ਮੰਡੀ : ਹਿਮਾਚਲ ਪ੍ਰਦੇਸ਼ ਵਿਚ ਆਪਣੇ ਪੋਤੇ ਆਸ਼ਰਯ ਸ਼ਰਮਾ ਦੀ ਨਾਮਜ਼ਦਗੀ ਪਿੱਛੋਂ ਸਾਬਕਾ ਕੇਂਦਰੀ ਮੰਤਰੀ ਪੰਡਤ ਸੁਖਰਾਮ ਨੇ ਆਪਣੀਆਂ ਗ਼ਲਤੀਆਂ ਲਈ ਸਾਬਕਾ ਮੁੱਖ ਮੰਤਰੀ ਵੀਰਭਦਰ ਸਿੰਘ ਤੋਂ ਮਾਫ਼ੀ ਮੰਗੀ। ਵੀਰਵਾਰ ਨੂੰ ਸੇਰੀ ਮੰਚ ਦੀ ਚੋਣ ਰੈਲੀ ਤੋਂ ਸੁਖਰਾਮ ਨੇ ਕਿਹਾ ਕਿ ਆਸ਼ਰਯ ਸ਼ਰਮਾ ਨੂੰ ਟਿਕਟ ਮਿਲਣ ਤੋਂ ਬਾਅਦ ਉਹ ਦਿੱਲੀ 'ਚ ਵੀਰਭਦਰ ਸਿੰਘ ਨੂੰ ਮਿਲੇ ਸਨ ਤੇ ਉੱਥੇ ਆਪਣੀਆਂ ਪੁਰਾਣੀਆਂ ਗ਼ਲਤੀਆਂ ਨੂੰ ਲੈ ਕੇ ਮਾਫ਼ੀ ਮੰਗੀ ਸੀ ਉਨ੍ਹਾਂ ਕਿਹਾ ਕਿ ਉਹ ਆਸ਼ਰਯ ਸ਼ਰਮਾ ਲਈ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਤੇ ਹੋਰ ਆਗੂਆਂ ਤੋਂ ਟਿਕਟ ਮੰਗਦੇ ਰਹੇ ਪਰ ਕਿਸੇ ਨੇ ਉਨ੍ਹਾਂ ਦੀ ਇਕ ਨਾ ਸੁਣੀ। ਅਜਿਹੇ 'ਚ ਉਨ੍ਹਾਂ ਨੂੰ ਮੁੜ ਕਾਂਗਰਸ ਵਿਚ ਪਰਤਣਾ ਪਿਆ। ਆਪਣੇ ਸੰਬੋਧਨ ਦੌਰਾਨ ਸੁਖਰਾਮ ਕਈ ਵਾਰ ਭਾਵੁਕ ਹੋਏ। ਉਨ੍ਹਾਂ ਕਿਹਾ ਕਿ ਭਾਜਪਾ ਕਾਰਨ ਉਨ੍ਹਾਂ ਦੇ ਪੁੱਤਰ ਅਨਿਲ ਸ਼ਰਮਾ ਅੱਜ ਇੱਥੇ ਮੌਜੂਦ ਨਹੀਂ ਹੈ। ਇਨ੍ਹਾਂ ਹਾਲਾਤ 'ਚ ਪਿਤਾ ਦਾ ਅਸ਼ੀਰਵਾਦ ਆਸ਼ਰਯ ਦੇ ਨਾਲ ਹੈ।