ਅੰਗਰੇਜ਼ ਸਿੰਘ ਹੁੰਦਲ : ਮਹਾਰਾਜਾ ਰਣਜੀਤ ਸਿੰਘ ਨੂੰ ਪੰਜਾਬ ਦੇ ਇਤਿਹਾਸ ਵਿਚ ਦਲੇਰ ਮਹਾਰਾਜੇ ਤੇ ਮਹਾਨ ਸ਼ਖ਼ਸੀਅਤ ਵਜੋਂ ਜਾਣਿਆ ਜਾਂਦਾ ਹੈ। ਇਹ ਵੀ ਤ੍ਰਾਸਦੀ ਰਹੀ ਹੈ ਕਿ ਉਸ ਦੀ ਮਹਾਰਾਣੀ ਜਿੰਦ ਕੌਰ ਅਤੇ ਉਸ ਦੇ ਸਭ ਤੋਂ ਛੋਟ ਪੁੱਤਰ ਮਹਾਰਾਜਾ ਦਲੀਪ ਸਿੰਘ ਦਾ ਜੀਵਨ ਵੀ ਬੇਹੱਦ ਮੁਸੀਬਤਾਂ ਅਤੇ ਚੁਣੌਤੀਆਂ ਨਾਲ ਭਰਿਆ ਹੋਇਆ ਸੀ।

ਮਹਾਰਾਜਾ ਰਣਜੀਤ ਸਿੰਘ ਦੀ ਆਖ਼ਰੀ ਸ਼ਾਦੀ ਬੀਬੀ ਜਿੰਦਾਂ ਨਾਲ ਸੰਨ 1835 ਈਸਵੀ 'ਚ ਹੋਈ ਸੀ। ਬੀਬੀ ਜਿੰਦਾਂ ਨੂੰ ਬਾਅਦ ਵਿਚ ਮਹਾਰਾਣੀ ਜਿੰਦ ਕੌਰ ਦੇ ਨਾਮ ਨਾਲ ਵੀ ਜਾਣਿਆ ਜਾਣ ਲੱਗਾ। ਮਹਾਰਾਣੀ ਜਿੰਦ ਕੌਰ ਦੀ ਕੁੱਖੋਂ (ਮਹਾਰਾਜਾ) ਦਲੀਪ ਸਿੰਘ ਦਾ ਜਨਮ 6 ਸਤੰਬਰ 1838 ਈਸਵੀ ਵਾਲੇ ਦਿਨ ਹੋਇਆ ਸੀ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਵਿਚ ਸਿੱਖਾਂ, ਹਿੰਦੂਆਂ ਤੇ ਮੁਸਲਮਾਨਾਂ ਨੂੰ ਇਕ ਡੋਰ 'ਚ ਪਰੋਈ ਰੱਖਿਆ ਸੀ ਜਿਸ ਕਾਰਨ ਖ਼ਾਲਸਾ ਰਾਜ ਦੀ ਹਰ ਥਾਂ ਸਿਫਤ ਕੀਤੀ ਜਾਂਦੀ ਸੀ।

ਸੰਨ 1839 ਈਸਵੀ 'ਚ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਪਿੱਛੋਂ ਨਿੱਜੀ ਮਨੋਰਥਵਾਦੀਆਂ ਵੱਲੋਂ ਰਾਜ ਹਥਿਆਉਣ ਲਈ ਚਾਰ ਸਾਲਾਂ ਦੇ ਅੰਦਰ ਹੀ ਖ਼ਾਲਸਾ ਰਾਜ ਦੇ ਤਿੰਨ ਜਾਨਸ਼ੀਨਾਂ ਨੂੰ ਕਤਲ ਕਰ ਦਿੱਤਾ ਗਿਆ ਅਤੇ 10 ਸਾਲ ਦੇ ਅੰਦਰ ਹੀ ਗ਼ੱਦਾਰ ਅਤੇ ਖ਼ੁਦਗਰਜ਼ ਦਰਬਾਰੀਆਂ ਤੇ ਸਿੱਖ ਫ਼ੌਜ ਵਿਚਲੇ ਕੁਝ ਕੁ ਮੂੰਹ-ਜ਼ੋਰ ਅਨਸਰਾਂ ਨੇ ਰਲ-ਮਿਲ ਕੇ ਪੰਜਾਹ ਸਾਲਾ ਸਿੱਖ ਰਾਜ ਦਾ ਨਮੋਸ਼ੀ ਭਰਿਆ ਅੰਤ ਕਰ ਦਿੱਤਾ।

ਮਹਾਰਾਜਾ ਸ਼ੇਰ ਸਿੰਘ ਦੀ ਮੌਤ ਪਿੱਛੋਂ ਰਾਣੀ ਜਿੰਦ ਕੌਰ ਦੇ ਪੰਜ ਸਾਲਾ ਪੁੱਤਰ ਮਹਾਰਾਜਾ ਦਲੀਪ ਸਿੰਘ ਦੀ ਸਿੱਖ ਰਾਜ ਦੇ ਵਾਰਿਸ ਵਜੋਂ 16 ਸਤੰਬਰ 1843 ਵਾਲੇ ਦਿਨ ਤਾਜਪੋਸ਼ੀ ਹੋਈ ਅਤੇ ਮਹਾਰਾਣੀ ਜਿੰਦਾਂ ਨੂੰ ਉਸ ਦਾ ਸਰਪ੍ਰਸਤ ਥਾਪ ਦਿੱਤਾ ਗਿਆ। ਇੱਥੇ ਵਰਣਨਯੋਗ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ 'ਚ ਡੋਗਰਿਆਂ ਦੀ ਅਹਿਮ ਭੂਮਿਕਾ ਤੇ ਪ੍ਰਭਾਵ ਰਿਹਾ ਸੀ।

ਸਮਾਂ ਮਿਲਣ 'ਤੇ ਸਿੱਖ ਰਾਜ ਨੂੰ ਹਥਿਆਉਣ ਲਈ ਡੋਗਰਿਆਂ ਨੇ ਫਿਰੰਗੀਆਂ ਨਾਲ ਮਿਲ ਕੇ ਕੋਝੀਆਂ ਹਰਕਤਾਂ ਤਹਿਤ ਸਿੱਖ ਰਾਜ ਨੂੰ ਕਮਜ਼ੋਰ ਕਰਨਾ ਸ਼ੁਰੂ ਕਰ ਦਿੱਤਾ ਸੀ। ਡੋਗਰਿਆਂ ਦੀਆਂ ਸਾਜ਼ਿਸ਼ਾਂ ਸਦਕਾ ਸਿੱਖ ਫ਼ੌਜਾਂ ਮੁਦਕੀ, ਫੇਰੂ ਸ਼ਹਿਰ, ਬੱਦੋਵਾਲ ਅਤੇ ਆਲੀਵਾਲ ਦੀਆਂ ਲੜਾਈਆਂ ਹਾਰ ਚੁੱਕੀਆਂ ਸਨ। ਭਾਵੇਂ ਆਪਣਿਆਂ ਦੇ ਧੋਖਿਆਂ ਕਾਰਨ ਸਿੱਖ ਰਾਜ ਦੀ ਜਿੱਤ ਦਾ ਕੋਈ ਵੀ ਰਸਤਾ ਨਜ਼ਰ ਨਹੀਂ ਸੀ ਆ ਰਿਹਾ, ਫਿਰ ਵੀ ਖ਼ਾਲਸਾ ਫ਼ੌਜ ਆਪਣੀ ਆਨ-ਸ਼ਾਨ ਤੇ ਦੇਸ਼ ਦੀ ਆਜ਼ਾਦੀ ਲਈ ਮਰ-ਮਿਟਣ ਵਾਸਤੇ ਤਿਆਰ-ਬਰ-ਤਿਆਰ ਸੀ।

ਆਖ਼ਰਕਾਰ ਸਿਰ-ਧੜ ਦੀ ਬਾਜ਼ੀ ਜਿੱਤਣ ਲਈ ਸਭਰਾਵਾਂ ਦੇ ਮੈਦਾਨ 'ਚ ਜੂਝਣ ਵਾਸਤੇ ਦੋਵੇਂ ਫ਼ੌਜਾਂ ਇਕ-ਦੂਸਰੇ ਦੇ ਸਾਹਮਣੇ ਆ ਖਲੋਤੀਆਂ ਸਨ। ਮਹਾਰਾਣੀ ਜਿੰਦ ਕੌਰ ਨੇ ਮਹਾਰਾਜਾ ਰਣਜੀਤ ਸਿੰਘ ਦੇ ਪੁਰਾਣੇ ਮਿੱਤਰ, ਰਿਸ਼ਤੇਦਾਰ ਤੇ ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀਵਾਲੇ ਨੂੰ ਇਕ ਦਰਦ ਭਰੀ ਚਿੱਠੀ ਲਿਖ ਕੇ ਮਦਦ ਮੰਗੀ।

ਚਿੱਠੀ ਪੜ੍ਹ ਕੇ ਚਿੱਟੇ ਨੂਰਾਨੀ ਦਾੜ੍ਹੇ ਵਾਲੇ ਸੂਰਬੀਰ ਸ਼ਾਮ ਸਿੰਘ ਅਟਾਰੀਵਾਲੇ ਨੂੰ ਕੌਮੀ ਜੋਸ਼ ਚੜ੍ਹਿਆ ਤੇ ਉਸ ਨੇ ਸਭਰਾਵਾਂ ਦੇ ਨਜ਼ਦੀਕ ਮੈਦਾਨੇ ਜੰਗ 'ਚ ਪੁੱਜ ਕੇ ਲੜਾਈ ਦੀ ਆਖ਼ਰੀ ਰਣਨੀਤੀ ਘੜਨੀ ਸ਼ੁਰੂ ਕਰ ਦਿੱਤੀ ਜਿੱਥੇ ਕਿ ਖ਼ਾਲਸਾ ਤੇ ਫਿਰੰਗੀ ਫ਼ੌਜਾਂ ਨੇ ਜੰਗ ਵਿਚ ਮਰ-ਮਿਟਣ ਦੀ ਤਿਆਰੀ ਕਰ ਰੱਖੀ ਸੀ। ਸਰਦੀ ਦਾ ਮੌਸਮ ਸੀ।

10 ਫਰਵਰੀ 1846 ਵਾਲੇ ਦਿਨ ਤੜਕਸਾਰ ਸ਼ਾਮ ਸਿੰਘ ਨੇ ਸ੍ਰੀ ਗੁਰੁ ਗ੍ਰੰਥ ਸਾਹਿਬ ਦੇ ਸਨਮੁਖ ਅਰਦਾਸ-ਬੇਨਤੀ ਕੀਤੀ। ਖ਼ਾਲਸਾ ਫ਼ੌਜ ਨੂੰ ਸੰਬੋਧਨ ਕਰਦਿਆਂ ਆਪਣੇ ਗੁਰੂਆਂ, ਕੌਮੀ ਸ਼ਹੀਦਾਂ ਦੀਆਂ ਕੁਰਬਾਨੀਆਂ ਤੇ ਕਾਰਨਾਮਿਆਂ ਦੀ ਯਾਦ ਤਾਜ਼ਾ ਕਰਵਾਈ।

ਸਭਰਾਉ (ਜ਼ਿਲ੍ਹਾ : ਫਿਰੋਜ਼ਪੁਰ, ਨੇੜੇ ਕਸਬਾ ਮੱਖੂ) ਦੇ ਮੈਦਾਨੇ ਜੰਗ ਵਿਚ ਅੰਗਰੇਜ਼ ਤੇ ਖ਼ਾਲਸਾ ਫ਼ੌਜਾਂ ਦਰਮਿਆਨ ਆਰ-ਪਾਰ ਦੀ ਗਹਿਗੱਚ ਜੰਗ ਸ਼ੁਰੂ ਹੋ ਗਈ। ਡੋਗਰੇ ਜਰਨੈਲ ਮੈਦਾਨੇ ਜੰਗ 'ਚੋਂ ਆਪਣੀਆਂ ਫ਼ੌਜਾਂ ਨੂੰ ਧੋਖਾ ਦੇ ਕੇ ਨੱਸ ਤੁਰੇ। ਉਹ ਜਾਂਦੇ-ਜਾਂਦੇ ਸਤਲੁਜ ਦਰਿਆ 'ਤੇ ਬਣੇ ਹੋਏ ਬੇੜੀਆਂ ਦੇ ਪੁਲ ਨੂੰ ਵੀ ਤੋੜ ਗਏ ਜਿਸ ਕਾਰਨ ਹਜ਼ਾਰਾਂ ਸਿੱਖ ਫ਼ੌਜੀ ਉੱਥੇ ਪਾਣੀ ਦੇ ਵਹਿਣ 'ਚ ਰੁੜ੍ਹ ਗਏ।

ਘਮਸਾਨ ਦੀ ਇਸ ਲੜਾਈ 'ਚ ਸਰਦਾਰ ਸ਼ਾਮ ਸਿੰਘ ਅਟਾਰੀਵਾਲੇ ਨੇ ਪੂਰੇ ਤਾਣ ਨਾਲ ਗੋਰਿਆਂ ਦੇ ਆਹੂ ਲਾਹੇ ਪਰ ਸਿੱਖ ਰਾਜ ਦੀ ਰਾਖੀ ਲਈ ਕੀਤਾ ਆਪਣਾ ਪ੍ਰਣ ਨਿਭਾਉਂਦਿਆਂ ਉਹ ਸ਼ਹੀਦ ਹੋ ਗਏ। ਜਰਨੈਲ ਤੋਂ ਸੱਖਣੀ ਹੋਈ ਸਿੱਖ ਫ਼ੌਜ ਜੋ ਸ਼ਾਮ ਪੈਣ ਤੋਂ ਪਹਿਲਾਂ ਜਿੱਤ ਰਹੀ ਸੀ, ਉਸ ਦੀ ਅੰਤ ਨੂੰ ਹਾਰ ਹੋ ਗਈ। ਸ਼ਾਹ ਮੁਹੰਮਦ ਲਿਖਦਾ ਹੈ :

'ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ ਜਿਹੜੀਆਂ ਖ਼ਾਲਸੇ ਤੇਗਾਂ ਮਾਰੀਆਂ ਨੇ,

ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ ਫ਼ੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ।'

ਉਧਰ ਪਤੀ ਦੀ ਮੌਤ ਦੀ ਖ਼ਬਰ ਸੁਣਦਿਆ ਹੀ ਸ਼ਾਮ ਸਿੰਘ ਅਟਾਰੀਵਾਲੇ ਦੀ ਪਤਨੀ ਮਾਈ ਦੇਸਾਂ ਨੇ 10 ਫਰਵਰੀ 1846 ਵਾਲੇ ਦਿਨ ਹੀ ਪ੍ਰਾਣ ਤਿਆਗ ਦਿੱਤੇ। ਸ਼ਹੀਦ ਸ਼ਾਮ ਸਿੰਘ ਦਾ ਸਸਕਾਰ ਉਨ੍ਹਾਂ ਦੇ ਪਿੰਡ ਅਟਾਰੀ ਵਿਖੇ 12 ਫਰਵਰੀ 1846 ਨੂੰ ਉਨ੍ਹਾਂ ਦੀ ਪਤਨੀ ਦੀ ਚਿਖਾ ਦੇ ਨੇੜੇ ਕੀਤਾ ਗਿਆ।

ਜੱਥੇਦਾਰ ਸ਼ਾਮ ਸਿੰਘ ਅਟਾਰੀਵਾਲੇ ਦੇ ਸ਼ਹੀਦੀ ਸਥਾਨ 'ਤੇ ਮੌਜੂਦਾ ਸਮੇਂ ਬਾਬਾ ਸ਼ਿੰਦਰ ਸਿੰਘ ਜੀ ਕਾਰ ਸੇਵਾ ਸੰਪਰਦਾਇ ਸਰਹਾਲੀ ਵਲੋਂ ਸੇਵਾ ਕਰਵਾਈ ਜਾ ਰਹੀ ਹੈ। ਸ਼ਾਮ ਸਿੰਘ ਅਟਾਰੀ ਦੀ ਯਾਦ ਵਿਚ 10 ਫਰਵਰੀ ਨੂੰ ਹਰ ਸਾਲ ਸਮਾਗਮ ਕਰਵਾਇਆ ਜਾਂਦਾ ਹੈ। ਜੱਥੇਦਾਰ ਅਟਾਰੀਵਾਲਾ ਦੇ ਨਾਮ 'ਤੇ ਪਿੰਡ ਸਭਰਾਂ ਵਿਖੇ ਸਕੂਲ ਬਣਾਇਆ ਹੋਇਆ ਹੈ।

-ਸੰਪਰਕ. : 98767-85672

Posted By: Arundeep