ਅਮਰੀਕਾ ਨੇ ਕਿਹਾ, ਖਲਨਾਇਕ ਹੈ ਮਸੂਦ ਅਜ਼ਹਰ

Updated on: Wed, 08 Nov 2017 07:19 PM (IST)
  
Masood Azhar a bad guy : US

ਅਮਰੀਕਾ ਨੇ ਕਿਹਾ, ਖਲਨਾਇਕ ਹੈ ਮਸੂਦ ਅਜ਼ਹਰ

ਜੈਸ਼-ਏ-ਮੁਹੰਮਦ ਦੇ ਸਰਗਨਾ ਨੂੰ ਕੌਮਾਂਤਰੀ ਅੱਤਵਾਦੀ ਐਲਾਨਣ ਦੀ ਵਕਾਲਤ ਕੀਤੀ

ਵਾਸ਼ਿੰਗਟਨ (ਪੀਟੀਆਈ) :

ਅਮਰੀਕਾ ਨੇ ਪਾਕਿਸਤਾਨ 'ਚ ਰਹਿਣ ਵਾਲੇ ਜੈਸ਼-ਏ-ਮੁਹੰਮਦ ਦੇ ਸਰਗਨਾ ਮਸੂਦ ਅਜ਼ਹਰ ਨੂੰ ਖਲਨਾਇਕ ਦੱਸਿਆ ਹੈ। ਨਾਲ ਹੀ ਕਿਹਾ ਹੈ ਕਿ ਉਸ ਨੂੰ ਕੌਮਾਂਤਰੀ ਅੱਤਵਾਦੀ ਐਲਾਨਿਆ ਜਾਣਾ ਚਾਹੀਦਾ ਹੈ ਜਦਕਿ ਚੀਨ ਪਠਾਨਕੋਟ ਏਅਰਬੇਸ ਅੱਤਵਾਦੀ ਹਮਲੇ ਦੇ ਮਾਸਟਰਮਾਈਂਡ ਮਸੂਦ ਨੂੰ ਅੱਤਵਾਦੀ ਐਲਾਨਣ ਦੀ ਕੋਸ਼ਿਸ਼ 'ਚ ਰੁਕਾਵਟ ਪਾ ਦਿੰਦਾ ਹੈ। ਪਿਛਲੇ ਹਫ਼ਤੇ ਚੀਨ ਨੇ ਉਸ ਨੂੰ ਕੌਮਾਂਤਰੀ ਅੱਤਵਾਦੀ ਸੂਚੀ ਵਿਚ ਸ਼ਾਮਿਲ ਕਰਨ ਦੀ ਅਮਰੀਕਾ, ਫਰਾਂਸ ਅਤੇ ਬਰਤਾਨੀਆ ਦੀ ਤਜਵੀਜ਼ ਨੂੰ ਚੌਥੀ ਵਾਰ ਰੋਕ ਦਿੱਤਾ। ਮਸੂਦ ਦਾ ਸੰਗਠਨ ਜੈਸ਼-ਏ-ਮੁਹੰਮਦ ਪਾਬੰਦੀਸ਼ੁਦਾ ਅੱਤਵਾਦੀ ਸੰਗਠਨਾਂ ਦੀ ਸੰਯੁਕਤ ਰਾਸ਼ਟਰ ਸੂਚੀ ਵਿਚ ਸ਼ਾਮਿਲ ਹੈ।

ਅਮਰੀਕੀ ਵਿਦੇਸ਼ ਮੰਤਰਾਲੇ ਦੀ ਤਰਜਮਾਨ ਹੀਦਰ ਨੌਅਰਟ ਨੇ ਬੁੱਧਵਾਰ ਨੂੰ ਕਿਹਾ ਕਿ ਨਿਸ਼ਚਿਤ ਰੂਪ ਨਾਲ ਸਾਡਾ ਮੰਨਣਾ ਹੈ ਕਿ ਮਸੂਦ ਇਕ ਖਲਨਾਇਕ ਹੈ। ਅਸੀਂ ਚਾਹੁੰਦੇ ਹਾਂ ਕਿ ਉਸ ਦਾ ਨਾਂ ਕੌਮਾਂਤਰੀ ਅੱਤਵਾਦੀਆਂ ਦੀ ਸੂਚੀ ਵਿਚ ਹੋਵੇ। ਨੌਅਰਟ ਪ੍ਰੈੱਸ ਕਾਨਫਰੰਸ ਦੌਰਾਨ ਚੀਨ ਵੱਲੋਂ ਚੁੱਕੇ ਗਏ ਕਦਮ ਦੇ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦੇ ਰਹੇ ਸਨ। ਉਨ੍ਹਾਂ ਕਿਹਾ ਕਿ ਮਸੂਦ ਅਤੇ ਉਸ ਦੇ ਸੰਗਠਨ ਨੂੰ ਪਾਬੰਦੀ ਵਾਲੀ ਸੂਚੀ ਵਿਚ ਸ਼ਾਮਿਲ ਕਰਨ ਲਈ ਕਮੇਟੀ 'ਚ ਚਰਚਾ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਜੈਸ਼ ਨੂੰ ਅਮਰੀਕੀ ਕਾਨੂੰਨ ਤਹਿਤ ਵਿਦੇਸ਼ੀ ਅੱਤਵਾਦੀ ਸੰਗਠਨ ਮੰਨਦੇ ਹਾਂ।

ਜ਼ਿਕਰਯੋਗ ਹੈ ਕਿ ਯੂਐੱਨ ਸੁਰੱਖਿਆ ਪ੍ਰੀਸ਼ਦ ਦੇ ਸਥਾਈ ਮੈਂਬਰ ਚੀਨ ਨੇ ਪ੍ਰੀਸ਼ਦ ਨੂੰ ਅਲਕਾਇਦਾ ਪਾਬੰਦੀ ਕਮੇਟੀ ਦੇ ਤਹਿਤ ਮਸੂਦ ਅਜ਼ਹਰ ਨੂੰ ਕੌਮਾਂਤਰੀ ਅੱਤਵਾਦੀ ਐਲਾਨਣ ਦੀ ਭਾਰਤ ਦੀ ਤਜਵੀਜ਼ ਨੂੰ ਕਈ ਵਾਰ ਰੋਕ ਦਿੱਤਾ। ਉਸ ਨੇ ਅਗਸਤ ਵਿਚ ਜੈਸ਼ ਸਰਗਨਾ ਨੂੰ ਕੌਮਾਂਤਰੀ ਅੱਤਵਾਦੀ ਦੀ ਸੂਚੀ ਵਿਚ ਸ਼ਾਮਿਲ ਕਰਨ ਦੀ ਅਮਰੀਕਾ, ਫਰਾਂਸ ਅਤੇ ਬਰਤਾਨੀਆ ਹਮਾਇਤੀ ਤਜਵੀਜ਼ ਨੂੰ ਤਕਨੀਕੀ ਰੂਪ ਨਾਲ ਤਿੰਨ ਮਹੀਨੇ ਲਈ ਰੋਕ ਦਿੱਤਾ ਸੀ। ਇਸ ਤੋਂ ਪਹਿਲਾਂ ਫਰਵਰੀ 'ਚ ਚੀਨ ਨੇ ਇਸ ਸਬੰਧ 'ਚ ਤਜਵੀਜ਼ ਨੂੰ ਰੋਕਿਆ ਸੀ। ਕੌਮਾਂਤਰੀ ਅੱਤਵਾਦੀ ਦੀ ਸੂਚੀ ਵਿਚ ਸ਼ਾਮਿਲ ਹੋਣ 'ਤੇ ਮਸੂਦ ਅਜ਼ਹਰ ਦੀ ਜਾਇਦਾਦ ਜ਼ਬਤ ਹੋ ਜਾਵੇਗੀ ਅਤੇ ਉਸ 'ਤੇ ਯਾਤਰਾ ਪਾਬੰਦੀ ਲੱਗ ਜਾਵੇਗੀ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Masood Azhar a bad guy : US