ਵਕਾਰ ਕਾਇਮ ਰੱਖਣ ਉਤਰੇਗੀ ਮੁੰਬਈ

Updated on: Fri, 21 Apr 2017 06:54 PM (IST)
  

ਚੁਣੌਤੀ

-ਦਿੱਲੀ ਡੇਅਰਡੇਵਿਲਜ਼ ਨਾਲ ਅੱਜ ਹੋਵੇਗਾ ਮੁਕਾਬਲਾ

-ਲਗਾਤਾਰ ਪੰਜ ਮੈਚ ਜਿੱਤ ਚੁੱਕੇ ਹਨ ਇੰਡੀਅਨਜ਼

ਮੁੰਬਈ (ਪੀਟੀਆਈ) : ਲਗਾਤਾਰ ਪੰਜ ਜਿੱਤਾਂ ਤੋਂ ਬਾਅਦ ਆਤਮਵਿਸ਼ਵਾਸ ਨਾਲ ਭਰੀ ਮੁੰਬਈ ਇੰਡੀਅਨਜ਼ ਸ਼ਨਿਚਰਵਾਰ ਨੂੰ ਜਦ ਇੱਥੇ ਆਈਪੀਐੱਲ-10 ਦੇ ਮੁਕਾਬਲੇ 'ਚ ਸੰਘਰਸ਼ ਕਰ ਰਹੀ ਦਿੱਲੀ ਡੇਅਰਡੇਵਿਲਜ਼ ਖ਼ਿਲਾਫ਼ ਮੈਦਾਨ 'ਤੇ ਉਤਰੇਗੀ ਤਾਂ ਉਸ ਦਾ ਇਰਾਦਾ ਆਪਣਾ ਵਕਾਰ ਕਾਇਮ ਰੱਖਣ ਦਾ ਹੋਵੇਗਾ।

ਮੁੰਬਈ ਦੀ ਤਾਕਤ ਬੱਲੇਬਾਜ਼ੀ :

ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਮੁੰਬਈ ਨੇ ਵੀਰਵਾਰ ਨੂੰ ਇੰਦੌਰ 'ਚ 199 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਇੰਗਲਿਸ਼ ਬੱਲੇਬਾਜ਼ ਜੋਸ ਬਟਲਰ ਦੀਆਂ 37 ਗੇਂਦਾਂ ਤੇ 77 ਦੌੜਾਂ ਦੀ ਬਦੌਲਤ ਕਿੰਗਜ਼ ਇਲੈਵਨ ਪੰਜਾਬ ਨੂੰ ਅੱਠ ਵਿਕਟਾਂ ਨਾਲ ਧੂੜ ਚਟਾਈ ਸੀ। ਮੁੰਬਈ ਦੀ ਟੀਮ ਆਰੈਂਜ ਕੈਪ ਹਾਸਿਲ ਨਿਤੀਸ਼ ਰਾਣਾ ਦੇ ਪ੍ਰਦਰਸ਼ਨ ਤੋਂ ਵੀ ਖ਼ੁਸ਼ ਹੋਵੇਗੀ। ਪਿਛਲੇ ਮੈਚ 'ਚ ਅਜੇਤੂ ਅਰਧ ਸੈਂਕੜੇ ਸਮੇਤ ਰਾਣਾ ਇਸ ਸੈਸ਼ਨ 'ਚ ਹੁਣ ਤਕ 255 ਦੌੜਾਂ ਬਣਾ ਚੁੱਕੇ ਹਨ। ਰੋਹਿਤ ਨਾਲ ਰਾਣਾ, ਪਾਂਡਿਆ ਭਰਾ, ਵਿਕਟਕੀਪਰ ਪਾਰਥਿਵ ਪਟੇਲ ਤੇ ਬਟਲਰ ਲੈਅ 'ਚ ਹਨ ਜੋ ਕਿਸੇ ਵੀ ਵਿਰੋਧੀ ਟੀਮ ਲਈ ਚਿੰਤਾ ਦੀ ਗੱਲ ਹੋ ਸਕਦੇ ਹਨ। ਮੁੰਬਈ ਟੀਚਾ ਤੈਅ ਕਰਨ ਦੀ ਬਜਾਏ ਉਸ ਦਾ ਪਿੱਛਾ ਕਰਨਾ ਪਸੰਦ ਕਰ ਸਕਦੀ ਹੈ ਕਿਉਂਕਿ ਉਸ ਨੇ ਅਜੇ ਤਕ ਪੰਜ ਜਿੱਤਾਂ ਬਾਅਦ 'ਚ ਬੱਲੇਬਾਜ਼ ਕਰਦੇ ਹੋਏ ਹਾਸਿਲ ਕੀਤੀਆਂ ਹਨ। ਘਰੇਲੂ ਟੀਮ ਲਈ ਸਭ ਤੋਂ ਚੰਗੀ ਗੱਲ ਇਹ ਹੈ ਕਿ ਉਹ ਕਿਸੇ ਇਕ ਬੱਲੇਬਾਜ਼ 'ਤੇ ਨਿਰਭਰ ਨਹੀਂ ਹੈ। ਸਾਰਿਆਂ ਨੇ ਦੌੜਾਂ ਬਣਾਈਆਂ ਹਨ।

ਗੇਂਦਬਾਜ਼ੀ ਚਿੰਤਾ ਦੀ ਗੱਲ :

ਜਿੱਥੇ ਤਕ ਮੁੰਬਈ ਦੇ ਗੇਂਦਬਾਜ਼ਾਂ ਦੀ ਗੱਲ ਹੈ ਤਾਂ ਗੁਜਰਾਤ ਲਾਇਨਜ਼ ਤੇ ਪੰਜਾਬ ਖ਼ਿਲਾਫ਼ ਉਨ੍ਹਾਂ ਨੇ ਕਾਫੀ ਦੌੜਾਂ ਦਿੱਤੀਆਂ ਸਨ। ਇਹ ਜ਼ਰੂਰ ਟੀਮ ਮੈਨੇਜਮੈਂਟ ਲਈ ਚਿੰਤਾ ਦੀ ਗੱਲ ਹੋਵੇਗੀ। ਟੀਮ ਕੋਲ ਲਸਿਥ ਮਲਿੰਗਾ, ਹਰਭਜਨ ਸਿੰਘ, ਜਸਪ੍ਰੀਤ ਬੁਮਰਾਹ ਵਰਗੇ ਗੇਂਦਬਾਜ਼ ਹਨ ਜੋ ਦਬਾਅ ਬਣਾਉਣ ਦੇ ਯੋਗ ਹਨ। ਇਸ ਮੈਚ ਲਈ ਮਲਿੰਗਾ ਦੀ ਥਾਂ ਕੀਵੀ ਤੇਜ਼ ਗੇਂਦਬਾਜ਼ ਟਿਮ ਸਾਉਦੀ ਨੂੰ ਉਤਾਰਿਆ ਜਾ ਸਕਦਾ ਹੈ।

ਦਿੱਲੀ ਦੀ ਉਮੀਦ :

ਦਿੱਲੀ ਲਈ ਨੌਜਵਾਨ ਬੱਲੇਬਾਜ਼ ਸੰਜੂ ਸੈਮਸਨ ਤੇ ਰਿਸ਼ਭ ਪੰਤ ਨੇ ਚੰਗਾ ਯੋਗਦਾਨ ਦਿੱਤਾ ਹੈ, ਪਰ ਟੀਮ ਨੂੰ ਸਿਖਰਲੇ ਨੰਬਰ 'ਚ ਸੈਮ ਬਿੰਲਿਗਜ਼ ਤੇ ਕਰੁਣ ਨਾਇਰ ਤੋਂ ਚੰਗੇ ਪ੍ਰਦਰਸ਼ਨ ਦੀ ਉਮੀਦ ਹੈ। ਪਿਛਲੇ ਮੈਚ 'ਚ ਬਿਲਿੰਗਜ਼ ਦੀ ਨਾਕਾਮੀ ਚਿੰਤਾ ਦੀ ਗੱਲ ਹੈ। ਉਨ੍ਹਾਂ ਨੂੰ ਸੈਮਸਨ ਨਾਲ ਮਿਲ ਕੇ ਟੀਮ ਨੂੰ ਚੰਗੀ ਸ਼ੁਰੂਆਤ ਦੇਣੀ ਪਵੇਗੀ ਖ਼ਾਸ ਤੌਰ 'ਤੇ ਬੱਲੇਬਾਜ਼ਾਂ ਲਈ ਮਦਦਗਾਰ ਵਾਨਖੇੜੇ ਦੀ ਪਿੱਚ 'ਤੇ। ਸ਼੍ਰੇਅਸ ਅਈਅਰ ਤੋਂ ਵੀ ਚੰਗੇ ਪ੍ਰਦਰਸ਼ਨ ਦੀ ਉਮੀਦ ਹੋਵੇਗੀ ਜੋ ਇੱਥੇ ਦੇ ਹਾਲਾਤ ਤੋਂ ਚੰਗੀ ਤਰ੍ਹਾਂ ਵਾਕਫ਼ ਹਨ। ਦੇਖਣਾ ਦਿਲਚਸਪ ਹੋਵੇਗਾ ਕਿ ਖ਼ਰਾਬ ਲੈਅ ਨਾਲ ਜੂਝ ਰਹੇ ਏਂਜੇਲੋ ਮੈਥਿਊਜ ਨੂੰ ਮੌਕਾ ਮਿਲਦਾ ਹੈ ਜਾਂ ਨਹੀਂ। ਟੀਮ ਦੀ ਗੇਂਦਬਾਜ਼ੀ ਦਾ ਦਾਰੋਮਦਾਰ ਿਯਸ ਮਾਰਿਸ, ਕਪਤਾਨ ਜ਼ਹੀਰ ਖਾਨ ਤੇ ਪੈਟ ਕਮਿੰਸ ਦੇ ਮੋਿਢਆਂ 'ਤੇ ਹੋਵੇਗਾ। ਇਸ ਪਿੱਚ 'ਤੇ ਲੈੱਗ ਸਪਿੰਨਰ ਅਮਿਤ ਮਿਸ਼ਰਾ ਮਹੱਤਵਪੂਰਨ ਭੂਮਿਕਾ ਨਿਭਾਅ ਸਕਦੇ ਹਨ।

ਮੋਬਾਈਲ ‘ਤੇ ਤਾਜਾ ਖਬਰਾਂ, ਫੋਟੋ, ਵੀਡੀਓ ਅਤੇ ਲਾਈਵ ਸਕੋਰ ਦੇਖਣ ਲਈ ਜਾਓ m.jagran.com ‘ਤੇ

Tags: 

Web Title: Mumbai eye another dominating show against Daredevils