ਬੂਟਾ ਸਿੰਘ ਚੌਹਾਨ, ਸੰਗਰੂਰ : ਦਿੱਲੀ ਦੇ ਉਪ ਮੁੱਖ ਮੰਤਰੀ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਦਿੱਲੀ ਦੇ ਚੋਣ ਪ੍ਰਚਾਰ ਦੀ ਡੋਰ-ਟੂ-ਡੋਰ ਨੀਤੀ ਨੂੰ ਪੰਜਾਬ 'ਚ ਲਾਂਚ ਕਰਨ ਲਈ ਦਿੱਲੀ ਤੋਂ ਸੰਗਰੂਰ ਪੁੱਜੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਸੋਦੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਕੋਲ ਹੋਰਨਾਂ ਪਾਰਟੀਆਂ ਵਾਂਗ ਚੋਣ ਲੜਨ ਲਈ ਪੈਸੇ ਨਹੀਂ ਹਨ ਪਰ ਸਾਡੇ ਵਰਕਰ ਹੀ ਪਾਰਟੀ ਦੀ ਤਾਕਤ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਹਰੇਕ ਲੋਕ ਸਭਾ ਹਲਕੇ 'ਚ ਦੋ ਲੱਖ ਪਰਿਵਾਰਾਂ ਨਾਲ ਸਿੱਧਾ ਸੰਪਰਕ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਮੰਗਲਵਾਰ ਤੋਂ ਹੀ ਇਸ ਮੁੁਹਿੰਮ 'ਤੇ ਕੰਮ ਸ਼ੁਰੂ ਹੋ ਜਾਵੇਗਾ ਅਤੇ 21 ਤੋਂ 26 ਅਪ੍ਰਰੈਲ ਤਕ ਹਰੇਕ ਹਲਕੇ ਵਿਚ ਇਸ ਮਾਇਕਰੋ ਮੈਨੇਜਮੈਂਟ ਮੁਹਿੰਮ ਨੰੂ ਸੰਪੰਨ ਕਰ ਲਿਆ ਜਾਵੇਗਾ।

ਇਸ ਮੁਹਿੰਮ ਦੌਰਾਨ 'ਆਪ' ਵਰਕਰ ਤੇ ਵਲੰਟੀਅਰ ਪਾਰਟੀ ਦੀਆਂ ਨੀਤੀਆਂ, ਵਿਕਾਸ ਕਾਰਜਾਂ ਅਤੇ ਵਿਰੋਧੀ ਪਾਰਟੀਆਂ ਦੀਆਂ ਅਸਫਲਤਾਵਾਂ ਨੂੰ ਲੋਕਾਂ ਤਕ ਪਹੁੰਚਾਉਣਗੇ। ਕਾਂਗਰਸ ਨਾਲ ਗੱਠਜੋੜ ਸਬੰਧੀ ਪੁੱਛਣ 'ਤੇ ਉਨ੍ਹਾਂ ਕਿਹਾ ਕਿ ਕਾਂਗਰਸ ਨਾਲ ਸਮਝੌਤੇ ਦੀ ਗੱਲ ਇਕੱਲੇ ਦਿੱਲੀ ਰਾਜ ਤਕ ਸੀਮਤ ਸੀ। ਅਮਿਤ ਸ਼ਾਹ ਤੇ ਮੋਦੀ ਦੀ ਜੋੜੀ ਦੇਸ਼ ਨੂੰ ਲੁੱਟ ਰਹੀ ਹੈ, ਜਿਸ ਨੂੰ ਤੋੜਨ ਲਈ ਦਿੱਲੀ 'ਚ ਆਮ ਆਦਮੀ ਪਾਰਟੀ ਨੇ ਕਾਂਗਰਸ ਨਾਲ ਗੱਠਜੋੜ ਕਰਨ ਦੀ ਕੋਸ਼ਿਸ਼ ਕੀਤੀ ਪਰ ਹੁਣ ਉੱਥੇ ਪਾਰਟੀ ਆਪਣੇ ਸੱਤੇ ਉਮੀਦਵਾਰ ਐਲਾਨ ਚੁੱਕੀ ਹੈ ਅਤੇ ਪਾਰਟੀ ਆਪਣੇ ਦਮ 'ਤੇ ਚੋਣ ਲੜੇਗੀ। ਹਰਿਆਣਾ ਲਈ ਪਾਰਟੀ ਨੇ ਵੱਖਰੀ ਰਣਨੀਤੀ ਬਣਾਈ ਹੈ।

ਉਨ੍ਹਾਂ ਕਿਹਾ ਕਿ ਇਸ ਵਾਰ ਪੰਜਾਬ ਵਿਚ ਨਸ਼ਾ ਇਕ ਵੱਡਾ ਮੁੱਦਾ ਰਹੇਗਾ, ਨਾਲ ਹੀ ਬੇਅਦਬੀ ਦੇ ਮਾਮਲੇ 'ਚ ਲੋਕ ਅਕਾਲੀਆਂ ਨੂੰ ਘੇਰਣਗੇ। ਆਮ ਆਦਮੀ ਪਾਰਟੀ ਦਾ ਪੱਲਾ ਛੱਡਣ ਵਾਲੀ ਸੂਬਾ ਜਨਰਲ ਸਕੱਤਰ ਡਾ. ਅਮਨਦੀਪ ਗੋਸਲ ਜਾਂ ਪੀਡੀਏ ਦੇ ਉਮੀਦਵਾਰ ਜੱਸੀ ਜਸਰਾਜ ਵੱਲੋਂ ਐੱਨਆਰਆਈ ਫੰਡਾਂ ਦੀ ਦੁਰਵਰਤੋਂ ਦੇ ਦੋਸ਼ਾਂ ਦੇ ਜਵਾਬ 'ਚ ਭਗਵੰਤ ਮਾਨ ਨੇ ਕਿਹਾ ਕਿ ਪਾਰਟੀ ਤੋਂ ਬਾਹਰ ਜਾਣ ਵਾਲੇ ਉਕਤ ਵਿਰੋਧੀ ਹੁਣ ਵਿਰੋਧੀਆਂ ਦੇ ਕਹਿਣ 'ਤੇ ਚੋਣਾਂ ਸਮੇਂ ਘੋਟਾਲੇ ਦੇ ਦੋਸ਼ ਲਾ ਰਹੇ ਹਨ। ਇਹ ਕੇਵਲ ਪਾਰਟੀ ਨੂੰ ਖਰਾਬ ਕਰਨ ਲਈ ਹਥਕੰਡੇ ਹਨ। ਇਸ ਮੌਕੇ ਵਿਧਾਨ ਸਭਾ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ, ਵਿਧਾਇਕ ਸਰਬਜੀਤ ਕੌਰ ਮਾਣੰੂਕੇ, ਪੰਜਾਬ ਪ੍ਰਚਾਰ ਕਮੇਟੀ ਦੇ ਚੇਅਰਮੈਨ ਅਮਨ ਅਰੋੜਾ ਆਦਿ ਹਾਜ਼ਰ ਸਨ।