ਭੋਪਾਲ : ਕਾਂਗਰਸ ਦੇ ਸਟਾਰ ਪ੍ਰਚਾਰਕ ਅਤੇ ਪੰਜਾਬ ਸਕਰਾਰ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਚੋਣ ਜ਼ਾਬਤੇ ਦੀ ਉਲੰਘਣ ਨਾਲ ਜੁੜੀ ਇਕ ਸ਼ਿਕਾਇਤ 'ਤੇ ਕਲੀਨ ਚਿੱਟ ਮਿਲ ਗਈ ਹੈ। ਉਨ੍ਹਾਂ ਨੇ 11 ਮਈ ਨੂੰ ਇੰਦੌਰ 'ਚ ਹੋਈ ਪ੍ਰੈੱਸ ਕਾਨਫਰੰਸ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੰਮਕਾਜ਼ ਦੀ ਤੁਲਨਾ ਦੁਲਹਨ ਨਾਲ ਕੀਤੀ ਸੀ। ਇਸ ਮਾਮਲੇ 'ਚ ਭਾਜਪਾ ਦੀ ਸ਼ਿਕਾਇਤ ਤੇ ਚੋਣ ਕਮਿਸ਼ਨ ਨੇ ਰਿਪੋਰਟ ਤਲਬ ਕੀਤੀ ਸੀ।

ਇੰਦੌਰ ਕਲੈਕਟਰ ਨੇ ਮੁੱਖ ਚੋਣ ਅਧਿਕਾਰੀ ਦਫ਼ਤਰ ਨੂੰ ਸੌਂਪੀ ਰਿਪੋਰਟ ਚ ਸਿੱਧੂ ਦੀ ਟਿੱਪਣੀ ਨੂੰ ਗੱਲਬਾਤ 'ਚ ਇਸਤੇਮਾਲ ਕੀਤੇ ਜਾਣ ਵਾਲਾ ਮੁਹਾਵਰਾ ਦੱਸਦੇ ਹੋਏ ਚੋਣ ਜ਼ਾਬਤੇ ਦਾ ਉਲੰਘਣ ਨਹੀਂ ਮੰਨਿਆ। ਰਿਪੋਰਟ ਨੂੰ ਚੋਣ ਕਮਿਸ਼ਨ ਕੋਲ ਭੇਜਿਆ ਗਿਆ ਹੈ।

ਮੁੱਖ ਚੋਣ ਅਧਿਕਾਰੀ ਦਫ਼ਤਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਭਾਜਪਾ ਨੇ ਮੁੱਖ ਚੋਣ ਕਮਿਸ਼ਨ ਨੂੰ ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਖ਼ਿਲਾਫ਼ ਚੋਣ ਜ਼ਾਬਤੇ ਦੇ ਉਲੰਘਣ ਦੀ ਸ਼ਿਕਾਇਤ ਕੀਤੀ ਸੀ। ਇਸ 'ਚ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਨੂੰ ਲੈ ਕੇ ਸਿੱਧੂ ਨੇ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕੀਤੀ। ਇਸ ਤੇ ਇੰਦੌਰ ਕੁਲੈਕਟਰ ਤੋਂ ਰਿਪੋਰਟ ਮੰਗੀ ਗਈ ਸੀ, ਜੋ ਬੁੱਧਵਾਰ ਦੇਰ ਸਾਮ ਨੂੰ ਮਿਲੀ।

ਸੂਤਰਾਂ ਅਨੁਸਾਰ, ਰਿਪੋਰਟ 'ਚ ਦੱਸਿਆ ਗਿਆ ਕਿ ਸਿੱਧੂ ਨੇ ਪ੍ਰਧਾਨ ਮੰਤਰੀ ਦੇ ਕੰਮਕਾਜ਼ ਦੀ ਤੁਲਨਾ ਇਹ ਕਹਿੰਦੇ ਹੋਏ ਕੀਤੀ ਸੀ ਕਿ ਮੋਦੀ ਜੀ ਉਸ ਦੁਲਹਨ ਵਾਂਗ ਹੈ, ਜੋ ਰੋਟੀ ਘੱਟ ਵੇਲਦੀ ਹੈ ਅਤੇ ਚੂੜੀਆਂ ਜ਼ਿਆਦਾ ਛਣਕਾਉਂਦੀ ਹੈ, ਤਾਂਕਿ ਮੁਹੱਲੇ ਵਾਲਿਆਂ ਨੂੰ ਇਹ ਪਤਾ ਲੱਗੇ ਕਿ ਉਹ ਕੰਮ ਕਰ ਰਹੀ ਹੈ। ਇਸ ਟਿੱਪਣੀ ਨੂੰ ਜ਼ਿਲ੍ਹਾ ਚੋਣ ਦਫ਼ਤਰ ਨੇ ਚੋਣ ਜ਼ਾਬਤੇ ਦਾ ਉਲੰਘਣ ਨਹੀਂ ਮੰਨਿਆ, ਕਿਉਂਕਿ ਬੋਲਚਾਲ ਦੀ ਭਾਸ਼ਾ 'ਚ ਇਸ ਤਰ੍ਹਾਂ ਦੇ ਅਖਾਣਾਂ ਦੀ ਵਰਤੋਂ ਕਿਸੇ ਦੇ ਕੰਮਕਾਜ਼ ਦੀ ਤੁਲਨਾ ਲਈ ਕੀਤੀ ਜਾਂਦੀ ਹੈ। ਇਸ ਮਾਮਲੇ 'ਚ ਆਖ਼ਰੀ ਫ਼ੈਸਲਾ ਚੋਣ ਕਮਿਸ਼ਨ ਕਰੇਗਾ।

Posted By: Jagjit Singh