨਹੀਂ ਜਾਣਦੇ। ਹਰ ਮਾਂ ਵਿਹਲੇ ਸਮੇਂ ਬੱਚੇ ਨੂੰ ਟੀਵੀ ਨਾਲ ਜੋੜਦੀ ਹੈ, ਨਾ ਕਿ ਬਾਲ ਸਾਹਿਤ ਨਾਲ। ਵਿਦੇਸ਼ਾਂ ਵੱਲ ਝਾਤੀ ਮਾਰੀਏ ਤਾਂ ਉੱਥੇ ਬੱਚੇ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਉੱਤਮ ਦਰਜੇ ਦਾ ਬਾਲ ਸਾਹਿਤ ਮੁਹੱਈਆ ਕਰਵਾਇਆ ਜਾਂਦਾ ਹੈ। ਲਾਇਬ੍ਰੇਰੀ ਜਾਓ ਤਾਂ ਹਰ ਬਾਲ ਮਨ ਦੇ ਹਾਣ ਦੀ ਪੁਸਤਕ ਮਿਲੇਗੀ। ਘਰਾਂ 'ਚ ਜਾਓ ਤਾਂ ਮਹਿੰਗੇ ਖਿਡੌਣਿਆਂ ਦੀ ਬਜਾਇ ਕੀਮਤੀ ਪੁਸਤਕਾਂ ਮਿਲਣਗੀਆਂ। ਅਸਲ 'ਚ ਉੱਥੋਂ ਦੇ ਲੋਕ ਅਤੇ ਸਰਕਾਰਾਂ ਬਾਲ ਸਾਹਿਤ ਦੀ ਮਹੱਤਤਾ ਨੂੰ ਭਲੀ ਭਾਂਤ ਜਾਣਦੀਆਂ ਹਨ। ਇਸ ਤੋਂ ਉਲਟ ਸਾਡੇ ਦੇਸ਼ 'ਚ ਦਿਖਾਵੇ ਵਾਲੇ ਸਾਰੇ ਕੰਮ ਕੀਤੇ ਜਾਂਦੇ ਹਨ। ਬਹੁਤ ਥੋੜ੍ਹੇ ਘਰ ਹਨ, ਜਿਨ੍ਹਾਂ 'ਚ ਬੱਚਿਆਂ ਨੂੰ ਉਮਰ ਅਨੁਸਾਰ ਕਿਤਾਬਾਂ ਤੇ ਰਸਾਲੇ ਦਿੱਤੇ ਜਾਂਦੇ ਹਨ, ਜਦਕਿ ਬੱਚੇ ਦੇ ਵਿਕਾਸ 'ਚ ਬਾਲ ਸਾਹਿਤ ਦੀ ਅਹਿਮ ਭੂਮਿਕਾ ਹੈ। ਗਿਆਨ ਦੀ ਅਸਲੀ ਜੋਤ ਤਾਂ ਬਾਲ ਪੁਸਤਕਾਂ ਰਾਹੀਂ ਹੀ ਜਗ-ਮਗ, ਜਗ-ਮਗ ਕਰਨ ਲਗਦੀ ਹੈ।

ਜਦੋਂ ਅਸੀਂ ਬੋਲਣਾ ਸਿੱਖ ਰਹੇ ਬਾਲ ਦੇ ਹੱਥ ਚਿੱਤਰਾਂ ਵਾਲੀ ਕਿਤਾਬ ਦਿੰਦੇ ਹਾਂ ਤਾਂ ਉਸ ਦੀ ਜ਼ੁਬਾਨ ਦਾ ਵਿਕਾਸ ਹੁੰਦਾ ਹੈ। ਉਹ ਇਨ੍ਹਾਂ ਪੰਛੀਆਂ ਤੇ ਜਾਨਵਰਾਂ ਦੇ ਨਾਂ ਲੈਣ ਦਾ ਅਭਿਆਸ ਕਰਦਾ ਹੈ। ਥੋੜ੍ਹੇ ਸਮੇਂ ਬਾਅਦ ਉਹ ਇਨ੍ਹਾਂ ਬਾਰੇ ਸਵਾਲ ਕਰਨ ਲੱਗ ਪੈਂਦਾ ਹੈ, ਜਿਸ ਨਾਲ ਉਸ ਅੰਦਰ ਜਾਣਨ ਦੀ ਇੱਛਾ ਵਧ ਜਾਂਦੀ ਹੈ। ਇਸੇ ਤਰ੍ਹਾਂ ਸ਼ਬਦਾਂ ਨੂੰ ਜਾਣਨ ਤੋਂ ਪਹਿਲਾਂ ਉੁਹ ਚਿੱਤਰਾਂ ਰਾਹੀਂ ਬਹੁਤ ਸਾਰੀਆਂ ਕਹਾਣੀਆਂ ਬਾਰੇ ਜਾਣਕਾਰੀ ਹਾਸਿਲ ਕਰ ਲੈਂਦਾ ਹੈ। ਜਦੋਂ ਬੱਚਾ ਸਕੂਲ ਜਾਣ ਲੱਗ ਪੈਂਦਾ ਹੈ ਤਾਂ ਉਸ 'ਤੇ ਸਿਲੇਬਸ ਦੀਆਂ ਪੁਸਤਕਾਂ ਦਾ ਬੋਝ ਪਾ ਦਿੱਤਾ ਜਾਂਦਾ ਹੈ। ਇਸ ਸਭ ਦੇ ਬਾਵਜੂਦ ਬੱਚੇ ਦਾ ਮਨੋਰੰਜਕ ਸੰਸਾਰ ਘਰ ਅਤੇ ਸਕੂਲ ਵਿਚ ਵਸਦਾ ਰਹਿਣਾ ਚਾਹੀਦਾ ਹੈ। ਮਾਪੇ ਉਸ ਨਾਲ ਸਮਾਂ ਗੁਜ਼ਾਰਨ। ਉਸ ਨੂੰ ਉਸ ਦੀ ਉਮਰ ਦੀਆਂ ਕਹਾਣੀਆਂ ਸੁਣਾ ਕੇ ਉਸ ਅੰਦਰ ਜੀਵਨ ਦੀਆਂ ਉਚੇਰੀਆਂ ਕਦਰਾਂ-ਕੀਮਤਾਂ ਭਰਨ। ਇਸ ਵਾਸਤੇ ਬਹੁਤੀ ਖੇਚਲ ਨਹੀਂ ਕਰਨੀ ਪੈਂਦੀ। ਬੱਸ ਥੋੜ੍ਹਾ ਧਿਆਨ ਲਗਾ ਕੇ ਉਸ ਨੂੰ ਸਮਾਂ ਦੇਣਾ ਹੁੰਦਾ ਹੈ। ਜਦੋਂ ਬੱਚਾ ਖ਼ੁਦ ਪੜ੍ਹਨਯੋਗ ਹੋ ਜਾਂਦਾ ਹੈ ਤਾਂ ਫਿਰ ਸਾਰੀ ਚਿੰਤਾ ਹੀ ਮੁੱਕ ਗਈ। ਉਸ ਦੀ ਵਿਕਾਸ ਕਰ ਰਹੀ ਰੁਚੀ ਅਨੁਸਾਰ ਉਸ ਨੂੰ ਕਿਤਾਬਾਂ ਦਿੱਤੀਆਂ ਜਾਣ। ਇਸ ਕਾਰਜ ਲਈ ਤੁਸੀਂ ਕਿਸੇ ਲਿਖਾਰੀ ਜਾਂ ਅਧਿਆਪਕ ਨਾਲ ਸਲਾਹ-ਮਸ਼ਵਰਾ ਕਰ ਸਕਦੇ ਹੋ। ਬੱਚੇ ਦੀ ਅਸਲ ਗੁਰੂ ਮਾਤਾ ਹੀ ਹੁੰਦੀ ਹੈ। ਉਸ ਦਾ ਸਕੂਲ ਘਰ ਹੁੰਦਾ ਹੈ। ਬਹੁਤ ਸਾਰੀਆਂ ਗੱਲਾਂ ਉਸ ਨੇ ਘਰ ਵਿਚ ਸਿੱਖਣੀਆਂ ਹੁੰਦੀਆਂ ਹਨ। ਇਨ੍ਹਾਂ ਗੱਲਾਂ ਦਾ ਵਿਕਾਸ ਸਕੂਲ ਵਿਚ ਜਾ ਕੇ ਹੋਣਾ ਹੁੰਦਾ ਹੈ। ਉਸ ਦੀ ਅਸਲੀ ਬੁਨਿਆਦ ਤਾਂ ਘਰ 'ਚ ਹੀ ਰੱਖੀ ਜਾਂਦੀ ਹੈ।

ਮਾਪਿਆਂ ਦਾ ਫ਼ਰਜ਼

ਕਿਸੇ ਨੇ ਸੱਚ ਕਿਹਾ ਹੈ ਕਿ ਪੜ੍ਹੀ-ਲਿਖੀ ਮਾਂ ਅੰਦਰ ਯੂਨੀਵਰਸਿਟੀ ਹੁੰਦੀ ਹੈ, ਭਾਵ ਬੱਚੇ ਨੂੰ ਸਰਵਪੱਖੀ ਗਿਆਨ ਮਾਂ ਪਾਸੋਂ ਹੀ ਮਿਲਣਾ ਹੁੰਦਾ ਹੈ। ਮਾਪਿਆਂ ਨੂੰ ਚਾਹੀਦਾ ਹੈ ਕਿ ਬੱਚਿਆਂ ਦੀ ਸੋਚ ਨੂੰ ਉਸਾਰੂ ਦਿਸ਼ਾ ਵੱਲ ਤੋਰਨ ਲਈ ਬਾਲ ਸਾਹਿਤ ਦਾ ਭੰਡਾਰ ਦੇਣ। ਅੰਗਰੇਜ਼ੀ-ਹਿੰਦੀ ਭਾਸ਼ਾ 'ਚ ਤਾਂ ਬਹੁਤ ਸਾਰੇ ਰਸਾਲੇ ਛਪਦੇ ਹਨ ਪਰ ਪੰਜਾਬੀ ਵਿਚ ਸਿਰਫ ਤਿੰਨ ਰਸਾਲੇ ਨਿਰੰਤਰ ਛਪ ਰਹੇ ਹਨ। ਸੂਝਵਾਨ ਮਾਪੇ ਆਪਣੇ ਲਾਡਲੇ ਲਾਡਲੀਆਂ ਨੂੰ ਇਨ੍ਹਾਂ ਰਸਾਲਿਆਂ ਤੋਂ ਵਿਰਵੇਂ ਨਾ ਰੱਖਣ। ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਤੋਂ 'ਪ੍ਰਾਇਮਰੀ ਸਿੱਖਿਆ' ਤੇ 'ਪੰਖੜੀਆਂ', ਸੁਰ ਸੰਗਮ ਵਿਦਿਅਕ ਟਰੱਸਟ ਤੋਂ 'ਨਿੱਕਿਆਂ ਕਰੂੰਬਲਾਂ' ਬਾਲ ਰਸਾਲੇ ਮੰਗਵਾਏ ਜਾ ਸਕਦੇ ਹਨ।

ਜੇ ਅਜੇ ਅਸੀਂ ਬਾਲ ਪੁਸਤਕਾਂ ਲੱਭਣ ਦੇ ਯੋਗ ਨਹੀਂ ਤਾਂ ਸਾਨੂੰ ਉਨ੍ਹਾਂ ਤੱਕ ਪੁੱਜਣ ਦਾ ਰਾਹ ਇਨ੍ਹਾਂ ਬਾਲ ਰਸਾਲਿਆਂ ਵਿਚੋਂ ਮਿਲ ਸਕਦਾ ਹੈ। ਗਿਆਨ ਵਿਗਿਆਨ, ਕਲਾ, ਸਿੱਖਿਆ, ਖੇਡਾਂ, ਕਹਾਣੀਆਂ ਆਦਿ ਵਿਸ਼ਿਆਂ ਬਾਰੇ ਇਹ ਰਸਾਲੇ ਰੋਚਕ ਜਾਣਕਾਰੀ ਦਿੰਦੇ ਹਨ। ਸਾਡੀ ਅਮੀਰੀ ਮਹਿੰਗੇ ਖਿਡੌਣਿਆਂ 'ਚ ਨਹੀਂ ਹੈ, ਸਗੋਂ ਬੱਚੇ ਨੂੰ ਉੱਚੀਆਂ ਕਦਰਾਂ-ਕੀਮਤਾਂ ਨਾਲ ਜੋੜਨ ਵਾਲੀਆਂ ਪੁਸਤਕਾਂ ਅਤੇ ਰਸਾਲਿਆਂ ਨਾਲ ਹੈ। ਪੁਸਤਕਾਂ ਬੱਚਿਆਂ ਨਾਲ ਕਦੀ ਧੋਖਾ ਨਹੀਂ ਕਰਦੀਆਂ, ਉਹ ਤਾਂ ਆਖ਼ਰੀ ਸਾਹਾਂ ਤਕ ਸਾਥ ਨਿਭਾਉਂਦੀਆਂ ਹਨ। ਸੋ ਹਰ ਮਾਪੇ ਦਾ ਇਹ ਜ਼ਿੰਮਾ ਹੈ ਕਿ ਬੱਚੇ ਦੇ ਸਹੀ ਵਿਕਾਸ ਲਈ ਉਸ ਨੂੰ ਬਾਲ ਸਾਹਿਤ ਨਾਲ ਜੋੜੇ। ਬਹੁਤ ਸਾਰੇ ਮਹਾਨ ਪੁਰਸ਼ਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪ੍ਰਾਪਤੀ 'ਚ ਘਰ ਦੇ ਮਹੌਲ ਤੇ ਬਚਪਨ ਵਿਚ ਪੜ੍ਹੇ ਬਾਲ ਸਾਹਿਤ ਦਾ ਅਹਿਮ ਸਥਾਨ ਹੈ। ਇਸ ਲਈ ਅਸੀਂ ਵੀ ਆਪਣੇ ਭਵਿੱਖ ਨੂੰ ਬਾਲ ਸਾਹਿਤ ਦੀ ਪਿਉਂਦ ਚੜ੍ਹਾ ਕੇ ਮਨਚਾਹੇ ਰਾਹਾਂ ਦੇ ਪਾਂਧੀ ਬਣਾ ਸਕਦੇ ਹਾਂ। ਬੱਚੇ ਦੇ ਜਨਮ ਦਿਨ 'ਤੇ ਇਕ ਰੁੱਖ ਲਗਾ ਕੇ ਪੁਸਤਕਾਂ ਦੇ ਤੋਹਫ਼ੇ ਦਿਓ। ਅਸਲ ਵਿਚ ਇਹ ਉਸ ਦੇ ਜੀਵਨ ਸਰਮਾਏ ਵਿਚ ਵਾਧਾ ਕਰਨ ਵਾਲੀ ਪੁੰਜੀ ਹਨ। ਖਿਡੌਣੇ ਤੇ ਕੱਪੜੇ ਤਾਂ ਟੁੱਟ ਜਾਂ ਮੁੱਕ ਜਾਣਗੇ ਪਰ ਪੁਸਤਕਾਂ ਦੁਆਰਾ ਸਿੱਖੀਆਂ ਗੱਲਾਂ ਉਸ ਨੂੰ ਜੀਵਨ ਸੰਗਰਾਮ ਵਿਚ ਸਫਲਤਾ ਪ੍ਰਦਾਨ ਕਰਨਗੀਆਂ। ਇਸ ਲਈ ਅੱਜ ਤੋਂ ਹੀ ਇਹ ਕਾਰਜ ਅਰੰਭ ਕਰ ਦਿਉ। ਬੱਚੇ ਦੀ ਉਮਰ ਅਤੇ ਰੁਚੀ ਅਨੁਸਾਰ ਉਸ ਨੂੰ ਬਾਲ ਸਾਹਿਤ ਦੇ ਬਗ਼ੀਚੇ 'ਚ ਛੱਡ ਦਿਓ। ਉਹ ਫੁੱਲਾਂ ਨਾਲ ਖੇਡੇਗਾ ਅਤੇ ਤੰਦਰੁਸਤੀ ਨਾਲ ਵਧੇ-ਫੁੱਲੇਗਾ। ਮਨ ਦੀ ਬਾਦਸ਼ਾਹੀ ਹੀ ਵਿਕਾਸ ਦਾ ਸਹੀ ਰਾਹ ਹੁੰਦੀ ਹੈ।

- ਬਲਜਿੰਦਰ ਮਾਨ

98150-18947

Posted By: Harjinder Sodhi