ਰਾਮਪੁਰ : ਰਾਮਪੁਰ ਸੀਟ ਤੋਂ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਅਤੇ ਫਿਲਮ ਅਦਾਕਾਰਾ ਜੈਪ੍ਰਦਾ 'ਤੇ ਇਤਰਾਜ਼ਯੋਗ ਟਿੱਪਣੀ ਕਰਨ ਦੇ ਮਾਮਲੇ 'ਚ ਸਮਾਜਵਾਦੀ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਅਤੇ ਸਮਾਜਵਾਦੀ ਪਾਰਟੀ ਦੇ ਉਮੀਦਵਾਰ ਆਜ਼ਮ ਖ਼ਾਨ ਫਸ ਗਏ ਹਨ। ਉਨ੍ਹਾਂ ਖ਼ਿਲਾਫ਼ ਸ਼ਾਹਬਾਦ ਥਾਣੇ 'ਚ ਰਿਪੋਰਟ ਦਰਜ ਕਰਵਾ ਦਿੱਤੀ ਗਈ ਹੈ।

ਆਜ਼ਮ ਖ਼ਾਨ ਨੇ ਕੱਲ੍ਹ ਸ਼ਾਹਬਾਦ 'ਚ ਹੋਈ ਰੈਲੀ 'ਚ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਦੀ ਮੌਜੂਦਗੀ 'ਚ ਕਿਹਾ ਸੀ ਕਿ ਜੈਪ੍ਰਦਾ ਜੋ ਅੰਦਰੂਨੀ ਵਸਤਰ ਪਾਉਂਦੀ ਹੈ, ਉਸ ਦਾ ਰੰਗ ਖਾਕੀ ਹੈ। ਇਸ ਮਾਮਲੇ ਨੂੰ ਚੋਣ ਕਮਿਸ਼ਨ ਨੇ ਵੀ ਗੰਭੀਰਤਾ ਨਾਲ ਲਿਆ ਅਤੇ ਜ਼ਿਲ੍ਹਾ ਅਧਿਕਾਰੀ ਤੋਂ ਰਿਪੋਰਟ ਤਲਬ ਕੀਤੀ। ਜ਼ਿਲ੍ਹਾ ਅਧਿਕਾਰੀ ਨੇ ਵੀਡੀਓ ਸਮੀਖਿਆ ਟੀਮ ਦੇ ਇੰਚਾਰਜ ਤੋਂ ਮਾਮਲੇ ਦੀ ਜਾਂਚ ਕਰਵਾਈ। ਜਾਂਚ ਤੋਂ ਬਾਅਦ ਪੁਲਿਸ ਕੋਲ ਰਿਪੋਰਟ ਦਰਜ ਕਰਵਾ ਦਿੱਤੀ ਗਈ ਹੈ।

ਵੀਡੀਓ ਸਮੀਖਿਆ ਟੀਮ ਦੇ ਇੰਚਾਰਜ ਮਹੇਸ਼ ਕੁਮਾਰ ਗੁਪਤਾ ਨੇ ਸ਼ਾਹਬਾਦ ਥਾਣੇ 'ਚ ਦਰਜ ਕਰਵਾਈ ਰਿਪੋਰਟ 'ਚ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦੇ ਨਾਲ ਹੀ ਔਰਤ ਬਾਰੇ 'ਚ ਇਤਰਾਜ਼ਯੋਗ ਟਿੱਪਣੀ ਕਰਨ ਦਾ ਵੀ ਦੋਸ਼ ਲਾਇਆ ਹੈ। ਆਜ਼ਮ ਖ਼ਾਨ ਖ਼ਿਲਾਫ਼ ਨਾਮਜ਼ਦਗੀ ਕਰਵਾਉਣ ਦੇ ਬਾਅਦ ਤੋਂ ਹੀ ਹੁਣ ਤਕ ਨੌਂ ਮੁਕੱਦਮੇ ਦਰਜ ਹੋ ਚੁੱਕੇ ਹਨ। ਇਸ ਤੋਂ ਪਹਿਲਾਂ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਮੁੱਖ ਮੰਤਰੀ ਯੋਗੀ ਆਦਿਤਿਆਨਾਥ ਅਤੇ ਜ਼ਿਲ੍ਹਾ ਅਧਿਕਾਰੀ ਆਂਜਨੇਅ ਕੁਮਾਰ ਸਿੰਘ ਖ਼ਿਲਾਫ਼ ਵੀ ਇਤਰਾਜ਼ਯੋਗ ਬਿਆਨ ਦੇ ਚੁੱਕੇ ਹਨ।

ਮਹਿਲਾ ਕਮਿਸ਼ਨ ਨੇ ਵੀ ਆਜ਼ਮ ਨੂੰ ਜਾਰੀ ਕੀਤਾ ਕਾਰਨ ਦੱਸੋ ਨੋਟਿਸ

ਨਵੀਂ ਦਿੱਲੀ : ਰਾਸ਼ਟਰੀ ਮਹਿਲਾ ਕਮਿਸ਼ਨ ਨੇ ਰਾਮਪੁਰ ਤੋਂ ਭਾਜਪਾ ਉਮੀਦਵਾਰ ਤੇ ਅਦਾਕਾਰਾ ਜੈਪ੍ਰਦਾ 'ਤੇ ਸਮਾਜਵਾਦੀ ਪਾਰਟੀ ਦੇ ਆਗੂ ਆਜ਼ਮ ਖ਼ਾਨ ਦੀ ਟਿੱਪਣੀ ਨੂੰ 'ਬੇਹੱਦ ਇਤਰਾਜ਼ਯੋਗ' ਕਰਾਰ ਦਿੰਦਿਆਂ ਸੋਮਵਾਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਮੀਡੀਆ ਰਿਪੋਰਟ ਦਾ ਹਵਾਲਾ ਦਿੰਦਿਆਂ ਕਮਿਸ਼ਨ ਨੇ ਕਿਹਾ ਕਿ ਖ਼ਾਨ ਦਾ ਬਿਆਨ 'ਅਪਮਾਨਜਨਕ, ਅਨੈਤਿਕ ਤੇ ਔਰਤਾਂ ਪ੍ਰਤੀ ਗ਼ੈਰਸਨਮਾਨਜਨਕ' ਹੈ। ਮਹਿਲਾ ਕਮਿਸ਼ਨ ਨੇ ਇਸ ਮਾਮਲੇ 'ਚ ਖ਼ਾਨ ਵਿਰੁੱਧ ਕਾਰਵਾਈ ਲਈ ਚੋਣ ਕਮਿਸ਼ਨ ਨੂੰ ਪੱਤਰ ਵੀ ਲਿਖਿਆ ਹੈ। ਮਹਿਲਾ ਕਮਿਸ਼ਨ ਦੀ ਅੰਡਰ ਸੈਕਟਰੀ ਬਰਨਾਲੀ ਸ਼ੋਮ ਨੇ ਸੋਮਵਾਰ ਨੂੰ ਖ਼ਾਨ ਨੂੰ ਜਾਰੀ ਨੋਟਿਸ ਵਿਚ ਲਿਖਿਆ ਹੈ, ' ਕਮਿਸ਼ਨ ਇਸ ਤਰ੍ਹਾਂ ਦੇ ਗ਼ੈਰ ਜ਼ਿੰਮੇਵਾਰਾਨਾ ਤੇ ਅਪਮਾਨਜਨਕ ਟਿੱਪਣੀ ਦੀ ਸਖ਼ਤ ਨਿੰਦਾ ਕਰਦਾ ਹੈ। ਤੁਸੀਂ ਇਸ ਮਾਮਲੇ 'ਚ ਤਸੱਲੀਬਖ਼ਸ਼ ਸਪੱਸ਼ਟੀਕਰਨ ਪੇਸ਼ ਕਰੋ।'

ਜ਼ਿਕਰਯੋਗ ਹੈ ਕਿ ਕਮਿਸ਼ਨ ਦੀ ਚੇਅਰਪਰਸਨ ਰੇਖਾ ਸ਼ਰਮਾ ਨੇ ਐਤਵਾਰ ਨੂੰ ਇਸ ਮਾਮਲੇ 'ਚ ਖ਼ੁਦ ਨੋਟਿਸ ਲੈਂਦਿਆਂ ਖ਼ਾਨ ਦੀ ਟਿੱਪਣੀ ਦੀ ਸਖ਼ਤ ਨਿੰਦਾ ਕੀਤੀ ਸੀ ਤੇ ਨੋਟਿਸ ਜਾਰੀ ਕਰਨ ਦੀ ਗੱਲ ਕਹੀ ਸੀ। ਸੋਮਵਾਰ ਨੂੰ ਮਹਿਲਾ ਕਮਿਸ਼ਨ ਨੇ ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੂੰ ਪੱਤਰ ਲਿਖ ਕੇ ਦੋ ਮਿਸਾਲਾਂ ਦਿੱਤੀਆਂ, ਜਦੋਂ ਖ਼ਾਨ ਨੇ ਰਾਮਪੁਰ ਲੋਕ ਸਭਾ ਹਲਕੇ ਤੋਂ ਵਿਰੋਧੀ ਭਾਜਪਾ ਉਮੀਦਵਾਰ ਜੈਪ੍ਰਦਾ 'ਤੇ ਇਤਰਾਜ਼ਯੋਗ ਟਿੱਪਣੀ ਕੀਤੀ। ਇਨ੍ਹਾਂ ਦੋਵਾਂ ਟਿੱਪਣੀਆਂ ਦਾ ਨੋਟਿਸ ਲੈਂਦਿਆਂ ਮਹਿਲਾ ਦੀ ਚੇਅਰਪਰਸਨ ਨੇ ਮੁੱਖ ਚੋਣ ਕਮਿਸ਼ਨਰ ਨੂੰ ਸਮਾਜਵਾਦੀ ਪਾਰਟੀ ਦੇ ਉਮੀਦਵਾਰ ਆਜ਼ਮ ਖ਼ਾਨ ਵਿਰੁੱਧ ਸਖ਼ਤ ਕਾਰਵਾਈ ਦੀ ਸਿਫਾਰਸ਼ ਕੀਤੀ ਹੈ।