ਆਕਾਸ਼, ਗੁਰਦਾਸਪੁਰ : ਲੋਕਤੰਤਰੀ ਪ੍ਰਣਾਲੀ 'ਚ ਕਿਸੇ ਦਾ ਸੰਸਦ ਮੈਂਬਰ ਚੁਣਿਆ ਜਾਣਾ ਬਹੁਤ ਵੱਡੀ ਗੱਲ ਹੁੰਦੀ ਹੈ। ਦੇਸ਼ ਦੀ ਪਾਰਲੀਮੈਂਟ 'ਚ ਪਹੁੰਚ ਕੇ ਆਪਣੇ ਹਲਕੇ ਦੀ ਨੁਮਾਇੰਦਗੀ ਕਰਨੀ ਅਤੇ ਉੱਥੋਂ ਦੀਆਂ ਸਮੱਸਿਆਵਾਂ ਨੂੰ ਉਜਾਗਰ ਕਰਨਾ ਕਿਸੇ-ਕਿਸੇ ਦੇ ਹਿੱਸੇ ਆਉਂਦਾ ਹੈ ਪਰ ਜੇਕਰ ਕਿਸੇ ਸੰਸਦ ਮੈਂਬਰ ਨੂੰ ਕੇਂਦਰੀ ਮੰਤਰੀ ਮੰਡਲ 'ਚ ਸ਼ਾਮਲ ਕਰ ਕੇ ਉਸ ਨੂੰ ਦੇਸ਼ ਦੇ ਵਿਕਾਸ ਦੀ ਇਕ ਅਹਿਮ ਜ਼ਿੰਮੇਦਾਰੀ ਸੌਂਪੀ ਜਾਂਦੀ ਹੈ ਤਾਂ ਉਸ ਨੂੰ ਜਿਤਾਉਣ ਵਾਲੇ ਲੋਕ ਸਭ ਤੋਂ ਵੱਧ ਮਾਣ ਮਹਿਸੂਸ ਕਰਦੇ ਹਨ।

ਪੰਜਾਬ ਦਾ ਜ਼ਿਲ੍ਹਾ ਗੁਰਦਾਸਪੁਰ ਇਕ ਪੱਛੜੇ ਜ਼ਿਲ੍ਹੇ ਵਜੋਂ ਜਾਣਿਆ ਜਾਂਦਾ ਹੈ। ਪਾਕਿਸਤਾਨ ਦੀ ਕੌਮਾਂਤਰੀ ਸਰਹੱਦ ਨਾਲ ਜੁੜਿਆ ਹੋਣ ਕਾਰਨ ਇਸ ਜ਼ਿਲ੍ਹੇ ਨੂੰ ਵਿਕਾਸ ਦਾ ਬੂੁਰ ਨਹੀਂ ਪਿਆ ਪਰ ਜਦੋਂ ਗੱਲ ਸਿਆਸਤ ਦੀ ਆਉਂਦੀ ਹੈ ਤਾਂ ਗੁਰਦਾਸਪੁਰ ਹਲਕਾ ਮਾਣਮੱਤੀ ਭੂਮਿਕਾ ਨਿਭਾਉਂਦਾ ਰਿਹਾ ਹੈ, ਚਾਹੇ ਉਹ ਭੂਮਿਕਾ ਪੰਜਾਬ ਦੀ ਸਿਆਸਤ 'ਚ ਹੋਵੇ ਜਾਂ ਕੇਂਦਰੀ ਸਿਆਸਤ 'ਚ। ਇਸ ਪੱਛੜੇ ਹਲਕੇ ਨੇ ਕੇਂਦਰ ਸਰਕਾਰ ਨੂੰ ਹੁਣ ਤਕ ਤਿੰਨ ਮੰਤਰੀ ਦਿੱਤੇ ਹਨ।

ਸੈਰ ਸਪਾਟਾ ਮੰਤਰੀ ਰਹੀ ਸੁਖਬੰਸ ਕੌਰ ਭਿੰਡਰ

ਕਾਂਗਰਸ ਦੀ ਸਿਰਕੱਢ ਮਹਿਲਾ ਆਗੂ ਮਰਹੂਮ ਸੁਖਬੰਸ ਕੌਰ ਭਿੰਡਰ 1980 'ਚ ਗੁਰਦਾਸਪੁਰ ਹਲਕੇ ਤੋਂ ਸੰਸਦ ਮੈਂਬਰ ਬਣੇ ਸਨ ਅਤੇ ਅਗਲੀਆਂ ਪੰਜ ਲੋਕ ਸਭਾ ਚੋਣਾਂ ਤਕ ਉਨ੍ਹਾਂ ਦਾ ਜੇਤੂ ਰੱਥ ਕੋਈ ਨਹੀਂ ਰੋਕ ਸਕਿਆ। 1998 'ਚ ਉਹ ਭਾਜਪਾ ਦੇ ਵਿਨੋਦ ਖੰਨਾ ਤੋਂ ਹਾਰ ਗਏ ਪਰ ਕਾਂਗਰਸ ਲੀਡਰਸ਼ਿਪ ਨੇ 2005 'ਚ ਉਨ੍ਹਾਂ ਨੂੰ ਰਾਜ ਸਭਾ ਮੈਂਬਰ ਬਣਾਇਆ। ਭਿੰਡਰ ਨੇ ਬਤੌਰ ਮਹਿਲਾ ਆਗੂ 6 ਵਾਰ ਸੰਸਦ ਮੈਂਬਰ ਰਹਿ ਕੇ ਦੇਸ਼ 'ਚ ਰਿਕਾਰਡ ਕਾਇਮ ਕੀਤਾ। ਦੇਸ਼ ਦੀ ਸਿਆਸਤ 'ਚ ਸੁਖਬੰਸ ਕੌਰ ਭਿੰਡਰ ਨੇ ਆਪਣਾ ਖ਼ਾਸ ਮੁਕਾਮ ਬਣਾਇਆ। ਉਨ੍ਹਾਂ ਨੂੰ 1981-82 'ਚ ਦਾਜ ਰੋਕੂ ਐਕਟ 1961 ਦੀ ਸਮੀਖਿਆ ਵਾਲੀ ਜੁਆਇੰਟ ਕਮੇਟੀ ਦਾ ਮੈਂਬਰ ਥਾਪਿਆ ਗਿਆ। ਭਿੰਡਰ ਦੀ ਕਾਬਲੀਅਤ ਤੋਂ ਪ੍ਰਭਾਵਿਤ ਹੋ ਕੇ 1992 'ਚ ਪੀਵੀ ਨਰਸਿਮ੍ਹਾ ਰਾਓ ਦੀ ਸਰਕਾਰ 'ਚ ਉਨ੍ਹਾਂ ਨੂੰ ਸ਼ਹਿਰੀ ਹਵਾਬਾਜ਼ੀ ਅਤੇ ਸੈਰ-ਸਪਾਟਾ ਵਿਭਾਗ ਦਾ ਰਾਜ ਮੰਤਰੀ ਬਣਾਇਆ ਗਿਆ। 2006 'ਚ ਉਨ੍ਹਾਂ ਦਾ ਦੇਹਾਂਤ ਹੋ ਗਿਆ।

ਦੇਸ਼ ਦੇ ਵਿਦੇਸ਼ ਮੰਤਰੀ ਬਣੇ ਵਿਨੋਦ ਖੰਨਾ

ਫਿਲਮਿ ਸਟਾਰ ਵਿਨੋਦ ਖੰਨਾ ਨੇ ਆਪਣਾ ਸਿਆਸੀ ਸਫ਼ਰ 1998 'ਚ ਗੁਰਦਾਸਪੁਰ ਦੀ ਧਰਤੀ ਤੋਂ ਸ਼ੁਰੂ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਮੁੜ ਕੇ ਨਹੀਂ ਦੇਖਿਆ। ਵਿਨੋਦ ਖੰਨਾ ਨੇ 1998 ਦੀਆਂ ਆਮ ਚੋਣਾਂ 'ਚ ਕਾਂਗਰਸ ਦੀ ਸੁਖਬੰਸ ਕੌਰ ਭਿੰਡਰ ਦਾ ਜੇਤੂ ਰੱਥ ਰੋਕਿਆ। ਉਸ ਤੋਂ ਬਾਅਦ ਉਨ੍ਹਾਂ 1999 ਅਤੇ 2004 'ਚ ਚੋਣਾਂ ਜਿੱਤਦਿਆਂ ਜਿੱਤ ਦੀ ਹੈਟਿ੍ਕ ਬਣਾਈ। 2009 'ਚ ਕਾਂਗਰਸ ਦੇ ਪ੍ਰਤਾਪ ਬਾਜਵਾ ਤੋਂ ਹਾਰਨ ਤੋਂ ਬਾਅਦ ਮੁੜ 2014 'ਚ ਵਿਨੋਦ ਖੰਨਾ ਨੇ ਜਿੱਤ ਦਰਜ ਕੀਤੀ। ਅਟਲ ਬਿਹਾਰੀ ਵਾਜਪਾਈ ਵਿਨੋਦ ਖੰਨਾ ਦੀ ਸ਼ਖਸੀਅਤ ਤੋਂ ਕਾਫ਼ੀ ਪ੍ਰਭਾਵਿਤ ਸਨ। 2002 'ਚ ਵਾਜਪਾਈ ਸਰਕਾਰ ਸਮੇਂ ਵਿਨੋਦ ਖੰਨਾ ਨੂੰ ਸੱਭਿਆਚਾਰ ਅਤੇ ਸੈਰ-ਸਪਾਟਾ ਵਿਭਾਗ ਦਾ ਰਾਜ ਮੰਤਰੀ ਬਣਾਇਆ ਗਿਆ। ਉਨ੍ਹਾਂ ਦੇ ਕੰਮਕਾਜ ਤੋਂ ਪ੍ਰਭਾਵਿਤ ਹੋ ਕੇ 6 ਮਹੀਨੇ ਬਾਅਦ ਹੀ ਉਨ੍ਹਾਂ ਨੂੰ ਤਰੱਕੀ ਦਿੰਦਿਆਂ ਵਿਦੇਸ਼ ਮਾਮਲਿਆਂ ਦੀ ਬੇਹੱਦ ਅਹਿਮ ਜ਼ਿੰਮੇਵਾਰੀ ਵੀ ਸੌਂਪੀ ਦਿੱਤੀ ਗਈ। 2017 'ਚ ਸੰਸਦ ਮੈਂਬਰ ਰਹਿੰਦਿਆਂ ਉਨ੍ਹਾਂ ਦਾ ਦੇਹਾਂਤ ਹੋ ਗਿਆ।

ਅਸ਼ਵਨੀ ਕੁਮਾਰ ਬਣੇ ਸਨਅਤੀ ਨੀਤੀਆਂ ਦੇ ਮਾਹਿਰ

ਕੌਮੀ ਪੱਧਰ ਦੇ ਕਾਂਗਰਸੀ ਆਗੂ ਅਸ਼ਵਨੀ ਕੁਮਾਰ ਗੁਰਦਾਸਪੁਰ ਦੇ ਹੀ ਜੰਮਪਲ ਹਨ। ਉਨ੍ਹਾਂ ਦੇ ਪਿਤਾ 1968 ਤੋਂ 1971 ਤਕ ਗੁਰਦਾਸਪੁਰ ਤੋਂ ਲੋਕ ਸਭਾ ਦੇ ਮੈਂਬਰ ਰਹੇ। ਸੁਪਰੀਮ ਕੋਰਟ ਦੇ ਵਕੀਲ ਅਸ਼ਵਨੀ ਕੁਮਾਰ ਨੇ ਬੇਸ਼ੱਕ ਕਾਂਗਰਸ ਦੀ ਟਿਕਟ ਤੋਂ ਕੋਈ ਲੋਕ ਸਭਾ ਚੋਣ ਨਹੀਂ ਲੜੀ ਪਰ ਸਿਆਸਤ ਦੀ ਡੂੰਘੀ ਸੂਝਬੂਝ ਹੋਣ ਕਾਰਨ ਉਨ੍ਹਾਂ ਨੇ ਦੇਸ਼ ਦੀ ਸਿਆਸਤ 'ਚ ਗੁਰਦਾਸਪੁਰ ਦਾ ਨਾਂ ਚਮਕਾਇਆ। ਬੇਸ਼ੱਕ ਉਹ ਲੋਕ ਸਭਾ 'ਚ ਨਹੀਂ ਪਹੁੰਚ ਸਕੇ ਪਰ ਉਹ ਦੋ ਵਾਰ ਰਾਜ ਸਭਾ 'ਚ ਪਹੁੰਚੇ। ਉਹ 2002 ਤੋਂ 2016 ਤਕ ਰਾਜ ਸਭਾ ਦੇ ਮੈਂਬਰ ਰਹੇ। 2009 'ਚ ਅਸ਼ਵਨੀ ਕੁਮਾਰ ਨੂੰ ਡਾ. ਮਨਮੋਹਨ ਸਿੰਘ ਦੀ ਸਰਕਾਰ 'ਚ ਸਨਅਤੀ ਨੀਤੀਆਂ ਮਹਿਕਮੇ ਦਾ ਰਾਜ ਮੰਤਰੀ ਬਣਾਇਆ ਗਿਆ। 2012 'ਚ ਉਨ੍ਹਾਂ ਨੂੰ ਤਰੱਕੀ ਦੇ ਕੇ ਕੇਂਦਰੀ ਕੈਬਨਿਟ ਮੰਤਰੀ ਦਾ ਦਰਜਾ ਦਿੰਦਿਆਂ ਦੇਸ਼ ਦਾ ਕਾਨੂੰਨ ਮੰਤਰੀ ਬਣਾ ਦਿੱਤਾ ਗਿਆ। ਅਸ਼ਵਨੀ ਕੁਮਾਰ 2009 ਦੀਆਂ ਚੋਣਾਂ 'ਚ ਆਲ ਇੰਡੀਆਂ ਕਾਂਗਰਸ ਆਈ ਦੇ ਕੌਮੀ ਬੁਲਾਰੇ ਵੀ ਰਹੇ।