ਪੰਜਾਬੀ ਜਾਗਰਣ ਬਿਊਰੋ, ਚੰਡੀਗੜ੍ਹ : ਪੰਜਾਬ ਰਾਜ ਸਹਿਕਾਰੀ ਦੁੱਧ ਉਤਪਾਦਕ ਸੰਘ ਲਿਮਟਿਡ (ਮਿਲਕਫੈੱਡ) ਵੱਲੋਂ ਦੁੱਧ ਉਤਪਾਦਕ ਕਿਸਾਨਾਂ ਤੋਂ ਕੀਤੀ ਜਾਂਦੀ ਦੁੱਧ ਦੀ ਖਰੀਦ ਦੀਆਂ ਕੀਮਤਾਂ ਵਿੱਚ 20 ਰੁਪਏ ਪ੍ਰਤੀ ਕਿਲੋ ਫੈਟ ਦਾ ਵਾਧਾ ਕੀਤਾ ਗਿਆ। ਇਹ ਵਾਧਾ ਅੱਜ 11 ਜੂਨ ਤੋ ਲਾਗੂ ਹੋ ਗਿਆ। ਇਹ ਜਾਣਕਾਰੀ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਇੱਥੇ ਮਿਲਕਫੈੱਡ ਦੇ ਉਚ ਅਧਿਕਾਰੀਆਂ ਨਾਲ ਮੀਟਿੰਗ ਤੋਂ ਬਾਅਦ ਦਿੰਦਿਆਂ ਦੱਸਿਆ ਕਿ ਇਸ ਵਾਧੇ ਦਾ ਮੁੱਖ ਕਾਰਨ ਪਸ਼ੂ ਖੁਰਾਕ ਅਤੇ ਚਾਰੇ ਦੀ ਕੀਮਤਾਂ ਵਿੱਚ ਵਾਧਾ ਹੋਣ ਕਰਕੇ ਦੁੱਧ ਉਤਪਾਦਕਾਂ ਦੇ ਵਧੇ ਖਰਚੇ ਕਾਰਨ ਉਨ੍ਹਾਂ ਨੂੰ ਰਾਹਤ ਦੇਣਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕਾਰਨਾਂ ਦੇ ਮੱਦੇਨਰ ਵੇਰਕਾ ਵੱਲੋਂ ਪਹਿਲਾਂ ਵੀ 21 ਅਪ੍ਰੈਲ ਨੂੰ 10 ਰੁਪਏ ਤੋਂ 20 ਰੁਪਏ ਅਤੇ 21 ਮਈ ਨੂੰ 20 ਰੁਪਏ ਪ੍ਰਤੀ ਕਿਲੋ ਫੈਟ ਵਧਾਏ ਗਏ ਹਨ।

ਇਸ ਮੌਕੇ ਮੀਟਿੰਗ ਵਿੱਚ ਮਿਲਕਫੈੱਡ ਦੇ ਪ੍ਰਬੰਧ ਨਿਰਦੇਕ ਕਮਲਦੀਪ ਸਿੰਘ ਸੰਘਾ ਨੇ ਸਹਿਕਾਰਤਾ ਮੰਤਰੀ ਨੂੰ ਦੱਸਿਆ ਕਿ ਵੇਰਕਾ ਹਮੇਸ਼ਾ ਆਪਣੇ ਦੁੱਧ ਉਤਪਾਦਕਾਂ ਨੂੰ ਉਤਮ ਦੁੱਧ ਪ੍ਰਾਪਤੀ ਕੀਮਤ ਮੁਹੱਈਆ ਕਰਾਉਣ ਵਿੱਚ ਵਿਵਾਸ ਰੱਖਦਾ ਹੈ। ਵੇਰਕਾ ਭਾਈਚਾਰਾ ਆਪਣੇ ਦੁੱਧ ਉਤਪਾਦਕ ਕਿਸਾਨਾਂ ਵਿੱਚ ਆਪਣੇ ਅਦਾਰੇ ਵੇਰਕਾ ਲਈ ਮਲਕੀਅਤ ਦੀ ਭਾਵਨਾ ਉਤਪਨ ਕਰਦਾ ਹੈ ਅਤੇ ਨਾਲ ਹੀ ਉਹਨਾਂ ਵਿੱਚ ਉਤਮ ਕੁਆਲਟੀ ਦਾ ਦੁੱਧ ਪੈਦਾ ਕਰਨ ਦੀ ਜਿੰਮੇਵਾਰੀ ਦੀ ਭਾਵਨਾ ਨੂੰ ਵੀ ਪੈਦਾ ਕਰਦਾ ਹੈ।

ਅਜਿਹਾ ਕਰਨ ਲਈ ਮਿਲਕਫੈੱਡ ਆਪਣੇ ਦੁੱਧ ਉਤਪਾਦਕਾਂ ਨੂੰ ਸਭ ਤੋਂ ਉਤਮ ਦੁੱਧ ਪ੍ਰਾਪਤੀ ਕੀਮਤਾਂ ਦਿੰਦੇ ਹੋਏ ਇਹ ਯਕੀਨੀ ਬਣਾਉਂਦਾ ਹੈ ਕਿ ਦੁੱਧ ਉਤਪਾਦਕ ਉਤਮ ਕੁਆਲਟੀ ਦਾ ਦੁੱਧ ਮੁਹੱਈਆ ਕਰਵਾਉਣ, ਜਿਸ ਨਾਲ ਕਿ ਵੇਰਕਾ ਆਪਣੇ ਖਪਤਕਾਰਾਂ ਨੂੰ ਆਪਣੇ ਦੁੱਧ ਪਦਾਰਥਾਂ ਦੀ ਉਤਮ ਗੁੱਣਵਤਾ ਮੁਹੱਈਆ ਕਰਵਾਵੇ।

Posted By: Jagjit Singh