ਨਵੀਂ ਦਿੱਲੀ: ਲੋਕ ਸਭਾ ਚੋਣਾਂ 2019 'ਚ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਵਾਲੀਆਂ ਬਿਆਨਬਾਜ਼ੀਆਂ ਖ਼ਿਲਾਫ਼ ਚੋਣ ਕਮਿਸ਼ਨ ਨੇ ਸਖ਼ਤ ਰੁਖ਼ ਅਪਣਾਇਆ ਹੈ। ਚੋਣ ਕਮਿਸ਼ਨ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਆਦਿਤਿਆਨਾਥ ਯੋਗੀ 'ਤੇ 72 ਘੰਟਿਆਂ ਅਤੇ ਬਸਪਾ ਸੁਪਰੀਮੋ ਮਾਇਆਵਤੀ 'ਤੇ 48 ਘੰਟਿਆਂ ਲਈ ਪਾਬੰਦੀ ਲਗਾ ਦਿੱਤੀ ਹੈ। ਇਸ ਤਰ੍ਹਾਂ ਇਹ ਦੋਵੇਂ ਵੱਡੇ ਆਗੂ ਆਪਣੀ ਪਾਰਟੀ ਲਈ ਪਾਬੰਦੀ ਦੌਰਾਨ ਚੋਣ ਪ੍ਰਚਾਰ ਨਹੀਂ ਕਰ ਸਕਣਗੇ।

ਇਸ ਤੋਂ ਪਹਿਲਾਂ ਆਗੂਆਂ ਖ਼ਿਲਾਫ਼ ਕਾਰਵਾਈ ਕਰਨ ਨੂੰ ਲੈ ਕੇ ਚੋਣ ਕਮਿਸ਼ਨ ਨੇ ਬਿਆਨ ਦਿੱਤਾ ਸੀ। ਅਜਿਹੇ ਮਾਮਲਿਆਂ 'ਚ ਚੋਣ ਕਮਿਸ਼ਨ ਕੋਲ ਕੀ ਅਧਿਕਾਰ ਹੈ, ਇਸ ਦੇ ਟੈਸਟ ਕਰਨ ਲਈ ਸੁਪਰੀਮ ਕੋਰਟ ਤਿਆਰ ਹੋ ਗਿਆ ਸੀ। ਇਨ੍ਹਾਂ ਮਾਮਲਿਆਂ 'ਚ ਚੋਣ ਕਮਿਸ਼ਨ ਵੱਲੋਂ ਇਹ ਕਹੇ ਜਾਣ ਤੋਂ ਬਾਅਦ ਕਿ ਆਗੂਆਂ ਅਤੇ ਰਾਜਨੀਤਕ ਪਾਰਟੀਆਂ ਖ਼ਿਲਾਫ਼ ਕਾਰਵਾਈ 'ਤੇ ਉਸ ਦੀਆਂ ਸ਼ਿਕਾਇਤਾਂ ਸੀਮਤ ਹਨ, ਸਰਵਉੱਚ ਅਦਾਲਤ ਨੇ ਸੁਣਵਾਈ ਲਈ ਸਹਿਮਤੀ ਜਤਾਈ।

ਦਰਅਸਲ ਬਸਪਾ ਸੁਪਰੀਮੋ ਮਾਇਆਵਤੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਤੇ ਹੋਰ ਆਗੂਆਂ ਦੇ ਵਿਵਾਦਤ ਬਿਆਨਾਂ ਨੂੰ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦੱਸਦੇ ਹੋਏ ਸੁਪਰੀਮ ਕੋਰਟ 'ਚ ਇਕ ਪਟੀਸ਼ਨ ਦਾਇਰ ਕੀਤੀ ਗਈ ਹੈ। ਸਰਬਉੱਚ ਅਦਾਲਤ ਇਸ ਪਟੀਸ਼ਨ 'ਤੇ ਸੋਮਵਾਰ ਨੂੰ ਸੁਣਵਾਈ ਕਰ ਰਹੀ ਸੀ। ਅਦਾਲਤ ਨੇ ਚੋਣ ਕਮਿਸ਼ਨ ਤੋਂ ਪੁੱਛਿਆ ਕਿ ਮਾਇਆਵਤੀ ਧਾਰਮਿਕ ਆਧਾਰ 'ਤੇ ਵੋਟ ਮੰਗਣ ਵਾਲੇ ਬਿਆਨਾਂ 'ਤੇ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਗਈ? ਚੋਣ ਕਮਿਸ਼ਨ ਦੇ ਵਕੀਲ ਨੇ ਕਿਹਾ ਕਿ ਇਸ ਮਾਮਲੇ 'ਚ ਪਹਿਲਾਂ ਹੀ ਬਸਪਾ ਸੁਪਰੀਮੋ ਤੋਂ ਜਵਾਬ ਮੰਗਿਆ ਗਿਆ ਹੈ। ਮਾਇਆਵਤੀ ਨੇ 12 ਅਪ੍ਰੈਲ ਤਕ ਜਵਾਬ ਦੇਣਾ ਸੀ ਪਰ ਚੋਣ ਕਮਿਸ਼ਨ ਨੂੰ ਹਾਲੇ ਤਕ ਉਨ੍ਹਾਂ ਦਾ ਜਵਾਬ ਨਹੀਂ ਮਿਲਿਆ।

ਮੁੱਖ ਜਸਟਿਸ ਰੰਜਨ ਗੋਗਈ ਦੀ ਪ੍ਰਧਾਨਗੀ ਵਾਲੇ ਬੈਂਚ ਨੇ ਚੋਣ ਕਮਿਸ਼ਨ ਤੋਂ ਪੁੱਛਿਆ ਕਿ ਦੱਸੋ ਹੁਣ ਤੁਸੀਂ ਕੀ ਕਰਨ ਵਾਲੇ ਹੋ। ਕਮਿਸ਼ਨ ਦੇ ਵਕੀਲ ਨੇ ਕਿਹਾ ਕਿ ਸੰਵਿਧਾਨਕ ਸੰਸਥਾ ਅਜਿਹੇ ਮਾਮਲਿਆਂ 'ਚ ਨੋਟਿਸ ਅਤੇ ਉਸ ਤੋਂ ਬਾਅਦ ਐਡਵਾਇਜ਼ਰੀ ਜਾਰੀ ਕਰ ਸਕਦੀ ਹੈ। ਇਸ ਤੋਂ ਬਾਅਦ ਵੀ ਜੇਕਰ ਕੋਈ ਆਗੂ ਕੋਈ ਬਿਆਨਬਾਜ਼ੀ ਜਾਰੀ ਰੱਖਦਾ ਹੈ ਤਾਂ ਉਸ ਖ਼ਿਲਾਫ਼ ਕਾਨੂੰਨ ਦੀ ਉਲੰਘਣਾ ਦੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ। ਉਸ ਕੋਲ ਕਿਸੇ ਆਗੂ ਨੂੰ ਅਯੋਗ ਐਲਾਨਣ ਦੀ ਤਾਕਤ ਨਹੀਂ ਹੈ।

ਸੁਣਵਾਈ ਦੌਰਾਨ ਚੋਣ ਕਮਿਸ਼ਨ ਵੱਲੋਂ ਪੇਸ਼ ਹੋਏ ਵਕੀਲ ਨੇ ਸੁਪਰੀਮ ਕੋਰਟ ਨੂੰ ਕਿਹਾ ਕਿ ਉਹ ਹੇਟ ਸਪੀਚ ਅਤੇ ਸੰਪਰਦਾਇਕ ਬਿਆਨਬਾਜ਼ੀਆਂ ਖ਼ਿਲਾਫ਼ ਕਾਰਵਾਈ ਕਰਨ ਦੇ ਮਾਮਲਿਆਂ 'ਚ 'ਸ਼ਕਤੀਹੀਣ' ਹੈ। ਇਸ ਤੋਂ ਬਾਅਦ ਸਰਬਉੱਚ ਅਦਾਲਤ ਨੇ ਕਿਹਾ ਕਿ ਉਹ ਚੋਣ ਕਮਿਸ਼ਨ ਦੀਆਂ ਸ਼ਕਤੀਆਂ ਦਾ ਟੈਸਟ ਕਰੇਗਾ ਕਿਉਂਕਿ ਚੋਣ ਕਮਿਸ਼ਨ ਵੀ ਇਕ ਸੰਵਿਧਾਨਕ ਬਾਡੀ ਹੈ। ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਉਹ ਮੰਗਲਵਾਰ ਨੂੰ ਅਦਾਲਤ 'ਚ ਮੌਜੂਦ ਰਹਿਣ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ ਮੰਗਲਵਾਰ ਸਾਢੇ 10 ਵਜੇ ਹੋਵੇਗੀ।

Posted By: Akash Deep