ਹਰਚਰਨ ਕੌਰ - ਭਾਰਤ ਤਿਉਹਾਰਾਂ ਦਾ ਦੇਸ਼ ਹੈ। ਸਾਲ ਦੇ 12 ਮਹੀਨਿਆਂ ਵਿਚੋਂ ਕੋਈ ਵੀ ਅਜਿਹਾ ਮਹੀਨਾ ਨਹੀਂ ਹੁੰਦਾ, ਜਦੋਂ ਕੋਈ ਤਿਉਹਾਰ ਨਾ ਮਨਾਇਆ ਜਾਂਦਾ ਹੋਵੇ। ਭਾਰਤ ਦਾ ਸਮੁੱਚਾ ਜੀਵਨ ਤਿਉਹਾਰਾਂ ਨਾਲ ਜੁੜਿਆ ਹੋਇਆ ਹੈ। ਇਸੇ ਤਰ੍ਹਾਂ ਮਾਘੀ ਤੋਂ ਇਕ ਦਿਨ ਪਹਿਲਾਂ ਲੋਹੜੀ (Lohri Festival 2019) ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਸ ਤਿਉਹਾਰ ਦੇ ਅਰਥ 'ਤਿਲ+ਰਿਓੜੀ' ਤੋਂ ਹਨ। ਤਿਲ ਅਤੇ ਰਿਓੜੀ ਦਾ ਤਿਉਹਾਰ ਹੋਣ ਕਾਰਨ ਇਸ ਦਾ ਪੁਰਾਤਨ ਨਾਂ 'ਤਿਲੋੜੀ' ਸੀ, ਜੋ ਸਮੇਂ ਨਾਲ ਬਦਲਦਾ-ਬਦਲਦਾ 'ਲੋਹੜੀ' ਬਣ ਗਿਆ। ਇਹ ਤਿਉਹਾਰ ਪੰਜਾਬ ਦੇ ਹਰ ਘਰ 'ਚ ਮਨਾਇਆ ਜਾਂਦਾ ਹੈ। ਲੋਹੜੀ ਤੋਂ ਕਈ ਦਿਨ ਦਿਨ ਪਹਿਲਾਂ ਛੋਟੇ ਬੱਚੇ ਘਰ-ਘਰ ਜਾ ਕੇ ਪਾਥੀਆਂ, ਬਾਲਣ ਇਕੱਠਾ ਕਰਨਾ ਸ਼ੁਰੂ ਕਰ ਦਿੰਦੇ ਸਨ। ਜਿਸ ਘਰ ਵਿਚ ਮੁੰਡੇ ਦਾ ਜਨਮ ਹੋਇਆ ਹੋਵੇ ਜਾਂ ਨਵਾਂ ਵਿਆਹ ਹੋਇਆ ਹੋਵੇ, ਉਨ੍ਹਾਂ ਵੱਲੋਂ ਬੱਚਿਆਂ ਨੂੰ ਮੂੰਗਫਲੀ, ਰਿਓੜੀਆਂ, ਤਿਲ, ਪੈਸੇ ਆਦਿ ਖ਼ੁਸ਼ੀ ਵਜੋਂ ਦਿੱਤੇ ਜਾਂਦੇ ਹਨ। ਤੋਤਲੀਆਂ ਆਵਾਜ਼ਾਂ 'ਚ ਲੋਹੜੀ ਦੇ ਗੀਤ ਗਾਉਂਦੇ ਬੱਚੇ ਬੜੇ ਪਿਆਰੇ ਲਗਦੇ ਹਨ। ਪਹਿਲਾਂ ਸਿਰਫ਼ ਪੁੱਤਰ ਦੇ ਪੈਦਾ ਹੋਣ 'ਤੇ ਹੀ ਲੋਹੜੀ ਪਾਈ ਜਾਂਦੀ ਸੀ ਪਰ ਅਜੋਕੇ ਪੜ੍ਹੇ-ਲਿਖੇ ਸਮਾਜ ਵਿਚ ਲੜਕੇ ਅਤੇ ਲੜਕੀ 'ਚ ਕੋਈ ਫ਼ਰਕ ਨਹੀਂ ਸਮਝਿਆ ਜਾਂਦਾ ਤੇ ਲੋਕ ਬੱਚੀਆਂ ਦੀ ਵੀ ਲੋਹੜੀ ਪਾਉਣ ਲੱਗੇ ਹਨ। ਇਸ ਦਿਨ ਗਲੀ-ਮੁਹੱਲੇ ਦੇ ਲੋਕ ਧੂਣੀ ਬਾਲ ਕੇ ਇਕੱਠੇ ਹੋ ਕੇ ਬੈਠਦੇ ਹਨ ਤੇ ਧੂਣੀ 'ਚ ਤਿਲ ਪਾਉਂਦੇ ਹੋਏ ਲੋਹੜੀ ਦੇ ਗੀਤ ਗਾਉਂਦੇ ਹਨ :

ਈਸਰ ਆ, ਦਲਿੱਦਰ ਜਾ,

ਦਲਿੱਦਰ ਦੀ ਜੜ੍ਹ ਚੁੱਲ੍ਹੇ ਪਾ।


ਜਿਸ ਦਾ ਅਰਥ ਹੈ ਕਿ ਈਸ਼ਵਰ ਦੀ ਮਿਹਰ ਹੋਵੇ ਅਤੇ ਦੁੱਖ-ਕਲੇਸ਼ ਨਾ ਆਉਣ ਤੇ ਸਾਰੇ ਕਲੇਸ਼ਾਂ ਦੀ ਜੜ੍ਹ ਸੜ ਜਾਵੇ। ਇਸ ਤਿਉਹਾਰ ਦਾ ਸਬੰਧ ਬਦਲਦੇ ਮੌਸਮ ਨਾਲ ਵੀ ਹੈ। (Lohri 2019)

ਇਕ ਪੁਰਤਾਨ ਗਾਥਾ ਅਨੁਸਾਰ ਇਸ ਤਿਉਹਾਰ ਦਾ ਸਬੰਧ ਇਕ ਭੱਟੀ ਸਰਦਾਰ 'ਦੁੱਲੇ' ਨਾਲ ਵੀ ਹੈ। ਇਕ ਗ਼ਰੀਬ ਬ੍ਰਾਹਮਣ ਦੀਆਂ ਦੋ ਧੀਆਂ ਸੁੰਦਰੀ ਤੇ ਮੁੰਦਰੀ ਸਨ। ਗ਼ਰੀਬ ਬ੍ਰਾਹਮਣ ਨੇ ਆਪਣੀਆਂ ਧੀਆਂ ਦਾ ਰਿਸ਼ਤਾ ਕਿਸੇ ਥਾਂ ਪੱਕਾ ਕੀਤਾ ਹੋਇਆ ਸੀ ਪਰ ਉੱਥੋਂ ਦੇ ਪਾਪੀ ਤੇ ਜ਼ਾਮਲ ਹਾਕਮ ਨੇ ਉਸ ਬ੍ਰਾਹਮਣ ਦੀਆਂ ਧੀਆਂ ਦੀ ਸੁੰਦਰਤਾ ਬਾਰੇ ਸੁਣ ਕੇ ਉਨ੍ਹਾਂ ਨੂੰ ਜ਼ੋਰੀਂ ਆਪਣੇ ਘਰ ਰੱਖਣ ਦੀ ਠਾਣ ਲਈ। ਸਾਜ਼ਿਸ਼ ਦਾ ਪਤਾ ਲੱਗਣ 'ਤੇ ਗ਼ਰੀਬ ਬ੍ਰਾਹਮਣ ਨੇ ਮੁੰਡੇ ਵਾਲਿਆਂ ਨੂੰ ਆਖਿਆ ਕਿ ਉਹ ਉਸ ਦੀਆਂ ਧੀਆਂ ਨੂੰ ਵਿਆਹ ਤੋਂ ਪਹਿਲਾਂ ਆਪਣੇ ਘਰ ਲੈ ਜਾਣ ਪਰ ਮੁੰਡੇ ਵਾਲੇ ਵੀ ਉਸ ਜ਼ਾਲਮ ਹਾਕਮ ਤੋਂ ਡਰ ਕੇ ਮੁੱਕਰ ਗਏ। ਜਦੋਂ ਗ਼ਰੀਬ ਬ੍ਰਾਹਮਣ ਨਿਰਾਸ਼ ਹੋ ਕੇ ਘਰ ਵਾਪਸ ਆ ਰਿਹਾ ਸੀ ਤਾਂ ਅਚਾਨਕ ਉਸ ਦਾ ਮੇਲ ਦੁੱਲਾ ਭੱਟੀ ਨਾਲ ਹੋਇਆ, ਜੋ ਹਾਲਾਤ-ਵੱਸ ਡਾਕੂ ਬਣ ਚੁੱਕਾ ਸੀ।

ਗ਼ਰੀਬ ਬ੍ਰਾਹਮਣ ਦੀ ਵਿੱਥਿਆ ਸੁਣ ਕੇ ਦੁੱਲਾ ਭੱਟੀ ਨੇ ਉਸ ਬ੍ਰਾਹਮਣ ਨੂੰ ਸਹਾਇਤਾ ਕਰਨ ਤੇ ਉਸ ਦੀਆਂ ਧੀਆਂ ਨੂੰ ਆਪਣੀਆਂ ਧੀਆਂ ਬਣਾ ਕੇ ਵਿਆਹੁਣ ਦਾ ਵਚਨ ਦਿੱਤਾ। ਦੁੱਲਾ ਭੱਟੀ ਮੁੰਡੇ ਵਾਲਿਆਂ ਦੇ ਘਰ ਗਿਆ ਅਤੇ ਰਾਤ ਦੇ ਹਨੇਰੇ 'ਚ ਜੰਗਲ ਨੂੰ ਅੱਗ ਲਾ ਕੇ ਬ੍ਰਾਹਮਣ ਦੀਆਂ ਧੀਆਂ ਦਾ ਵਿਆਹ ਕਰਵਾ ਦਿੱਤਾ ਪਰ ਉਸ ਸਮੇਂ ਦੁੱਲਾ ਭੱਟੀ ਕੋਲ ਸ਼ਗਨ ਵਜੋਂ ਦੇਣ ਲਈ ਸਿਰਫ਼ ਸ਼ੱਕਰ ਹੀ ਸੀ, ਜੋ ਉਸ ਨੇ ਕੁੜੀਆਂ ਦੀ ਝੋਲੀ ਪਾ ਦਿੱਤੀ।

ਬਾਅਦ 'ਚ ਹਰ ਸਾਲ ਇਸ ਘਟਨਾ ਨੂੰ ਯਾਦ ਕਰਦਿਆਂ ਇਹ ਤਿਉਹਾਰ (Lohri 2019) ਮਨਾਇਆ ਜਾਣ ਲੱਗਾ। ਲੋਹੜੀ ਵਾਲੇ ਦਿਨ ਛੋਟੇ-ਛੋਟੇ ਬੱਚੇ ਘਰ-ਘਰ ਜਾ ਕੇ ਗੀਤ ਗਾਉਂਦੇ ਹਨ, ਜਿਸ ਵਿਚ ਇਸ ਘਟਨਾ ਦਾ ਜ਼ਿਕਰ ਆਉਂਦਾ ਹੈ :

ਸੁੰਦਰ ਮੁੰਦਰੀਏ, ਹੋ!

ਤੇਰਾ ਕੌਣ ਵਿਚਾਰਾ, ਹੋ!

ਦੁੱਲਾ ਭੱਟੀ ਵਾਲਾ, ਹੋ!

ਦੁੱਲੇ ਧੀ ਵਿਆਹੀ, ਹੋ!

ਸੇਰ ਸ਼ੱਕਰ ਪਾਈ, ਹੋ!

ਕੁੜੀ ਦਾ ਸਾਲੂ ਪਾਟਾ, ਹੋ!

ਕੁੜੀ ਦਾ ਜੀਵੇ ਚਾਚਾ, ਹੋ...

ਇਹ ਤਿਉਹਾਰ ਲੋਕਾਂ ਦੇ ਆਪਸੀ ਪਿਆਰ ਦਾ ਪ੍ਰਤੀਕ ਹੈ। ਇਸ ਦਿਨ ਸ਼ਾਮ ਨੂੰ ਖਿਚੜੀ ਬਣਾਈ ਜਾਂਦੀ ਹੈ ਤੇ ਅਗਲੇ ਦਿਨ ਸਵੇਰੇ ਖਾਧੀ ਜਾਂਦੀ ਹੈ, ਜਿਸ ਨੂੰ 'ਪੋਹ ਰਿੱਧੀ ਤੇ ਮਾਘ ਖਾਧੀ' ਕਿਹਾ ਜਾਂਦਾ ਹੈ।

ਆਧੁਨਿਕਤਾ ਵੱਸ ਅੱਜ ਇਸ ਤਿਉਹਾਰ ਨੂੰ ਮਨਾਉਣ ਦੇ ਢੰਗ ਦਿਨੋਂ ਦਿਨ ਬਦਲ ਰਹੇ ਹਨ। ਅਜੋਕੇ ਸਮਾਜ ਦੇ ਰਸਮਾਂ-ਰਿਵਾਜ਼, ਰਹਿਣ-ਸਹਿਣ ਦੇ ਢੰਗ ਵੀ ਪਹਿਲਾਂ ਵਰਗੇ ਨਹੀਂ ਰਹੇ ਤੇ ਸੋਚ ਵੀ ਨਿਰੰਤਰ ਬਦਲ ਰਹੀ ਹੈ। ਇਹੀ ਨਹੀਂ, ਹੁਣ ਲੋਹੜੀ ਸਿਰਫ਼ ਆਪੋ-ਆਪਣੇ ਵਿਹੜਿਆਂ ਤਕ ਸਿਮਟ ਕੇ ਰਹਿ ਗਈ ਹੈ। ਲੋਹੜੀ ਦਾ ਤਿਉਹਾਰ ਵੱਖ-ਵੱਖ ਨਾਵਾਂ ਨਾਲ ਬਹੁਤ ਸਾਰੇ ਖੇਤਰਾਂ 'ਚ ਮਨਾਇਆ ਜਾਂਦਾ ਹੈ ਜਿਵੇਂ, ਸਿੰਧੀ ਲੋਕ ਇਸ਼ ਨੂੰ 'ਲਾਲ-ਲੋਈ' ਆਖਦੇ ਹਨ, ਤਮਿਲਨਾਡੂ ਵਿਚ 'ਪੋਂਗਲ' (Pongal) ਤੇ ਆਂਧਰਾ ਪ੍ਰਦੇਸ਼ ਵਿਚ 'ਭੋਗੀ' ਨਾਂ ਨਾਲ ਲੋਹੜੀ ਨਾਲ ਮਿਲਦਾ-ਜੁਲਦਾ ਤਿਉਹਾਰ ਮਨਾਇਆ ਜਾਂਦਾ ਹੈ।


Posted By: Harjinder Sodhi