-ਹਰਪ੍ਰੀਤ ਸਿੰਘ

ਮਨੁੱਖ ਇਕ ਸਮਾਜਿਕ ਪ੍ਰਾਣੀ ਹੈ। ਇਸੇ ਲਈ ਉਹ ਸਮਾਜ ਅਤੇ ਰਿਸ਼ਤੇ-ਨਾਤਿਆਂ ਦੇ ਤਾਣੇ-ਬਾਣੇ ਵਿਚ ਬੱਝਿਆ ਹੋਇਆ ਹੈ। ਸਮਾਂ ਬਦਲਣ ਦੇ ਨਾਲ ਰਿਸ਼ਤਿਆਂ 'ਚ ਵੀ ਬਹੁਤ ਤਬਦੀਲੀ ਆ ਚੁੱਕੀ ਹੈ। ਇਹ ਨਿੱਘਰਦੇ ਜਾ ਰਹੇ ਹਨ।

ਜ਼ਿਆਦਾਤਰ ਰਿਸ਼ਤੇ ਸਿਰਫ਼ ਕਿਸੇ ਲੋੜ ਦੀ ਪੂਰਤੀ, ਕਿਸੇ ਮਜਬੂਰੀ ਜਾਂ ਡਰ ਕਾਰਨ ਹੋਂਦ 'ਚ ਰਹਿੰਦੇ ਹਨ। ਅੱਜਕੱਲ੍ਹ ਤਿੜਕ ਰਹੇ ਰਿਸ਼ਤਿਆਂ ਪਿੱਛੇ ਕਈ ਕਾਰਨ ਹਨ। ਰਿਸ਼ਤਿਆਂ ਵਿਚ ਬਨਾਵਟੀਪਣ ਆ ਚੁੱਕਾ ਹੈ। ਬਹੁਤੀ ਵਾਰ ਤਾਂ ਸਿਰਫ਼ ਲੋਕ-ਲਾਜ ਲਈ ਹੀ ਰਿਸ਼ਤੇ ਨਿਭਾਏ ਜਾਂਦੇ ਹਨ, ਉਨ੍ਹਾਂ ਵਿਚ ਨਿੱਘ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ। ਜ਼ਮੀਨਾਂ-ਜਾਇਦਾਦਾਂ ਤੇ ਪੈਸੇ ਲਈ ਭਰਾ ਆਪਣੇ ਹੀ ਭਰਾ ਜਾਂ ਭੈਣ ਨੂੰ ਮਾਰਨ ਤੋਂ ਸੰਕੋਚ ਨਹੀ ਕਰਦਾ।

ਪਤੀ-ਪਤਨੀ ਦੇ ਰਿਸ਼ਤੇ ਲਾਲਚ ਅਤੇ ਹੰਕਾਰ ਕਾਰਨ ਧੜਾਧੜ ਟੁੱਟ ਰਹੇ ਹਨ। ਹਰ ਇਨਸਾਨ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੈ। ਉਹ ਦੂਜੇ ਤੋਂ ਆਪਣੀਆਂ ਇੱਛਾਵਾਂ ਦੀ ਪੂਰਤੀ ਚਾਹੁੰਦਾ ਹੈ ਪਰ ਆਪਣੇ ਫ਼ਰਜ਼ਾਂ ਤੋਂ ਸੁਚੇਤ ਨਹੀਂ। ਉਹ ਖ਼ੁਦ ਦੂਜੇ ਲਈ ਕੁਝ ਨਹੀਂ ਕਰਨਾ ਚਾਹੁੰਦਾ। ਇਸੇ ਕਾਰਨ ਹਰ ਰਿਸ਼ਤੇ 'ਚ ਪਿਆ ਪਾੜਾ ਘਟਣ ਦੀ ਬਜਾਏ ਵਧਦਾ ਜਾ ਰਿਹਾ ਹੈ। ਗੁਜ਼ਰੇ ਜ਼ਮਾਨੇ ਵੱਲ ਝਾਤ ਮਾਰੀਏ ਤਾਂ ਉਦੋਂ ਲੋਕਾਂ ਦਾ ਜੀਵਨ ਪੱਧਰ ਨੀਵਾਂ ਸੀ। ਗ਼ਰੀਬੀ ਇੰਨੀ ਸੀ ਕਿ ਮੁੱਢਲੀਆਂ ਲੋੜਾਂ ਵੀ ਨਹੀਂ ਸਨ ਪੂਰੀਆਂ ਹੰਦੀਆਂ ਪਰ ਰਿਸ਼ਤੇ ਇੰਨੇ ਗੂੜ੍ਹੇ ਹੁੰਦੇ ਸਨ ਕਿ ਹਰ ਦੁੱਖ ਨੂੰ ਫਿੱਕਾ ਕਰ ਦਿੰਦੇ ਸਨ।

ਉਦੋਂ ਲੋਕ ਬੁਰੇ ਵਕਤ 'ਚ ਕੰਧ ਬਣ ਕੇ ਆਪਣਿਆਂ ਨਾਲ ਖੜ੍ਹਦੇ ਸਨ। ਬਹੁਤੇ ਲੋਕ ਪੜ੍ਹੇ-ਲਿਖੇ ਨਹੀਂ ਸਨ ਪਰ ਫਿਰ ਵੀ ਦਿਲਾਂ 'ਚ ਪਿਆਰ ਦਾ ਦਰਿਆ ਵਗਦਾ ਸੀ। ਜਿਵੇਂ-ਜਿਵੇਂ ਪੜ੍ਹਾਈ-ਲਿਖਾਈ ਦਾ ਪਸਾਰਾ ਵਧਿਆ, ਤਿਵੇਂ-ਤਿਵੇਂ ਰਿਸ਼ਤੇ ਇਸ ਕਦਰ ਰੁਲਣ ਲੱਗੇ ਕਿ ਬੱਚਿਆਂ ਨੂੰ ਇਨ੍ਹਾਂ ਦੀ ਕੀਮਤ ਅਤੇ ਮੋਹ ਦਾ ਪਤਾ ਹੀ ਨਹੀਂ ਰਿਹਾ। ਹੁਣ ਲੋਕ ਭੂਆ, ਮਾਮੀ, ਚਾਚੀ, ਤਾਈ ਤੇ ਮਾਸੀ ਆਦਿ ਸਾਰੇ ਰਿਸ਼ਤਿਆਂ ਨੂੰ ਆਂਟੀ ਅਤੇ ਫੁੱਫੜ, ਮਾਮਾ, ਮਾਸੜ, ਚਾਚਾ, ਤਾਇਆ ਸਭ ਨੂੰ ਅੰਕਲ ਕਹਿਣ ਲੱਗ ਪਏ ਹਨ। ਇਸ ਵਰਤਾਰੇ ਕਾਰਨ ਰਿਸ਼ਤਿਆਂ ਦੀ ਅਹਿਮੀਅਤ ਅਤੇ ਮਿਠਾਸ ਘਟ ਰਹੀ ਹੈ। ਕੋਈ ਵੀ ਰਿਸ਼ਤਾ ਕੁਦਰਤੀ ਮੌਤ ਨਹੀਂ ਮਰਦਾ ਸਗੋਂ ਕਿਸੇ ਸਾਜ਼ਿਸ਼ ਤਹਿਤ ਕਤਲ ਕਰ ਦਿੱਤਾ ਜਾਂਦਾ ਹੈ।

ਕਦੇ ਉਹ ਵਕਤ ਵੀ ਸੀ ਜਦ ਘਰ ਦੇ ਦਸ ਜੀਅ ਹੁੰਦੇ ਸਨ ਪਰ ਕਮਰੇ ਇਕ ਜਾਂ ਦੋ ਹੁੰਦੇ ਸਨ। ਹੁਣ ਘਰ 'ਚ ਜੀਅ ਦੋ ਜਾਂ ਤਿੰਨ ਹੁੰਦੇ ਹਨ ਪਰ ਕਮਰੇ ਪੰਜ-ਛੇ ਹੁੰਦੇ ਹਨ। ਸਾਰੀਆਂ ਬੁਨਿਆਦੀ ਜ਼ਰੂਰਤਾਂ ਵੀ ਪੂਰੀਆਂ ਹੁੰਦੀਆਂ ਹਨ ਪਰ ਇਨਸਾਨ ਮਾਨਸਿਕ ਤੌਰ 'ਤੇ ਉਦਾਸ ਹੈ। ਦੌੜ-ਭੱਜ ਦੀ ਜ਼ਿੰਦਗੀ 'ਚ ਇਨਸਾਨ ਸਵੇਰ ਤੋਂ ਸ਼ਾਮ ਤਕ ਮਸ਼ੀਨ ਵਾਂਗ ਵਿਚਰਦਾ ਹੈ। ਹਰ ਇਨਸਾਨ ਦੇ ਦੋ ਚਿਹਰੇ ਹਨ, ਦਿਨ ਦਾ ਕੁਝ ਅਤੇ ਰਾਤ ਦਾ ਕੁਝ ਹੋਰ। ਹਾਲਾਤ ਨੇ ਇਨਸਾਨ ਨੂੰ ਚੰਗਾ ਅਦਾਕਾਰ ਬਣਾ ਦਿੱਤਾ ਹੈ। ਉਹ ਖ਼ੁਸ਼ ਹੋਣ ਦਾ ਨਾਟਕ ਕਰਦਾ ਹੈ ਪਰ ਅਸਲੋਂ ਨਾਖ਼ੁਸ਼ ਹੈ। ਮਨੁੱਖ ਪੈਸਾ ਇਸ ਲਈ ਕਮਾਉਂਦਾ ਹੈ ਕਿ ਖ਼ੁਸ਼ ਰਹੇ। ਫਿਰ ਸਭ ਕੁਝ ਹੋਣ ਦੇ ਬਾਵਜੂਦ ਉਹ ਅੰਦਰੋਂ ਦੁਖੀ ਹੈ। ਕਿਉਂ?

-ਸੰਪਰਕ : 87279-06513

Posted By: Jagjit Singh