ਨਵੀਂ ਦਿੱਲੀ (ਪੀਟੀਆਈ) : ਰਾਸ਼ਟਰੀ ਰਾਜਧਾਨੀ 'ਚ ਵੀਰਵਾਰ ਨੂੰ ਚਾਂਦੀ 40 ਰੁਪਏ ਡਿੱਗ ਕੇ 37,850 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ। ਆਲ ਇੰਡੀਆ ਸਰਾਫ਼ਾ ਐਸੋਸੀਏਸ਼ਨ ਮੁਤਾਬਕ ਸੋਨੇ ਦਾ ਭਾਅ ਪਿਛਲੇ ਦਿਨ ਦੇ ਪੱਧਰ 33,570 ਰੁਪਏ ਪ੍ਰਤੀ 10 ਗ੍ਰਾਮ 'ਤੇ ਕਾਇਮ ਰਿਹਾ। ਕਾਰੋਬਾਰੀਆਂ ਨੇ ਕਿਹਾ ਕਿ ਸਥਾਨਕ ਸਰਾਫ਼ਾ ਬਾਜ਼ਾਰ 'ਚ ਸਨਅਤੀ ਇਕਾਈਆਂ ਅਤੇ ਸਿੱਕਾ ਨਿਰਮਾਤਾਵਾਂ ਵੱਲੋਂ ਖ਼ਰੀਦਦਾਰੀ ਘਟਾਏ ਜਾਣ ਨਾਲ ਚਾਂਦੀ 'ਚ ਗਿਰਾਵਟ ਆਈ ਹੈ। ਅਮਰੀਕਾ ਅਤੇ ਚੀਨ ਦਰਮਿਆਨ ਵਪਾਰ ਵਾਰਤਾ 'ਚ ਵਧੀ ਅਨਿਸ਼ਚਿਤਤਾ ਕਾਰਨ ਵਿਦੇਸ਼ੀ ਸਰਾਫ਼ਾ ਬਾਜ਼ਾਰਾਂ 'ਚ ਮਜ਼ਬੂਤੀ ਦੇਖੀ ਗਈ। ਨਿਊਯਾਰਕ 'ਚ ਸੋਨੇ 'ਚ 1,337.20 ਡਾਲਰ ਪ੍ਰਤੀ ਅੌਂਸ (28.35 ਗ੍ਰਾਮ) 'ਤੇ ਅਤੇ ਚਾਂਦੀ 'ਚ 14.90 ਡਾਲਰ ਪ੍ਰਤੀ ਅੌਂਸ 'ਤੇ ਕਾਰੋਬਾਰ ਹੋਇਆ।

ਰਾਸ਼ਟਰੀ ਰਾਜਧਾਨੀ 'ਚ 99.9 ਫ਼ੀਸਦੀ ਖਰਾ ਸੋਨਾ ਬਿਨਾਂ ਕਿਸੇ ਬਦਲਾਅ ਦੇ 33,570 ਰੁਪਏ ਅਤੇ 99.5 ਫ਼ੀਸਦੀ ਖਰਾ ਸੋਨਾ ਵੀ ਬਿਨਾਂ ਕਿਸੇ ਬਦਲਾਅ ਦੇ 33,400 ਰੁਪਏ ਪ੍ਰਤੀ 10 ਗ੍ਰਾਮ ਦੇ ਭਾਅ 'ਤੇ ਕਾਇਮ ਰਿਹਾ। ਅੱਠ ਗ੍ਰਾਮ ਸੋਨੇ ਦੀ ਗਿੰਨੀ ਵੀ 26,700 ਰੁਪਏ ਪ੍ਰਤੀ ਇਕ ਦੇ ਭਾਅ 'ਤੇ ਕਾਇਮ ਰਹੀ। ਬੁੱਧਵਾਰ ਨੂੰ ਸੋਨੇ 'ਚ 200 ਰੁਪਏ ਪ੍ਰਤੀ 10 ਗ੍ਰਾਮ ਦੀ ਮਜ਼ਬੂਤੀ ਦਰਜ ਕੀਤੀ ਗਈ ਸੀ।

ਚਾਂਦੀ ਹਾਜ਼ਰ 40 ਰੁਪਏ ਡਿੱਗ ਕੇ 37,850 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ। ਵੀਕਲੀ ਡਿਲੀਵਰੀ ਵੀ 81 ਰੁਪਏ ਡਿੱਗ ਕੇ 36,825 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਰਹਿ ਗਈ। ਚਾਂਦੀ ਦੇ ਸਿੱਕਿਆਂ ਦੀ ਕੀਮਤ ਪ੍ਰਤੀ ਸੈਂਕੜਾ 80 ਹਜ਼ਾਰ ਰੁਪਏ ਖ਼ਰੀਦ ਅਤੇ 81 ਹਜ਼ਾਰ ਰੁੁਪਏ ਵਿਕਰੀ ਦੇ ਪੱਧਰ 'ਤੇ ਕਾਇਮ ਰਹੀ।