ਨਵੀਂ ਦਿੱਲੀ : ਵਿਦੇਸ਼ੀ ਸਰਾਫ਼ਾ ਬਾਜ਼ਾਰ ਦੇ ਕਮਜ਼ੋਰ ਰੁਝਾਨ ਲਈ ਰਾਸ਼ਟਰੀ ਰਾਜਧਾਨੀ ਦੇ ਸਰਾਫ਼ਾ ਬਾਜ਼ਾਰ ਵਿਚ ਵੀਰਵਾਰ ਨੂੰ ਚਾਂਦੀ 410 ਰੁਪਏ ਦੀ ਭਾਰੀ ਗਿਰਾਵਟ ਨਾਲ 39,300 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ। ਆਲ ਇੰਡੀਆ ਸਰਾਫ਼ਾ ਐਸੋਸੀਏਸ਼ਨ ਮੁਤਾਬਕ ਸੋਨਾ ਵੀ ਮਾਮੂਲੀ ਗਿਰਾਵਟ ਨਾਲ 33,370 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ।

ਸਰਾਫ਼ਾ ਕਾਰੋਬਾਰੀਆਂ ਨੇ ਕਿਹਾ ਕਿ ਸਰਾਫ਼ਾ ਬਾਜ਼ਾਰ 'ਚ ਸੋਨੇ 'ਚ ਸਿਰਫ਼ 15 ਰੁਪਏ ਪ੍ਰਤੀ 10 ਗ੍ਰਾਮ ਦੀ ਗਿਰਾਵਟ ਦਰਜ ਕੀਤੀ ਗਈ। ਵਿਦੇਸ਼ੀ ਬਾਜ਼ਾਰਾਂ 'ਚ ਵੀ ਸੋਨਾ ਅਤੇ ਚਾਂਦੀ 'ਚ ਗਿਰਾਵਟ ਰਹੀ। ਨਿਊਯਾਰਕ 'ਚ ਸੋਨਾ ਡਿੱਗ ਕੇ 1,301.20 ਡਾਲਰ ਪ੍ਰਤੀ ਅੌਂਸ (28.35 ਗ੍ਰਾਮ) 'ਤੇ ਬੰਦ ਹੋਇਆ ਅਤੇ ਚਾਂਦੀ ਵੀ ਗਿਰਾਵਟ ਦੇ ਨਾਲ 15.37 ਡਾਲਰ ਪ੍ਰਤੀ ਅੌਂਸ 'ਤੇ ਬੰਦ ਹੋਈ।

ਰਾਸ਼ਟਰੀ ਰਾਜਧਾਨੀ ਵਿਚ 99.9 ਫ਼ੀਸਦੀ ਖਰਾ ਸੋਨਾ 15 ਰੁਪਏ ਦੀ ਗਿਰਾਵਟ ਨਾਲ 33,370 ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ ਅਤੇ 99.5 ਫ਼ੀਸਦੀ ਖਰਾ ਸੋਨਾ ਵੀ ਇੰਨੀ ਹੀ ਗਿਰਾਵਟ ਦੇ ਨਾਲ 33,200 ਰੁਪਏ ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ। ਅੱਠ ਗ੍ਰਾਮ ਸੋਨੇ ਦੀ ਗਿੰਨੀ ਹਾਲਾਂਕਿ 26,400 ਰੁਪਏ ਹਰੇਕ ਦੇ ਪਿਛਲੇ ਦਿਨ ਦੇ ਭਾਅ 'ਤੇ ਕਾਇਮ ਰਹੀ। ਚਾਂਦੀ ਹਾਜ਼ਰ 410 ਰੁਪਏ ਦੀ ਭਾਰੀ ਗਿਰਾਵਟ ਨਾਲ 39,300 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ ਅਤੇ ਵੀਕਲੀ ਡਿਲੀਵਰੀ 107 ਰੁਪਏ ਦੀ ਗਿਰਾਵਟ ਦੇ ਨਾਲ 38,661 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਈ। ਚਾਂਦੀ ਦੇ ਸਿੱਕਿਆਂ ਦੀ ਕੀਮਤ ਪ੍ਰਤੀ ਸੈਂਕੜਾ 80,000 ਰੁਪਏ ਖ਼ਰੀਦ ਅਤੇ 81,000 ਰੁਪਏ ਵਿਕਰੀ ਦੇ ਪਿਛਲੇ ਪੱਧਰ 'ਤੇ ਕਾਇਮ ਰਹੀ।