ਇਸਲਾਮਾਬਾਦ (ਪੀਟੀਆਈ) : ਆਸਟ੍ਰੇਲੀਆ 'ਚ ਇਤਿਹਾਸਕ ਟੈਸਟ ਸੀਰੀਜ਼ ਜਿੱਤਣ 'ਤੇ ਭਾਰਤੀ ਕ੍ਰਿਕੇਟ ਟੀਮ ਨੂੰ ਲਗਾਤਾਰ ਵਧਾਈਆਂ ਮਿਲ ਰਹੀਆਂ ਹਨ। ਹੁਣ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਤੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਇਬ ਅਖ਼ਤਰ ਨੇ ਵੀ ਵਿਰਾਟ ਕੋਹਲੀ ਦੀ ਟੀਮ ਨੂੰ ਵਧਾਈ ਦਿੱਤੀ। ਇਮਰਾਨ ਨੇ ਮੰਗਲਵਾਰ ਟਵੀਟ ਕੀਤਾ ਕਿ ਆਸਟ੍ਰੇਲੀਆ ਵਿਚ ਟੈਸਟ ਸੀਰੀਜ਼ ਵਿਚ ਜਿੱਤ ਦਰਜ ਕਰਨ ਵਾਲੀ ਉੱਪ ਮਹਾਦੀਪ ਦੀ ਪਹਿਲੀ ਟੀਮ ਬਣਨ 'ਤੇ ਵਿਰਾਟ ਕੋਹਲੀ ਤੇ ਭਾਰਤੀ ਕ੍ਰਿਕੇਟ ਟੀਮ ਨੂੰ ਵਧਾਈ। ਇਮਰਾਨ ਖ਼ਾਨ ਦੀ ਅਗਵਾਈ ਵਿਚ ਪਾਕਿਸਤਾਨ ਨੇ 1992 ਵਿਚ ਆਪਣਾ ਇਕਲੌਤਾ ਵਿਸ਼ਵ ਕੱਪ ਜਿੱਤਿਆ ਸੀ। ਇਮਰਾਨ ਨੇ ਆਪਣੇ ਸ਼ਾਨਦਾਰ ਕਰੀਅਰ ਵਿਚ 88 ਟੈਸਟ ਤੇ 175 ਵਨਡੇ ਮੈਚ ਖੇਡੇ ਸਨ। ਉਥੇ ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਇਬ ਅਖ਼ਤਰ ਨੇ ਵੀ ਟਵਿਟਰ 'ਤੇ ਭਾਰਤੀ ਟੀਮ ਲਈ ਆਪਣਾ ਸੁਨੇਹਾ ਲਿਖਿਆ। ਅਖ਼ਤਰ ਨੇ ਲਿਖਿਆ ਕਿ ਆਸਟ੍ਰੇਲੀਆ ਦਾ ਦੌਰਾ ਕਾਫੀ ਮੁਸ਼ਕਲ ਹੁੰਦਾ ਹੈ ਤੇ ਭਾਰਤ ਨੇ ਪੂਰੀ ਸੀਰੀਜ਼ ਵਿਚ ਆਪਣਾ ਦਬਦਬਾ ਬਣਾਈ ਰੱਖਿਆ। ਟੀਮ ਇੰਡੀਆ ਨੂੰ ਆਸਟ੫ੇਲੀਆ ਵਿਚ ਇਤਿਹਾਸਕ ਟੈਸਟ ਸੀਰੀਜ਼ ਜਿੱਤ 'ਤੇ ਵਧਾਈ। ਕ੍ਰਿਕੇਟ ਦੀ ਦੁਨੀਆ ਵਿਚ ਆਸਟ੍ਰੇਲੀਆ ਵਿਚ ਟੈਸਟ ਸੀਰੀਜ਼ ਸਭ ਤੋਂ ਮੁਸ਼ਕਲ ਦੌਰਿਆਂ ਵਿਚ ਸ਼ਾਮਲ ਹੈ। ਇਹ ਇਕ ਸ਼ਾਨਦਾਰ ਕੋਸ਼ਿਸ਼ ਹੈ ਤੇ ਭਾਰਤ ਨੇ ਆਸਟ੍ਰੇਲੀਆ 'ਤੇ ਪੂਰੀ ਸੀਰੀਜ਼ ਵਿਚ ਦਬਾਅ ਬਣਾਈ ਰੱਖਿਆ।