ਕਹਿੰਦੇ ਨੇ 'ਪੁਸਤਕ ਹੱਥ ਵਿਚ ਹੋਵੇ ਤਾਂ ਸ਼ਿੰਗਾਰ ਹੁੰਦੀ ਹੈ, ਸਿਰ 'ਤੇ ਚੜ੍ਹ ਜਾਵੇ ਤਾਂ ਹੰਕਾਰ ਹੁੰਦੀ ਹੈ ਪਰ ਜੇ ਦਿਲ ਵਿਚ ਵਸ ਜਾਵੇ ਤਾਂ ਪਿਆਰ ਹੁੰਦੀ ਹੈ।' ਕਿਤਾਬ ਜਾਂ ਪੁਸਤਕ ਸਾਡੇ ਜੀਵਨ ਵਿਚ ਬਹੁਤ ਮਹੱਤਤਾ ਰੱਖਦੀ ਹੈ। ਪੁਸਤਕਾਂ ਪੜ੍ਹ ਕੇ ਲੋਕਾਂ ਦੇ ਜੀਵਨ 'ਚ ਕ੍ਰਾਂਤੀਕਾਰ ਬਦਲਾਅ ਆਉਂਦੇ ਹਨ। ਪਣਡੁੱਬੀ, ਹੈਲੀਕਾਪਟਰ, ਰਾਕਟ, ਪਰਮਾਣੂ ਊਰਜਾ, ਬਣਾਉਟੀ ਹੱਥ ਅਤੇ ਅੱਜ ਦੇ ਸਮੇਂ ਦੀ ਸਭ ਤੋਂ ਮਕਬੂਲ ਅਤੇ ਮੁੱਢਲੀ ਲੋੜ ਬਣ ਚੁੱਕੇ ਮੋਬਾਈਲ ਫੋਨ ਸਮੇਤ ਹੋਰ ਕਈ ਮਹੱਤਵਪੂਰਨ ਉਪਕਰਨਾਂ ਦੀ ਖੋਜ ਪਿੱਛੇ ਵੀ ਕਿਸੇ ਨਾ ਕਿਸੇ ਰੂਪ ਵਿਚ ਪੁਸਤਕ/ਸਾਹਿਤ ਪੜ੍ਹਨ ਤੋਂ ਬਾਅਦ ਪੈਦਾ ਹੋਈ ਪ੍ਰੇਰਨਾ ਹੀ ਸੀ।

ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਿਸ ਤਰ੍ਹਾਂ ਪੱਛਮੀ ਸਮਾਜ ਤੋਂ ਅਸੀਂ ਆਪਣੇ ਕੱਪੜਿਆਂ ਤੋਂ ਲੈ ਕੇ ਰਹਿਣ-ਸਹਿਣ ਅਤੇ ਖਾਣ-ਪੀਣ ਤਕ ਦੀ ਨਕਲ ਕਰਦੇ ਹਾਂ, ਉਸ ਪੱਛਮੀ ਸਮਾਜ ਵਿਚ ਸਾਹਿਤ ਨੂੰ ਆਪਣੀ ਜ਼ਿੰਦਗੀ 'ਚ ਸਭ ਤੋਂ ਅਹਿਮ ਸਥਾਨ ਦਿੱਤਾ ਜਾਂਦਾ ਹੈ। ਕੋਈ ਤਿਉਹਾਰ ਹੋਵੇ ਜਾਂ ਫਿਰ ਖ਼ੁਸ਼ੀ ਦਾ ਕੋਈ ਮੌਕਾ, ਉੱਥੇ ਤੋਹਫੇ ਵਜੋਂ ਕਿਤਾਬਾਂ ਦਾ ਅਦਾਨ-ਪ੍ਰਦਾਨ ਕੀਤਾ ਜਾਂਦਾ ਹੈ। ਕਿਉਂਕਿ ਕਿਤਾਬਾਂ ਸਾਨੂੰ ਦੁਨੀਆ ਦੇ ਵਿਦਵਾਨਾਂ/ਬੁੱਧੀਜੀਵੀਆਂ ਦੇ ਤਜਰਬੇ ਅਤੇ ਦੇਸ਼-ਦੁਨੀਆ ਸਬੰਧੀ ਹਰ ਪੱਖ ਤੋਂ ਹਰ ਵਿਸ਼ੇ 'ਤੇ ਭਰਪੂਰ ਗਿਆਨ ਦਿੰਦੀਆਂ ਹਨ, ਉੱਥੇ ਹੀ ਜ਼ਿੰਦਗੀ ਜਿਊਣ ਦਾ ਢੰਗ ਵੀ ਦੱਸਦੀਆਂ ਹਨ। ਇਹੋ ਕਾਰਨ ਹੈ ਕਿ ਅੰਗਰੇਜ਼ੀ ਦੇ ਪ੍ਰਸਿੱਧ ਵਿਦਵਾਨ ਰਾਬਰਟ ਸਾਊਥੇ ਨੇ ਕਿਹਾ ਸੀ, 'ਪੁਸਤਕਾਂ ਮੇਰੀਆਂ ਸਭ ਤੋਂ ਚੰਗੀਆਂ ਦੋਸਤ ਹਨ ਜੋ ਹਮੇਸ਼ਾ ਦੁੱਖ 'ਚ ਮੈਨੂੰ ਸਹਾਰੇ ਦਾ ਅਤੇ ਦਰਦ 'ਚ ਆਰਾਮ ਦਾ ਅਹਿਸਾਸ ਕਰਾਉਂਦੀਆਂ ਹਨ।'

ਅਸੀਂ ਆਪਣੇ ਸਮਾਜ ਦੀ ਗੱਲ ਕਰੀਏ ਤਾਂ ਪੜ੍ਹਨ ਵਾਲੇ ਪਾਸਿਓਂ ਸਾਡਾ ਆਦਮ ਹੀ ਨਿਰਾਲਾ ਹੈ। ਅਸੀਂ ਆਪਣੀ ਪੜ੍ਹਨ ਵਾਲੀ ਰੁਚੀ ਨੂੰ ਪੈਦਾ ਹੀ ਨਹੀਂ ਹੋਣ ਦਿੰਦੇ। ਵਿਦਿਆਰਥੀ ਵੀ ਆਪਣੇ ਸਿਲੇਬਸ ਦੀਆਂ ਕਿਤਾਬਾਂ ਨੂੰ ਪੜ੍ਹਨ ਵੇਲੇ ਬੜੀ ਔਖ ਮਹਿਸੂਸ ਕਰਦੇ ਹਨ। ਸਿਲੇਬਸ ਤੋਂ ਬਾਹਰਲੀਆਂ ਕਿਤਾਬਾਂ ਪੜ੍ਹਨਾ ਤਾਂ ਉਨ੍ਹਾਂ ਦੇ ਵਸ ਦੀ ਗੱਲ ਹੀ ਨਹੀਂ ਹੁੰਦੀ। ਸਿੱਟੇ ਵਜੋਂ ਸਾਡੇ ਇੱਥੇ ਲਾਇਬ੍ਰੇਰੀਆਂ ਦੀ ਗਿਣਤੀ ਘਟਦੀ ਜਾ ਰਹੀ ਹੈ। ਪ੍ਰਸਿੱਧ ਲੇਖਕ ਗੁਰਬਖਸ਼ ਸਿੰਘ ਪ੍ਰੀਤਲੜੀ ਲਿਖਦੇ ਹਨ, 'ਕਾਨੂੰਨ, ਥਾਣੇ, ਅਦਾਲਤਾਂ, ਜੇਲ੍ਹਾਂ ਆਦਿ ਮਨੁੱਖ ਦੀ ਜ਼ਹਾਲਤ ਅਤੇ ਮੂਰਖਤਾ 'ਚੋਂ ਉਪਜੀਆਂ ਸੰਸਥਾਵਾਂ ਹਨ। ਸਹੀ ਅਰਥਾਂ ਵਿਚ ਸਮਾਜ ਉਦੋਂ ਉੱਨਤੀ ਕਰੇਗਾ ਜਦੋਂ ਅਦਾਲਤਾਂ, ਥਾਣਿਆਂ ਅਤੇ ਜੇਲ੍ਹਾਂ ਨਾਲੋਂ ਸਾਡੀਆਂ ਲਾਇਬ੍ਰੇਰੀਆਂ ਵੱਡੀਆਂ ਅਤੇ ਵਧੇਰੇ ਹੋਣਗੀਆਂ।' ਲਾਇਬ੍ਰੇਰੀਆਂ ਤਾਂ ਹੀ ਵੱਡੀਆਂ ਹੋਣਗੀਆਂ ਜਦੋਂ ਪੜ੍ਹਨ ਵਾਲੇ ਵਧੇਰੇ ਹੋਣਗੇ। ਕਿਤਾਬਾਂ ਬਾਰੇ ਬਾਲ ਗੰਗਾਧਰ ਤਿਲਕ ਕਹਿੰਦੇ ਸਨ, 'ਮੈਂ ਨਰਕ 'ਚ ਵੀ ਚੰਗੀਆਂ ਪੁਸਤਕਾਂ ਦਾ ਸਵਾਗਤ ਕਰਾਂਗਾ ਕਿਉਂਕਿ ਉਨ੍ਹਾਂ 'ਚ ਇਹ ਸ਼ਕਤੀ ਹੈ ਕਿ ਜਿੱਥੇ ਵੀ ਉਹ ਹੋਣਗੀਆਂ, ਉੱਥੇ ਹੀ ਸਵਰਗ ਬਣ ਜਾਵੇਗਾ।' ਪਰ ਸਾਡੇ ਤਾਂ ਇੱਥੇ ਘਰਾਂ ਵਿਚ ਅਖ਼ਬਾਰਾਂ ਵੀ ਲੋਕ ਘੱਟ ਹੀ ਪੜ੍ਹਦੇ ਹਨ।

ਲੋਕਾਂ 'ਚ ਪੁਸਤਕ ਪ੍ਰੇਮ ਪੈਦਾ ਕਰਨ ਲਈ ਇਕ ਖ਼ਾਸ ਦਿਨ ਮਿੱਥ ਲਿਆ ਗਿਆ। ਸਾਰੀ ਦੁਨੀਆ 'ਚ ਪੁਸਤਕ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਲਈ ਵਿਸ਼ਵ ਪੁਸਤਕ ਦਿਵਸ ਮਨਾਉਣ ਦੀ ਸ਼ੁਰੂਆਤ 23 ਅਪ੍ਰੈਲ 1995 ਤੋਂ ਯੂਨੈਸਕੋ ਵੱਲੋਂ ਕੀਤੀ ਗਈ ਸੀ। ਇਸ ਨੂੰ ਵਿਸ਼ਵ ਪੁਸਤਕ ਦਿਵਸ ਜਾਂ ਪੁਸਤਕ ਪ੍ਰਕਾਸ਼ਨ ਅਧਿਕਾਰ ਦੇ ਤੌਰ 'ਤੇ ਮਨਾਇਆ ਜਾਣ ਲੱਗ ਪਿਆ। ਪਹਿਲੀ ਵਾਰ ਪੁਸਤਕ ਦਿਹਾੜਾ 23 ਅਪ੍ਰੈਲ 1923 ਨੂੰ ਸਪੇਨ ਵਿਚ ਮਨਾਇਆ ਗਿਆ ਸੀ। ਜਦਕਿ 1923 ਤੋਂ ਪਹਿਲਾਂ ਇਹ ਦਿਨ ਗ਼ੁਲਾਬ ਦਿਵਸ ਵਜੋਂ ਮਨਾਇਆ ਜਾਂਦਾ ਸੀ ਅਤੇ ਇਸ ਦਿਨ ਲੋਕ ਇਕ-ਦੂਜੇ ਨੂੰ ਗ਼ੁਲਾਬ ਦੇ ਫੁੱਲ ਦਿਆ ਕਰਦੇ ਸਨ ਪਰ ਇਸੇ ਦਿਨ ਸਪੇਨ ਦੇ ਪ੍ਰਸਿੱਧ ਲੇਖਕ ਮਿਗੁਏਲ ਡੇ ਸਰਵਾਂਤੇਸ ਦੀ ਮੌਤ ਹੋ ਗਈ ਸੀ ਜਿਸ ਕਾਰਨ ਇਹ ਦਿਨ ਸਪੇਨ ਦੇ ਲੋਕਾਂ ਨੇ ਸ਼ਰਧਾਂਜਲੀ ਦੇ ਤੌਰ 'ਤੇ ਇਕ-ਦੂਜੇ ਨੂੰ ਪੁਸਤਕਾਂ ਦੇ ਕੇ ਮਨਾਇਆ ਜੋ ਕਿ ਸਮੁੱਚੇ ਵਿਸ਼ਵ 'ਚ ਪੁਸਤਕ ਦਿਵਸ ਮਨਾਉਣ ਦਾ ਪ੍ਰੇਰਨਾਸ੍ਰੋਤ ਬਣਿਆ।

ਇਤਫਾਕਨ 23 ਅਪ੍ਰੈਲ ਦਾ ਦਿਨ ਵਿਸ਼ਵ ਸਾਹਿਤ ਦੇ ਖੇਤਰ ਵਿਚ ਕਈ ਮਹਾਨ ਲੇਖਕਾਂ ਦੇ ਜਨਮ ਅਤੇ ਮੌਤ ਦੇ ਦਿਨ ਨਾਲ ਵੀ ਸਬੰਧ ਰੱਖਦਾ ਹੈ। ਵਿਲੀਅਮ ਸ਼ੈਕਸਪੀਅਰ ਦਾ ਜਨਮ ਅਤੇ ਮੌਤ (1564-1616 ਈਸਵੀ) ਵੀ ਇਸੇ ਦਿਨ ਹੋਈ ਸੀ। ਮਿਗੈਲ ਡੇ ਸਰਵਾਤੇਸ, ਪੇਰੂ ਦੇ ਇੰਕਾ ਗਾਰਸੀਲਾਸੋ ਡੀ ਲਾ ਵੇਗਾ (ਪ੍ਰਸਿੱਧ ਲੇਖਕ 23 ਅਪ੍ਰੈਲ 1616) ਜੌਸੇਪ ਪਲਾ (ਸਪੇਨ ਦਾ ਪੱਤਰਕਾਰ ਅਤੇ ਲੇਖਕ 23 ਅਪ੍ਰੈਲ 1981), ਪੀ.ਐੱਲ. ਟਰੇਵਰਸ (ਆਸਟ੍ਰੇਲੀਆ ਦੀ ਪ੍ਰਸਿੱਧ ਨਾਵਲਕਾਰ ਅਤੇ ਪੱਤਰਕਾਰ 23 ਅਪ੍ਰੈਲ਼ 1996) ਦੇ ਦਿਹਾਂਤ ਇਸ ਦਿਨ ਹੋਏ ਸਨ। ਮਾਰੀਸ ਦਰੂਓ (ਫਰਾਂਸਸੀਸੀ ਸਾਹਿਤਕਾਰ 23 ਅਪ੍ਰੈਲ 1918) ਵਲਾਦੀਮੀਰ ਨਾਬੋਕੋਵ (ਰੂਸੀ-ਅਮਰੀਕੀ ਨਾਵਲਾਕਾਰ), ਮੈਨੁਇਲ ਮੇਜ਼ੀਆ ਵਲੇਜੋ (ਕੋਲੰਬੀਆਈ ਪੱਤਰਕਾਰ ਅਤੇ ਲੇਖਕ 23 ਅਪ੍ਰੈਲ 1923) ਅਤੇ ਹਾਲਦਾਰ ਲੈਕਸਨੈਸ (ਆਈਸਲੈਂਡ ਦਾ ਲੇਖਕ 23 ਅਪ੍ਰੈਲ 1902) ਜਿਹੇ ਕਈ ਹੋਰ ਮਹੱਤਵਪੂਰਨ ਲੇਖਕਾਂ ਦਾ ਜਨਮ ਇਸੇ ਦਿਨ ਹੋਇਆ ਸੀ।

ਹੁਣ 'ਵਿਸ਼ਵ ਪੁਸਤਕ ਦਿਵਸ' ਪੜ੍ਹਨ ਅਤੇ ਪੁਸਤਕ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਜਾਣਿਆ-ਪਛਾਣਿਆ ਦਿਵਸ ਬਣ ਗਿਆ ਹੈ। ਇਹ ਦਿਨ ਇਕ ਸੌ ਤੋਂ ਵੱਧ ਦੇਸ਼ਾਂ ਵਿਚ ਮਨਾਇਆ ਜਾਂਦਾ ਹੈ। ਇਸ ਮੌਕੇ ਯੂਨੈਸਕੋ ਵੱਲੋਂ ਹਰ ਸਾਲ ਵਿਸ਼ਵ ਦੇ ਕਿਸੇ ਇਕ ਦੇਸ਼ ਦੇ ਸ਼ਹਿਰ ਨੂੰ 'ਯੂਨੈਸਕੋ ਵਿਸ਼ਵ ਪੁਸਤਕ ਰਾਜਧਾਨੀ' ਦਾ ਦਰਜਾ ਦਿੱਤਾ ਜਾਂਦਾ ਹੈ। ਉਹ ਸ਼ਹਿਰ ਉਸ ਵਿਸ਼ੇਸ਼ ਸਾਲ 23 ਅਪ੍ਰੈਲ ਤੋਂ ਲੈ ਕੇ ਅਗਲੇ ਸਾਲ 22 ਅਪ੍ਰੈਲ ਤਕ ਇਹ ਦਰਜਾ ਰੱਖਦਾ ਹੈ। ਭਾਰਤ ਦੀ ਰਾਜਧਾਨੀ ਦਿੱਲੀ ਨੂੰ ਸਾਲ 2005 ਵਿਚ ਵਿਸ਼ਵ ਪੁਸਤਕ ਰਾਜਧਾਨੀ ਬਣਨ ਦਾ ਮਾਣ ਪ੍ਰਾਪਤ ਹੋਇਆ ਸੀ।

ਦੋਸਤੋ! ਚੰਗੀ ਕਿਤਾਬ ਰੂਹ ਦੀ ਖ਼ੁਰਾਕ ਹੁੰਦੀ ਹੈ। ਭਾਵੇਂ ਅੱਜਕੱਲ੍ਹ ਦੇ ਇੰਟਰਨੈੱਟ ਦੇ ਜ਼ਮਾਨੇ ਵਿਚ ਹਰ ਵਿਸ਼ੇ 'ਤੇ ਜਾਣਕਾਰੀ ਪ੍ਰਾਪਤ ਕਰਨਾ ਬੜਾ ਸੌਖਾ ਹੋ ਗਿਆ ਹੈ ਪਰ ਪੁਸਤਕਾਂ ਪੜ੍ਹਨ ਦਾ ਇਕ ਆਪਣਾ ਹੀ ਸੁਆਦ ਹੈ। ਇਸ ਲਈ ਆਓ! 23 ਅਪ੍ਰੈਲ ਨੂੰ ਕੋਈ ਵੀ ਨਾਵਲ, ਕਹਾਣੀ, ਕਵਿਤਾ, ਨਾਟਕ ਜਾਂ ਆਪਣੀ ਪਸੰਦ ਦੀ ਕੋਈ ਪੁਸਤਕ ਖ਼ਰੀਦ ਕੇ ਪੜ੍ਹਨਾ ਸ਼ੁਰੂ ਕਰੀਏ। ਆਮੀਨ।

-ਇਕਵਾਕ ਸਿੰਘ ਪੱਟੀ

-ਮੋਬਾਈਲ ਨੰ. : 98150 24920

Posted By: Sukhdev Singh